ਰਾਜਾਂ ’ਤੇ ਜਬਰੀ ਫੈਸਲੇ ਥੋਪੇ ਗਏ: ਮਨਪ੍ਰੀਤ ਬਾਦਲ

ਨਵੀਂ ਦਿੱਲੀ (ਸਮਾਜ ਵੀਕਲੀ) :ਜੀਐੱਸਟੀ ਕੌਂਸਲ ਦੀ ਮੀਟਿੰਗ ਮਗਰੋਂ ਕਾਂਗਰਸ ਨੇ ਅੱਜ ਕਿਹਾ ਕਿ ਉਹ ਮੀਟਿੰਗ ਦੇ ਨਤੀਜਿਆਂ ਤੋਂ ਨਾਰਾਜ਼ ਹੈ। ਕਾਂਗਰਸ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਬਹੁਗਿਣਤੀਵਾਦ ਵਾਲੀ ਪਹੁੰਚ ਅਪਣਾਉਂਦਿਆਂ ਰਾਜਾਂ ’ਤੇ ਧੱਕੇ ਨਾਲ ‘ਮੁਸ਼ਕਲਾਂ ਦਾ ਹੱਲ’ ਥੋਪਣਾ ਚਾਹੁੰਦੀ ਹੈ।

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਜੀਐੱਸਟੀ ਕੌਂਸਲ ਦੀ ਮੀਟਿੰਗ ਮਗਰੋਂ ਵਰਚੁਅਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਸ਼ਾਸਿਤ ਰਾਜਾਂ ਦੇ ਵਿੱਤ ਮੰਤਰੀ ਜੀਐੱਸਟੀ ਕੌਂਸਲ ਮੀਟਿੰਗ ਦੇ ਸਿੱਟਿਆਂ ਤੋਂ ਨਾਖੁਸ਼ ਹਨ। ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਕੇਂਦਰ ਵੱਲੋਂ ਰਾਜਾਂ ’ਤੇ ਜਬਰੀ ਆਪਣੇ ਫੈਸਲੇ ਥੋਪੇ ਗਏ। ਉਨ੍ਹਾਂ ਕਿਹਾ, ‘ਅਸੀਂ ਮੀਟਿੰਗ ਦੇ ਸਿੱਟਿਆਂ ਤੋਂ ਨਾਖੁਸ਼ ਹਾਂ, ਪਰ ਸਾਡੇ ਕੋਲ ਦੂਜਾ ਹੋਰ ਕੋਈ ਬਦਲ ਨਹੀਂ ਸੀ।’

ਊਂਜ ਮੀਟਿੰਗ ਦੌਰਾਨ ਸ੍ਰੀ ਬਾਦਲ ਨੇ ਸੰਵਿਧਾਨ ਦੀ ਧਾਰਾ 279 ਤਹਿਤ ਕੌਂਸਲ ਵਿੱਚ ਵਿਵਾਦ ਦੇ ਨਿਬੇੜੇ ਲਹੀ ਚੌਖਟੇ ਨੂੰ ਅਮਲ ਵਿੱਚ ਲਿਆਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ, ‘ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਜੇਕਰ ਕੁਝ ਰਾਜ ਉਨ੍ਹਾਂ ਦੀਆਂ ਤਜਵੀਜ਼ਾਂ ਨਾਲ ਸਹਿਮਤ ਨਹੀਂ ਤਾਂ ਉਨ੍ਹਾਂ ਉੱਤੇ ਜਬਰੀ ਇਹ ਨਾ ਥੋਪੀਆਂ ਜਾਣ।’ ਮਨਪ੍ਰੀਤ ਬਾਦਲ ਨੇ ਸਾਫ਼ ਕਰ ਦਿੱਤਾ ਕਿ ਭਰੋਸੇ ਦੀ ਘਾਟ ਕਰਕੇ ਜੀਐੱਸਟੀ ਕੌਂਸਲ ਦੀ ਮੀਟਿੰਗ ਸਾਜ਼ਗਾਰ ਮਾਹੌਲ ਵਿੱਚ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਅਟਾਰਨੀ ਜਨਰਲ ਦੀਆਂ ਟਿੱਪਣੀਆਂ ਪੜ੍ਹ ਕੇ ਸੁਣਾਈਆਂ ਗਈਆਂ ਤਾਂ ਕਿ ਇਹ ਸੁਨੇਹਾ ਦਿੱਤਾ ਜਾ ਸਕੇ ਕਿ ਕੇਂਦਰ ਇਸ ਮੁੱਦੇ ’ਤੇ ਕਾਨੂੰਨੀ ਤੌਰ ’ਤੇ ਪਾਬੰਦ ਨਹੀਂ ਹੈ।

Previous articleAmazon opens ‘Fresh’ grocery store in Los Angeles
Next articleਖੇਤੀ ਆਰਡੀਨੈਂਸਾਂ ਖਿਲਾਫ਼ ਵਿਧਾਨ ਸਭਾ ’ਚ ਮਤਾ ਅੱਜ