ਪੁਲੀਸ ਨਾਲ ਹੱਥੋਪਾਈ ਸਬੰਧੀ ਵੀਡੀਓ ਵਾਇਰਲ

ਸੈਕਟਰ-34 ਦੇ ਪਾਰਕਿੰਗ ਏਰੀਆ ਵਿਚ ਇਕ ਨੌਜਵਾਨ ਵੱਲੋਂ ਪੁਲੀਸ ਅਧਿਕਾਰੀ ਨਾਲ ਹੱਥੋਪਾਈ ਕੀਤੀ ਗਈ। ਮੌਕੇ ’ਤੇ ਹਾਜ਼ਰ ਲੋਕਾਂ ਨੇ ਇਸ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਪਾ ਦਿੱਤੀ ਹੈ। ਵੀਡੀਓ ਵਾਇਰਲ ਹੋਣ ਮਗਰੋਂ ਚੰਡੀਗੜ੍ਹ ਪੁਲੀਸ ਹਰਕਤ ਵਿਚ ਆਈ ਅਤੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ। ਵੇਰਵਿਆਂ ਅਨੁਸਾਰ ਸੈਕਟਰ-34 ਦੀ ਪਾਰਕਿੰਗ ਵਿਚ ਟਰੈਫਿਕ ਪੁਲੀਸ ਇੰਚਾਰਜ ਨਾਜਾਇਜ਼ ਖੜ੍ਹੇ ਵਾਹਨਾਂ ਖ਼ਿਲਾਫ਼ ਕਾਰਵਾਈ ਕਰ ਰਿਹਾ ਸੀ ਤਾਂ ਇਕ ਨੌਜਵਾਨ ਨੇ ਪੁਲੀਸ ਅਧਿਕਾਰੀ ਨਾਲ ਝਗੜਨਾ ਸ਼ੁਰੂ ਕਰ ਦਿੱਤਾ। ਵਿਵਾਦ ਇੰਨਾ ਵੱਧ ਗਿਆ ਕਿ ਨੌਜਵਾਨ ਨੇ ਪੁਲੀਸ ਅਧਿਕਾਰੀ ’ਤੇ ਹਮਲਾ ਕਰ ਦਿੱਤਾ। ਪੁਲੀਸ ਅਨੁਸਾਰ ਗ੍ਰਿਫ਼ਤਾਰ ਕੀਤੇ ਨੌਜਵਾਨ ਦੀ ਪਛਾਣ ਰਣਜੀਤ ਵਜੋਂ ਹੋਈ ਹੈ। ਉਸ ਨੂੰ ਅੱਜ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਡੀਐੱਸਪੀ ਚਰਨਜੀਤ ਸਿੰਘ ਨੇ ਦੱਸਿਆ ਕਿ ਇਹ ਘਟਨਾ ਵੀਰਵਾਰ ਨੂੰ ਵਾਪਰੀ। ਇਸ ਮਾਮਲੇ ਦੀ ਜਾਂਚ ਡੀਐੱਸਪੀ (ਸਾਊਥ) ਹਰਜੀਤ ਕੌਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਵੱਲੋਂ ਪੁਲੀਸ ’ਤੇ ਲਗਾਏ ਗਏ ਧੱਕੇਸ਼ਾਹੀ ਦੇ ਦੋਸ਼ਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਦੇ ਵੇਰਵਿਆਂ ਅਨੁਸਾਰ ਟਰੈਫ਼ਿਕ ਪੁਲੀਸ ਇੰਚਾਰਜ ਪਿਕਾਡਲੀ ਥੀਏਟਰ ਨੇੜੇ ਸੜਕਾਂ ’ਤੇ ਖੜ੍ਹੇ ਵਾਹਨਾਂ ਨੂੰ ਕਲੈਂਪ ਲਗਾ ਰਹੇ ਸਨ ਤਾਂ ਮੁਲਜ਼ਮ ਨੇ ਪੁਲੀਸ ਦੀ ਇਸ ਕਾਰਵਾਈ ’ਤੇ ਇਤਰਾਜ਼ ਜਤਾਇਆ। ਪੁਲੀਸ ਨੇ ਜਦੋਂ ਅਣਅਧਿਕਾਰਤ ਖੇਤਰ ਵਿਚ ਖੜ੍ਹੀ ਇਸ ਨੌਜਵਾਨ ਦੀ ਕਾਰ ਦਾ ਚਲਾਨ ਕੀਤਾ ਤਾਂ ਉਹ ਪੁਲੀਸ ਨਾਲ ਖਹਿਬੜ ਪਿਆ।

Previous articleਸਮ੍ਰਿਤੀ ਨੇ ਵਿਦਿਅਕ ਯੋਗਤਾ ਬਾਰੇ ਝੂਠ ਬੋਲਿਆ: ਕਾਂਗਰਸ
Next articleਜੱਲ੍ਹਿਆਂਵਾਲਾ ਬਾਗ਼ ਵਿਚ ਹੋਵੇਗਾ ਤ੍ਰੈ-ਭਾਸ਼ੀ ਰੋਸ਼ਨੀ ਤੇ ਆਵਾਜ਼ ਸ਼ੋਅ