ਜੇਐਨਯੂ ’ਚੋਂ ਲਾਪਤਾ ਹੋਏ ਨਜੀਬ ਦੀ ਮਾਂ ਨੂੰ ਪੁੱਤਰ ਦੀ ਉਡੀਕ

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਦੇ 2016 ਵਿੱਚ ਭੇਤਭਰੀ ਹਾਲਤ ਵਿੱਚ ਗੁੰਮ ਹੋਏ ਨਜੀਬ ਅਹਿਮਦ ਦੀ ਮਾਂ ਨੂੰ ਅਜੇ ਵੀ ਪੁੱਤਰ ਦੀ ਉਡੀਕ ਹੈ। ਉਸ ਦਾ ਕਹਿਣਾ ਹੈ ਕਿ ਉਹ ਉਸੇ ਸਿਆਸੀ ਦਲ ਨੂੰ ਵੋਟ ਦੇਵੇਗੀ, ਜੋ ਨਜੀਬ ਨੂੰ ਵਾਪਸ ਲਿਆਉਣ ਦਾ ਭਰੋਸਾ ਦੇਵੇਗਾ।
ਜੇਐਨਯੂ ਕੈਂਪਸ ਵਿੱਚੋਂ ਨਜੀਬ ਅਚਾਨਕ ਉਦੋਂ ਗਾਇਬ ਹੋ ਗਿਆ ਸੀ ਜਦੋਂ ਉਸ ਦੀ ਸੱਜੇਪੱਖੀ ਸਮਝੇ ਜਾਂਦੇ ਵਿਦਿਆਰਥੀਆਂ ਨਾਲ ਝੜੱਪ ਹੋਈ ਸੀ। ਉਦੋਂ ਤੋਂ ਸੀਬੀਆਈ ਸਮੇਤ ਦਿੱਲੀ ਪੁਲੀਸ ਨਜੀਬ ਦਾ ਥਹੁ-ਪਤਾ ਨਹੀਂ ਲਾ ਸਕੀ ਹੈ। ਅਕਤੂਬਰ 2018 ਵਿੱਚ ਸੀਬੀਆਈ ਨੇ ਜਾਂਚ ਬੰਦ ਕਰ ਕੇ ਰਿਪੋਰਟ ਅਦਾਲਤ ਵਿੱਚ ਪੇਸ਼ ਕੀਤੀ ਸੀ। ਨਜੀਬ ਦੀ ਮਾਂ ਫ਼ਾਤਿਮਾ ਨਫ਼ੀਸ ਨੇ ਕਿਹਾ ਕਿ ਸਿਆਸੀ ਪਾਰਟੀਆਂ ਦੇ ਲੋਕ ਉਨ੍ਹਾਂ ਦੇ ਘਰ ਸੰਵੇਦਨਾ ਪ੍ਰਗਟ ਕਰਨ ਤਾਂ ਆਉਂਦੇ ਹਨ ਪਰ ਹੁਣ ਉਸ ਨੂੰ ਅਜਿਹੇ ਲੋਕਾਂ ਦੀ ਲੋੜ ਨਹੀਂ ਸਗੋਂ ਉਨ੍ਹਾਂ ਲੋਕਾਂ ਦੀ ਤਲਾਸ਼ ਹੈ ਜੋ ਉਸ ਦੇ ਪੁੱਤਰ ਨਜੀਬ ਨੂੰ ਵਾਪਸ ਲਿਆਉਣ ਦਾ ਭਰੋਸਾ ਦੇਣ। ਉਹ ਉਸੇ ਪਾਰਟੀ ਨੂੰ ਵੋਟ ਦੇਵੇਗੀ।
ਫ਼ਾਤਿਮਾ ਨੇ ਸਵਾਲ ਕੀਤਾ ਕਿ ਦੇਸ਼ ਦੀਆਂ ਖੁਫ਼ੀਆ ਏਜੰਸੀਆਂ ਜੇ ਉਸ ਦੇ ਪੁੱਤਰ ਦਾ ਪਤਾ ਨਹੀਂ ਲਾ ਸਕਦੀਆਂ ਤਾਂ ਸੀਬੀਆਈ ਕਿਸ ਲਈ ਹੈ ?
