ਨਵੀਂ ਦਿੱਲੀ (ਸਮਾਜ ਵੀਕਲੀ):
ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਚਾਲੂ ਵਿੱਤੀ ਵਰ੍ਹੇ ਦੀ ਜੂਨ ਤਿਮਾਹੀ ਦੇ ਕੁੱਲ ਘਰੇਲੂ ਉਤਪਾਦ ਵਿੱਚ 23.9 ਫ਼ੀਸਦ ਗਿਰਾਵਟ ਨੂੰ ਚਿੰਤਾਜਨਕ ਦੱਸਦਿਆਂ ਕਿਹਾ ਕਿ ਨੌਕਰਸ਼ਾਹੀ ਨੂੰ ਹੁਣ ਸੁਸਤੀ ਲਾਹ ਕੇ ਕੁਝ ਅਰਥਪੂਰਨ ਕਾਰਵਾਈ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਮੌਜੂਦਾ ਸੰਕਟ ਨੂੰ ਵਧੇਰੇ ਸੂਝ-ਬੂਝ ਵਾਲੀ ਅਤੇ ਸਰਗਰਮ ਸਰਕਾਰ ਦੀ ਲੋੜ ਹੈ। ਉਨ੍ਹਾਂ ਕਿਹਾ, ‘‘ਇਹ ਮੰਦਭਾਗਾ ਹੈ ਕਿ ਸ਼ੁਰੂਆਤ ’ਚ ਸਰਗਰਮੀ ਇਕਦਮ ਵਧੀ ਸੀ, ਜੋ ਹੁਣ ਮੱਠੀ ਪੈ ਗਈ ਜਾਪਦੀ ਹੈ।’’ ਰਾਜਨ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ, ‘‘ਆਰਥਿਕ ਵਾਧੇ ਵਿੱਚ ਏਨੀ ਵੱਡੀ ਗਿਰਾਵਟ ਸਾਡੇ ਸਾਰਿਆਂ ਲਈ ਚਿਤਾਵਨੀ ਹੈ।
ਭਾਰਤ ਵਿੱਚ ਜੀਡੀਪੀ 23.9 ਫ਼ੀਸਦ ਸੁੰਗੜੀ ਹੈ। ਦੂਜੇ ਪਾਸੇ ਕੋਵਿਡ-19 ਨਾਲ ਸਭ ਤੋਂ ਵੱਧ ਪ੍ਰਭਾਵਿਤ ਮੁਲਕਾਂ ’ਚੋਂ ਇਟਲੀ ਦੀ ਜੀਡੀਪੀ ਵਿਚ 12.4 ਫੀਸਦ ਅਤੇ ਅਮਰੀਕਾ ਦੀ ਜੀਡੀਪੀ ਵਿੱਚ 9.5 ਫੀਸਦ ਦੀ ਗਿਰਾਵਟ ਆਈ ਹੈ।’’ ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਖ਼ਰਾਬ ਜੀਡੀਪੀ ਅੰਕੜਿਆਂ ਨੂੰ ਦੇਖ ਕੇ ਉਮੀਦ ਕੀਤੀ ਜਾ ਰਹੀ ਹੈ ਕਿ ਅਫਸਰਸ਼ਾਹੀ ਤੰਤਰ ‘ਆਪਣੀ ਆਤਮ-ਸੰਤੁਸ਼ਟੀ ਵਾਲੀ ਸਥਿਤੀ ’ਚੋਂ ਬਾਹਰ ਨਿਕਲੇਗਾ ਅਤੇ ਕੁਝ ਅਰਥਪੂਰਨ ਕਾਰਵਾਈ ਕਰਨ ’ਤੇ ਧਿਆਨ ਕੇਂਦਰਿਤ ਕਰੇਗਾ।’’
ਯੂਨੀਵਰਸਿਟੀ ਆਫ ਸ਼ਿਕਾਗੋ ਵਿਚ ਪ੍ਰੋਫੈਸਰ ਰਾਜਨ ਨੇ ਕਿਹਾ ਕਿ ਭਾਰਤ ਵਿੱਚ ਕੋਵਿਡ-19 ਮਹਾਮਾਰੀ ਦੇ ਮਾਮਲੇ ਹਾਲੇ ਵੀ ਵਧ ਰਹੇ ਹਨ। ਇਸ ਕਰਕੇ ਰੇਸਤਰਾਂ ਅਤੇ ਹੋਰ ਸਬੰਧਤ ਰੁਜ਼ਗਾਰ ਉਦੋਂ ਤੱਕ ਮੰਦੇ ਵਿੱਚ ਰਹਿਣਗੇ ਜਦੋਂ ਤੱਕ ਵਾਇਰਸ ’ਤੇ ਕਾਬੂ ਨਹੀਂ ਪਾ ਲਿਆ ਜਾਂਦਾ। ਉਨ੍ਹਾਂ ਕਿਹਾ ਕਿ ਸਰਕਾਰ ਇਸ ਸਮੇਂ ਕੁਝ ਵਧੇਰੇ ਕਰਨ ਤੋਂ ਬਚ ਰਹੀ ਹੈ ਤਾਂ ਜੋ ਭਵਿੱਖ ਲਈ ਸਰੋਤ ਬਚਾ ਕੇ ਰੱਖੇ ਜਾ ਸਕਣ। ਉਨ੍ਹਾਂ ਕਿਹਾ, ‘‘ਇਹ ਰਣਨੀਤੀ ਖ਼ੁਦ ਨੂੰ ਮਾਤ ਦੇਣ ਵਾਲੀ ਹੈ।’’ ਮੌਜੂਦਾ ਹਾਲਾਤ ਵਿੱਚ ਸਰਕਾਰੀ ਰਾਹਤ ਜਾਂ ਸਹਿਯੋਗ ਦੀ ਅਹਿਮੀਅਤ ’ਤੇ ਜ਼ੋਰ ਦਿੰਦਿਆਂ ਰਾਜਨ ਨੇ ਕਿਹਾ, ‘‘ਰਾਹਤ ਦਿੱਤੇ ਬਿਨਾਂ, ਅਰਥਚਾਰੇ ਦੀ ਵਾਧਾ ਸਮਰੱਥਾ ਨੂੰ ਗੰਭੀਰ ਨੁਕਸਾਨ ਪਹੁੰਚੇਗਾ।’’