ਚੰਡੀਗੜ੍ਹ : ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਦੋਸ਼ਾਂ ‘ਤੇ ਪਲਟਵਾਰ ਕਰਦਿਆਂ ਸੋਮਵਾਰ ਨੂੰ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੇ ਗੈਂਗਸਟਰਾਂ ਨਾਲ ਸਬੰਧਾਂ ਬਾਰੇ ਤਸਵੀਰਾਂ ਜਨਤਕ ਕਰ ਦਿੱਤੀਆਂ ਹਨ।
ਰੰਧਾਵਾਂ ਨੇ ਸਪੱਸ਼ਟ ਕਿਹਾ ਕਿ ਗੈਂਗਸਟਰਾਂ ਨਾਲ ਸਬੰਧਾਂ ਬਾਰੇ ਉਹ ਹਾਈ ਕੋਰਟ ਦੇ ਜੱਜ ਤੋਂ ਜਾਂਚ ਕਰਵਾਉਣ ਲਈ ਤਿਆਰ ਹਨ, ਇਸ ਬਾਰੇ ਮਜੀਠੀਆਂ ਵੀ ਜਾਂਚ ਲਈ ਤਿਆਰ ਹੋਣ। ਉਨ੍ਹਾਂ ਕਿਹਾ ਕਿ ਜੇਕਰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਸਾਬਕਾ ਵਿੱਤ ਮੰਤਰੀ ਪੀ. ਚਿੰਦਬਰਮ ਨੂੰ ਹਿਰਾਸਤ ਵਿਚ ਲੈ ਸਕਦੀ ਹੈ ਤਾਂ ਜਗਦੀਸ਼ ਭੋਲਾ ਵਲੋਂ ਲਾਏ ਗਏ ਦੋਸ਼ਾਂ ‘ਚ ਈਡੀ ਅਕਾਲੀ ਆਗੂ ਨੂੰ ਕਿਉਂ ਨਹੀਂ ਗਿ੍ਫ਼ਤਾਰ ਕਰ ਸਕਦੀ।
ਬਾਅਦ ਦੁਪਹਿਰ ਕਾਂਗਰਸ ਭਵਨ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਕਾਂਗਰਸ ਦੇ ਅੱਧੀ ਦਰਜਨ ਵਿਧਾਇਕਾਂ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਰੰਧਾਵਾ ‘ਤੇ ਲਾਏ ਜਾ ਰਹੇ ਦੋਸ਼ਾਂ ਨੂੰ ਮੁੱਢੋਂ ਰੱਦ ਕਰਦਿਆਂ ਸਾਬਕਾ ਅਕਾਲੀ ਮੰਤਰੀ ਨੂੰ ਗੈਂਗਸਟਰ ਕਲਚਰ ਤੇ ਡਰੱਗ ਕਾਰੋਬਾਰ ਦਾ ਪਿਤਾਮਾ ਦੱਸਿਆ।
