ਜੰਮੂ ਬੱਸ ਸਟੈਂਡ ’ਤੇ ਗ੍ਰਨੇਡ ਹਮਲਾ, ਇੱਕ ਹਲਾਕ, 32 ਜ਼ਖ਼ਮੀ

ਸ਼ਹਿਰ ਦੇ ਅੱਧ ਵਿਚਕਾਰ ਪੈਂਦੇ ਭੀੜ-ਭੱੜਕੇ ਵਾਲੇ ਬੱਸ ਸਟੈਂਡ ’ਤੇ ਅੱਜ ਸ਼ੱਕੀ ਦਹਿਸ਼ਤਗਰਦਾਂ ਵੱਲੋਂ ਕੀਤੇ ਗਏ ਗ੍ਰਨੇਡ ਹਮਲੇ ’ਚ 17 ਵਰ੍ਹਿਆਂ ਦਾ ਨੌਜਵਾਨ ਹਲਾਕ ਹੋ ਗਿਆ ਜਦਕਿ 32 ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਪੁਲੀਸ ਨੇ ਧਮਾਕੇ ਦੇ ਸਬੰਧ ’ਚ ਇੱਕ ਮਸ਼ਕੂਕ ਜਾਵਿਦ ਭੱਟ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਹ ਹਿਜ਼ਬੁਲ ਮੁਜਾਹਿਦੀਨ ਦੇ ਕੁਲਗਾਮ ਕਮਾਂਡਰ ਫਾਰੂਕ ਅਹਿਮਦ ਭੱਟ ਦੇ ਸੰਪਰਕ ’ਚ ਸੀ। ਜੰਮੂ ਦੇ ਆਈਜੀ ਐਮ ਕੇ ਸਿਨਹਾ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਅਤੇ ਪ੍ਰਤੱਖਦਰਸ਼ੀਆਂ ਦੇ ਬਿਆਨਾਂ ਦੇ ਆਧਾਰ ’ਤੇ ਨਗਰੋਟਾ ’ਚ ਟੋਲ ਪਲਾਜ਼ਾ ਤੋਂ ਫੜਿਆ ਗਿਆ ਹੈ। ਪੁੱਛ-ਗਿੱਛ ’ਚ ਉਸ ਨੇ ਦੱਸਿਆ ਕਿ ਫਾਰੂਕ ਨੇ ਉਸ ਨੂੰ ਗ੍ਰਨੇਡ ਦੇ ਕੇ ਭੇਜਿਆ ਸੀ। ਪਿਛਲੇ ਸਾਲ ਮਈ ਤੋਂ ਜੰਮੂ ਬੱਸ ਸਟੈਂਡ ’ਤੇ ਦਹਿਸ਼ਤਗਰਦਾਂ ਵੱਲੋਂ ਇਹ ਤੀਜਾ ਗ੍ਰਨੇਡ ਹਮਲਾ ਕੀਤਾ ਗਿਆ ਹੈ। ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਜੰਮੂ ’ਚ ਫਿਰਕੂ ਸਦਭਾਵਨਾ ਅਤੇ ਸ਼ਾਂਤੀ ਦੇ ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ਼ ਤਹਿਤ ਇਹ ਹਮਲਾ ਕੀਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਹਰਿਦੁਆਰ (ਉੱਤਰਾਖੰਡ) ਦੇ ਮੁਹੰਮਦ ਸ਼ਾਰਿਕ (17) ਅਤੇ 32 ਹੋਰ ਵਿਅਕਤੀਆਂ ਨੂੰ ਹਸਪਤਾਲ ਲਿਆਂਦਾ ਗਿਆ ਸੀ। ਸ਼ਾਰਿਕ ਜ਼ਖ਼ਮਾਂ ਦੀ ਤਾਬ ਨਾ ਸਹਿੰਦਿਆਂ ਦਮ ਤੋੜ ਗਿਆ। ਉਨ੍ਹਾਂ ਦੱਸਿਆ ਕਿ ਚਾਰ ਹੋਰ ਜ਼ਖ਼ਮੀਆਂ ਦੀ ਹਾਲਤ ਗੰਭੀਰ ਹੈ ਜਿਨ੍ਹਾਂ ’ਚੋਂ ਦੋ ਦਾ ਅਪਰੇਸ਼ਨ ਕੀਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਜ਼ਖ਼ਮੀਆਂ ’ਚ 11 ਕਸ਼ਮੀਰ, ਦੋ ਬਿਹਾਰ ਅਤੇ ਇਕ-ਇਕ ਛੱਤੀਸਗੜ੍ਹ ਅਤੇ ਹਰਿਆਣਾ ਦੇ ਵਸਨੀਕ ਹਨ। ਹਸਪਤਾਲ ’ਚ ਜ਼ੇਰੇ ਇਲਾਜ ਪਰਾਗਵਾਲ ਇਲਾਕੇ ਦੇ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਪਤਨੀ ਨੂੰ ਪੰਜਾਬ ਦੀ ਬੱਸ ਚੜ੍ਹਾਉਣ ਲਈ ਆਏ ਸਨ ਤਾਂ ਲੋਕਾਂ ਦੀ ਭੀੜ ਵਾਲੀ ਥਾਂ ’ਤੇ ਧਮਾਕਾ ਹੋਇਆ। ਦੋਵੇਂ ਮੀਆਂ-ਬੀਵੀ ਦਾ ਸਰਕਾਰੀ ਮੈਡੀਕਲ ਕਾਲਜ ਹਸਪਤਾਲ ’ਚ ਇਲਾਜ ਚਲ ਰਿਹਾ ਹੈ। ਕੁਲਦੀਪ ਸਿੰਘ ਨੇ ਕਿਹਾ ਕਿ ਕਿਸੇ ਨੇ ਕੋਈ ਵਸਤੂ ਸੁੱਟੀ ਜਿਸ ਨਾਲ ਜ਼ੋਰਦਾਰ ਧਮਾਕਾ ਹੋਇਆ। ਆਈਜੀ ਸਿਨਹਾ ਨੇ ਦੱਸਿਆ ਕਿ ਮੁੱਢਲੀ ਤਫ਼ਤੀਸ਼ ਤੋਂ ਪਤਾ ਲੱਗਾ ਹੈ ਕਿ ਕਿਸੇ ਨੇ ਦੁਪਹਿਰ ਸਮੇਂ ਬੱਸ ਸਟੈਂਡ ’ਤੇ ਗ੍ਰਨੇਡ ਸੁੱਟਿਆ ਸੀ ਜਿਸ ਕਾਰਨ ਧਮਾਕਾ ਹੋਇਆ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਬੀ ਸੀ ਰੋਡ ਸਮੇਤ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਅਤੇ ਗ੍ਰਨੇਡ ਸੁੱਟਣ ਵਾਲੇ ਦੀ ਭਾਲ ਸ਼ੁਰੂ ਕਰ ਦਿੱਤੀ। ਧਮਾਕੇ ਕਾਰਨ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਨੂੰ ਨੁਕਸਾਨ ਹੋਇਆ ਜਿਸ ਕਾਰਨ ਲੋਕਾਂ ’ਚ ਹਫੜਾ-ਦਫੜੀ ਮਚ ਗਈ। ਆਈਜੀ ਨੇ ਕਿਹਾ ਕਿ ਜਦੋਂ ਵੀ ਸੂਬੇ ’ਚ ਅਲਰਟ ਹੁੰਦਾ ਹੈ ਤਾਂ ਪੁਲੀਸ ਪੂਰੀ ਚੌਕਸੀ ਰਖਦੀ ਹੈ ਪਰ ਸ਼ਰਾਰਤੀ ਅਨਸਰ ਆਪਣਾ ਕਾਰਾ ਕਰ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ’ਚ ਅਜਿਹੇ ਕਿਸੇ ਹਮਲੇ ਦੀ ਕੋਈ ਪੁਖ਼ਤਾ ਸੂਹ ਨਹੀਂ ਸੀ। ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਬੇਨਤੀ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਫਿਰਕੂ ਸਦਭਾਵਨਾ ਅਤੇ ਸ਼ਾਂਤੀ ਨੂੰ ਲਾਂਬੂ ਲਾਉਣ ਦਾ ਇਰਾਦਾ ਜਾਪਦਾ ਹੈ।

Previous articleਪੰਜਾਬ ਦੇ ਦਫਤਰੀ ਮੁਲਾਜ਼ਮਾਂ ਦੀ ਦੂਸਰੇ ਦਿਨ ਵੀ ਕਲਮ ਛੋੜ ਹੜਤਾਲ ਜਾਰੀ
Next articleਚੌਕੀਦਾਰ ਪ੍ਰਤੱਖ ਤੌਰ ’ਤੇ ਚੋਰ ਹੈ: ਰਾਹੁਲ