ਜਬਰ-ਜਨਾਹ ਮਾਮਲਾ: ਢਿਲਮੱਠ ਦੇ ਦੋਸ਼ ਹੇਠ ਥਾਣਾ ਮੁਖੀ ਮੁਅੱਤਲ

ਮੁਹਾਲੀ ਦੇ ਐੱਸਐੱਸਪੀ ਹਰਚਰਨ ਸਿੰਘ ਭੁੱਲਰ ਨੇ ਔਰਤ ਨਾਲ ਜਬਰ-ਜਨਾਹ ਮਾਮਲੇ ਵਿੱਚ ਪੁਲੀਸ ਦੀ ਕਥਿਤ ਲੇਟ ਲਤੀਫ਼ੀ ਦਾ ਗੰਭੀਰ ਨੋਟਿਸ ਲੈਂਦਿਆਂ ਥਾਣਾ ਸੋਹਾਣਾ ਦੇ ਐੱਸਐਚਓ ਦਲਜੀਤ ਸਿੰਘ ਗਿੱਲ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਥਾਣਾ ਮੁਖੀ ਦੇ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਔਰਤ ਤੋਂ ਰਾਹ ਪੁੱਛਣ ਦੇ ਬਹਾਨੇ ਉਸ ਨੂੰ ਆਪਣੀ ਕਾਰ ਵਿੱਚ ਬਿਠਾਉਣ ਅਤੇ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਜਬਰ-ਜਨਾਹ ਕਰਨ ਸਬੰਧੀ ਪੀੜਤ ਔਰਤ ਦੀ ਸ਼ਿਕਾਇਤ ਮਿਲਣ ਦੇ ਬਾਵਜੂਦ ਥਾਣਾ ਮੁਖੀ ਵੱਲੋਂ ਬਣਦੀ ਕਾਰਵਾਈ ਕਰਨ ਦੀ ਬਜਾਏ ਟਾਲ-ਮਟੋਲ ਕਰਨ ਅਤੇ ਖ਼ੁਦ ਮੌਕਾ-ਏ-ਵਾਰਦਾਤ ਦੀ ਜਾਂਚ ਕਰਨ ਦੀ ਥਾਂ ਮਹਿਜ਼ ਖਾਨਾਪੂਰਤੀ ਕਰਨ ਲਈ ਹੌਲਦਾਰ ਨੂੰ ਭੇਜ ਕੇ ਮਾਮਲੇ ਨੂੰ ਲਮਕਾਉਣ ਦੇ ਦੋਸ਼ ਹੇਠ ਐੱਸਐਚਓ ਨੂੰ ਮੁਅੱਤਲ ਕੀਤਾ ਗਿਆ ਹੈ। ਪੁਲੀਸ ਨੇ ਪੀੜਤ ਔਰਤ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 376, 506 ਦੇ ਤਹਿਤ ਕੇਸ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਵਾਰਦਾਤ ਵਾਲੀ ਥਾਂ ਅਤੇ ਔਰਤ ਨੂੰ ਕਾਰ ਵਿੱਚ ਬਿਠਾਉਣ ਵਾਲੀ ਥਾਂ ਦੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਪੜਤਾਲ ਵੀ ਸ਼ੁਰੂ ਕਰ ਦਿੱਤੀ ਹੈ। ਪੁਲੀਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਮੰਗਲਵਾਰ ਦੀ ਰਾਤ ਨੂੰ ਸੈਕਟਰ-68 ਵਿੱਚ ਕਾਰ ਚਾਲਕ ਵੱਲੋਂ ਡਿਊਟੀ ਤੋਂ ਪਰਤ ਰਹੀ ਔਰਤ ਤੋਂ ਰਸਤਾ ਪੁੱਛਣ ਦੇ ਬਹਾਨੇ ਉਸ ਨੂੰ ਆਪਣੀ ਕਾਰ ਵਿੱਚ ਬਿਠਾਇਆ ਅਤੇ ਪਿੰਡ ਸੰਭਾਲਕੀ ਅਤੇ ਨਾਨੂੰਮਾਜਰਾ ਵਿਚਾਲੇ ਬਣ ਰਹੀ ਸੜਕ ’ਤੇ ਸੁੰਨਸਾਨ ਥਾਂ ’ਤੇ ਲਿਜਾ ਕੇ ਉਸ ਨਾਲ ਕਾਰ ਵਿੱਚ ਜਬਰ ਜਨਾਹ ਕੀਤਾ। ਘਟਨਾ ਤੋਂ ਬਾਅਦ ਕਿਸੇ ਤਰੀਕੇ ਨਾਲ ਪੀੜਤ ਔਰਤ ਕਾਰ ਤੋਂ ਬਾਹਰ ਨਿਕਲਣ ਵਿੱਚ ਸਫਲ ਹੋ ਗਈ ਅਤੇ ਰੌਲਾ ਪਾਉਣ ’ਤੇ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੀੜਤ ਔਰਤ ਨੇ ਆਪਣੇ ਪਤੀ ਨੂੰ ਆਪਬੀਤੀ ਦੱਸੀ ਤਾਂ ਉਹ ਤੁਰੰਤ ਮੌਕੇ ’ਤੇ ਪਹੁੰਚ ਗਿਆ ਅਤੇ ਆਪਣੀ ਪਤਨੀ ਨਾਲ ਸੋਹਾਣਾ ਥਾਣੇ ਪਹੁੰਚ ਕੇ ਸਾਰੀ ਗੱਲ ਦੱਸੀ। ਥਾਣਾ ਮੁਖੀ ਨੇ ਇਸ ਗੰਭੀਰ ਮਸਲੇ ’ਤੇ ਫੌਰੀ ਕਾਰਵਾਈ ਕਰਨ ਅਤੇ ਮਾਮਲਾ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਦੀ ਬਜਾਏ ਟਾਲ-ਮਟੋਲ ਕਰਨ ਦਾ ਰਵੱਈਆ ਅਖ਼ਤਿਆਰ ਕੀਤਾ। ਜਦੋਂ ਇਹ ਮਾਮਲਾ ਐੱਸਐੱਸਪੀ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਨੇ ਪੁਲੀਸ ਦੀ ਲੇਟ-ਲਤੀਫ਼ੀ ਦਾ ਗੰਭੀਰ ਨੋਟਿਸ ਲੈਂਦਿਆਂ ਐੱਸਐਚਓ ਸੋਹਾਣਾ ਦਲਜੀਤ ਸਿੰਘ ਗਿੱਲ ਨੂੰ ਮੁਅੱਤਲ ਕਰ ਦਿੱਤਾ।

Previous articleਜੇਐਨਯੂ ’ਚੋਂ ਲਾਪਤਾ ਹੋਏ ਨਜੀਬ ਦੀ ਮਾਂ ਨੂੰ ਪੁੱਤਰ ਦੀ ਉਡੀਕ
Next articleविकास या विघटन