ਉਨ੍ਹਾਂ ਕਿਹਾ ਕਿ ਜਿਸ ਅਕਾਲੀ ਆਗੂ ‘ਤੇ ਭੋਲਾ ਨੇ ਸ਼ਰੇਆਮ 6000 ਕਰੋੜ ਰੁਪਏ ਦੇ ਡਰੱਗ ਕਾਰੋਬਾਰ ਨਾਲ ਜੁੜੇ ਹੋਣ ਦੇ ਦੋਸ਼ ਲਾਏ ਸਨ, ਅੱਜ ਉਹ ਕਿਹੜੇ ਮੂੰਹ ਨਾਲ ਹਾਲ-ਦੁਹਾਈ ਪਾ ਰਿਹਾ ਹੈ। ਰੰਧਾਵਾ ਨੇ ਮਜੀਠੀਆ ਨੂੰ ਚੁਣੌਤੀ ਦਿੱਤੀ ਕਿ ਉਹ ਹਾਈ ਕੋਰਟ ਦੇ ਮੌਜੂਦਾ ਜੱਜ ਕੋਲੋਂ ਤਫਤੀਸ਼ ਕਰਵਾਉਣ ਲਈ ਚੀਫ ਜਸਟਿਸ ਕੋਲ ਜਾਣ ਨੂੰ ਤਿਆਰ ਹਨ ਅਤੇ ਨਾਲ ਹੀ ਮਜੀਠੀਆ ਵੀ ਆਪਣੇ ਉਪਰ ਲੱਗੇ ਡਰੱਗ ਤੇ ਗੈਂਗਸਟਰਾਂ ਦੀ ਸਰਪ੍ਰਸਤੀ ਦੇ ਦੋਸ਼ਾਂ ਲਈ ਜਾਂਚ ਲਈ ਨਾਲ ਚੱਲੇ।
ਜਾਖੜ ਨੇ ਕਿਹਾ ਕਿ ਲੋਕਾਂ ਵਿਚ ਆਪਣੀ ਸਿਆਸੀ ਸਾਖ ਗਵਾਉਣ ਤੋਂ ਬਾਅਦ ਮਜੀਠੀਆ ਨੇ ਆਪਣੇ ਵਰਕਰਾਂ ਦੀਆਂ ਚਿਤਾਵਾਂ ‘ਤੇ ਸਿਆਸੀ ਰੋਟੀਆਂ ਸੇਕਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਰਾਜ ਵਿਚ ਪਹਿਲੀ ਵਾਰ ਪੰਜਾਬ ‘ਚ ਗੈਂਗਸਟਰ ਸ਼ਬਦ ਸੁਣਨ ਨੂੰ ਮਿਲਿਆ ਸੀ, ਜਿਨ੍ਹਾਂ ਦੀ ਪੁਸ਼ਤ ਪਨਾਹੀ ਤੇ ਸਰਪ੍ਰਸਤੀ ਬਿਕਰਮ ਮਜੀਠੀਆ ਵੱਲੋਂ ਕੀਤੀ ਜਾਂਦੀ ਸੀ। ਰੰਧਾਵਾ ਨੇ ਤੱਥਾਂ ਅਤੇ ਤਸਵੀਰਾਂ ਨੂੰ ਦਿਖਾਉਂਦਿਆਂ ਦੱਸਿਆ ਕਿ ਜਿਸ ਜੇਲ੍ਹ ਵਿਚ ਬੰਦ ਜੱਗੂ ਭਗਵਾਨਪੁਰੀਆ ਗੈਂਗਸਟਰ ਨਾਲ ਉਸ ਦੇ ਮਿਲੇ ਹੋਣ ਦੇ ਦੋਸ਼ ਲਾਏ ਜਾ ਰਹੇ ਹਨ, ਅਸਲ ਵਿਚ ਉਹ ਸਭ ਤੋਂ ਵੱਧ ਮਜੀਠੀਆ ਦੇ ਹਲਕੇ ਵਿਚ ਸਰਗਰਮ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਗੈਂਗਸਟਰ ‘ਤੇ 44 ਕੇਸ ਦਰਜ ਹਨ, ਜਿਨ੍ਹਾਂ ਵਿਚੋਂ 29 ਕੇਸ ਮਜੀਠੀਆ ਦੇ ਹਲਕੇ ਅੰਮਿ੍ਤਸਰ (ਦਿਹਾਤੀ) ਖੇਤਰ ਦੇ ਹਨ।
