ਸ੍ਰੀਨਗਰ/ਜੰਮੂ (ਸਮਾਜ ਵੀਕਲੀ) : ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚ ਅੱਜ ਅਤਿਵਾਦੀਆਂ ਵੱਲੋਂ ਗਰਨੇਡ ਨਾਲ ਕੀਤੇ ਹਮਲੇ ’ਚ ਸੀਆਰਪੀਐੱਫ ਦਾ ਸਹਾਇਕ ਸਬ-ਇੰਸਪੈਕਟਰ ਅਤੇ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਜ਼ਿਲ੍ਹੇ ’ਚ ਅਤਿਵਾਦੀਆਂ ਵੱਲੋਂ ਤਰਾਲ ਸੂਮੋ ਸਟੈਂਡ ਨੇੜੇ ਸੁਰੱਖਿਆ ਬਲਾਂ ’ਤੇ ਸੁੱਟੇ ਗਰਨੇਡ ਕਾਰਨ ਹੋਏ ਧਮਾਕੇ ’ਚ ਸੀਆਰਪੀਐੱਫ ਦਾ ਏਐੱਸਆਈ ਆਸਿਮ ਅਲੀ ਅਤੇ ਇੱਕ ਵਿਅਕਤੀ ਮਹਿਰਾਜ ਉਦ-ਦੀਨ ਸ਼ੇਖ ਜ਼ਖ਼ਮੀ ਹੋ ਗਏ।
ਇਸੇ ਦੌਰਾਨ ਪਾਕਿਸਤਾਨੀ ਰੇਂਜਰਾਂ ਵੱਲੋਂ ਗੋਲੀਬੰਦੀ ਦੀ ਉਲੰਘਣਾ ਕਰਦਿਆਂ ਕਠੂਆ ਜ਼ਿਲ੍ਹੇ ’ਚ ਕੌਮਾਂਤਰੀ ਸਰਹੱਦ ਨਾਲ ਲੱਗਦੀਆਂ ਚੌਕੀਆਂ ਅਤੇ ਪਿੰਡਾਂ ਵਿੱਚ ਗੋਲੀਬਾਰੀ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨੀ ਰੇਂਜਰਾਂ ਵੱਲੋਂ ਹੀਰਾਨਗਰ ਸੈਕਟਰ ਦੇ ਪੰਸਾਰ-ਮਨਯਾਰੀ ਇਲਾਕੇ ’ਚ ਸ਼ਨਿਚਰਵਾਰ ਰਾਤ 9.45 ਵਜੇ ਗੋਲਬਾਰੀ ਸ਼ੁਰੂ ਕੀਤੀ ਗਈ। ਦੋਵਾਂ ਪਾਸਿਆਂ ਤੋਂ ਗੋਲੀਬਾਰੀ ਸਵੇਰੇ 5:10 ਵਜੇ ਤੱਕ ਜਾਰੀ ਰਹੀ। ਭਾਰਤ ਵਾਲੇ ਪਾਸੇ ਕੋਈ ਵੀ ਜਾਨੀ ਨੁਕਸਾਨ ਹੋਣ ਦੀ ਰਿਪੋਰਟ ਨਹੀਂ ਮਿਲੀ।