ਫਾਤਿਮਾ ਨੇ ਦੱਸਿਆ ਕਿ ਜਿੱਥੇ ਵੀ ਨਜੀਬ ਦੇ ਹੋਣ ਦੀ ਖ਼ਬਰ ਮਿਲਦੀ ਹੈ ਉਹ ਝੱਟ ਉੱਥੇ ਪੁੱਜ ਜਾਂਦੀ ਹੈ। ਕੁੱਝ ਲੋਕਾਂ ਵੱਲੋਂ ਨਜੀਬ ਨੂੰ ਮਾਰ ਕੇ ਕਿਤੇ ਅਣਦੱਸੀ ਥਾਂ ‘ਤੇ ਦਫ਼ਨਾ ਦੇਣ ਬਾਰੇ ਵੀ ਉਸ ਨੂੰ ਫੋਨ ਆਉਂਦੇ ਹਨ। ਉਸ ਨੇ ਦੱਸਿਆ ਕਿ ਪੁੱਤਰ ਦੇ ਗੁੰਮ ਹੋਣ ਮਗਰੋਂ ਉਸ ਦੇ ਪਤੀ ਨੇ ਬਿਸਤਰਾ ਫੜ ਲਿਆ ਹੈ। ਬਿਹਾਰ ਦੇ ਬੇਗੂਸਰਾਏ ਤੋਂ ਸੀਪੀਆਈ ਦੇ ਉਮੀਦਵਾਰ ਤੇ ਜੇਐਨਯੂ ਵਿਦਿਆਰਥੀ ਯੂਨੀਅਨ ਦੇ ਸਾਬਕਾ ਪ੍ਰਧਾਨ ਕਨ੍ਹੱਈਆ ਕੁਮਾਰ ਦੇ ਨਾਮਜ਼ਦਗੀ ਪੱਤਰ ਭਰਨ ਵੇਲੇ ਉੱਥੇ ਹਾਜ਼ਰ ਰਹਿਣ ਬਾਰੇ ਫ਼ਾਤਿਮਾ ਨੇ ਕਿਹਾ ਕਿ ਕਨ੍ਹਈਆ ਉਦੋਂ ਸਾਡੇ ਨਾਲ ਖੜ੍ਹਿਆ ਸੀ ਜਦੋਂ ਨਜੀਬ ਲਾਪਤਾ ਹੋਇਆ ਸੀ। ਹੁਣ ਉਹ ਇਕ ਮਾਂ ਦੇ ਨਾਤੇ ਕਨ੍ਹੱਈਆ ਨਾਲ ਖੜ੍ਹੀ ਹੈ ਤੇ ਉਨ੍ਹਾਂ ਆਪਣਾ ਆਸ਼ੀਰਵਾਦ ਨਜੀਬ ਦੇ ਸਾਥੀ ਵਿਦਿਆਰਥੀ ਆਗੂ ਨੂੰ ਦਿੱਤਾ ਹੈ। ਬੇਗੂਸਰਾਏ ਵਿੱਚ 23 ਅਪਰੈਲ ਨੂੰ ਵੋਟਾਂ ਪੈਣਗੀਆਂ।

Previous articleਪਰਿਵਾਰ ਨੂੰ ਖ਼ਬਰ ਕੀਤੇ ਬਗੈਰ ਸਾਊਦੀ ਅਰਬ ’ਚ ਹਰਜੀਤ ਨੂੰ ਦੇ ਦਿੱਤੀ ਫ਼ਾਂਸੀ
Next articleਜਬਰ-ਜਨਾਹ ਮਾਮਲਾ: ਢਿਲਮੱਠ ਦੇ ਦੋਸ਼ ਹੇਠ ਥਾਣਾ ਮੁਖੀ ਮੁਅੱਤਲ