ਉਨ੍ਹਾਂ ਕਿਹਾ ਕਿ ਜੱਗੂ ਦਾ ਭਰਾ ਮਨਦੀਪ ਮੰਨੂੰ ਪਿਛਲੀ ਅਕਾਲੀ ਸਰਕਾਰ ਦੌਰਾਨ ਹੀ ਪੰਜਾਬ ਤੋਂ ਬਾਹਰ ਵਿਦੇਸ਼ ਜਾਣ ਵਿੱਚ ਸਫਲ ਹੋਇਆ, ਜਿਸ ‘ਤੇ ਕਈ ਕੇਸ ਦਰਜ ਸਨ। ਰੰਧਾਵਾ ਨੇ ਨਾਮੀ ਗੈਂਗਸਟਰਾਂ ਦੀਆਂ ਅਕਾਲੀ ਆਗੂਆਂ ਖਾਸ ਕਰਕੇ ਮਜੀਠੀਆ ਨਾਲ ਸਾਂਝ ਦੀਆਂ ਤਸਵੀਰਾਂ ਜਾਰੀ ਕਰਦਿਆਂ ਦੱਸਿਆ ਕਿ ਪੈਰੋਲ ‘ਤੇ ਰਿਹਾਅ ਹੋਇਆ ਪੰਮਾ ਸੁਲਤਾਨਵਿੰਡ, ਨਾਭਾ ਦੀ ਹਾਈ ਸਕਿਓਰਿਟੀ ਜੇਲ੍ਹ ਵਿਚ ਬੰਦ ਗੋਲੀ ਗੋਪੀ, ਦਿਲਬਾਗ ਲੰਮਾ ਪੱਟੀ (ਵਿਸ਼ੂ ਗੈਂਗ), ਸੋਨੂੰ ਕੰਗਲਾ ਸ਼ਾਮਲ ਹਨ।
ਇਨ੍ਹਾਂ ਗੈਂਗਸਟਰਾਂ ਵੱਲੋਂ ਖੁੱਲ੍ਹੇ ਤੌਰ ‘ਤੇ ਮਜੀਠੀਆ ਸਮੇਤ ਹੋਰਨਾਂ ਅਕਾਲੀ ਆਗੂਆਂ ਅਤੇ ਖਾਸ ਕਰ ਕੇ ਮਜੀਠੀਆ ਦੇ ਪੀਏ ਤਲਬੀਰ ਸਿੰਘ ਨਾਲ ਮੇਲ ਮਿਲਾਪ ਕੀਤਾ ਜਾਂਦਾ ਰਿਹਾ ਹੈ, ਜਿਸ ਦੇ ਸਬੂਤ ਉਨ੍ਹਾਂ ਅੱਜ ਤਸਵੀਰਾਂ ਰਾਹੀਂ ਪੇਸ਼ ਕੀਤੇ ਹਨ। ਕਾਂਗਰਸੀ ਆਗੂਆਂ ਨੇ ਕਿਹਾ ਕਿ ਉਹ ਅਕਾਲੀ ਵਰਕਰ ਦੇ ਕਤਲ ਦੀ ਨਿੰਦਾ ਕਰਦੇ ਹਨ ਅਤੇ ਇਸ ਮਾਮਲੇ ਦੀ ਡੂੰਘਾਈ ਵਿਚ ਜਾਂਚ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਵਕਾਲਤ ਕਰਦੇ ਹਨ ਪਰ ਇਸ ਮਾਮਲੇ ‘ਤੇ ਕਿਸੇ ਪਾਰਟੀ ਨੂੰ ਸਿਆਸੀ ਰੋਟੀਆਂ ਸੇਕਣ ਦੀ ਆਗਿਆ ਨਹੀਂ ਦੇਣਗੇ। ਇਸ ਮੌਕੇ ਕਾਂਗਰਸੀ ਵਿਧਾਇਕ ਕੁਲਜੀਤ ਸਿੰਘ ਨਾਗਰਾ, ਦਰਸ਼ਨ ਸਿੰਘ ਬਰਾੜ, ਬਰਿੰਦਰਮੀਤ ਸਿੰਘ ਪਾਹੜਾ, ਕੁਲਬੀਰ ਸਿੰਘ ਜ਼ੀਰਾ ਤੇ ਪਰਮਿੰਦਰ ਸਿੰਘ ਪਿੰਕੀ ਵੀ ਹਾਜ਼ਰ ਸਨ।