ਬੈਂਸ ਭਰਾਵਾਂ ਸਣੇ ਪਾਰਟੀ ਵਰਕਰਾਂ ’ਤੇ ਵਰ੍ਹੀਆਂ ਡਾਂਗਾਂ

ਪਟਿਆਲਾ (ਸਮਾਜ ਵੀਕਲੀ) : ਲੋਕ ਇਨਸਾਫ਼ ਪਾਰਟੀ ਦੇ ਕੌਮੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਉਨ੍ਹਾਂ ਦੇ ਵੱਡੇ ਭਰਾ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ਹੇਠ ਅੱਜ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਮੰਤਰੀ ਮੰਡਲ ਵਿੱਚੋਂ ਬਰਖ਼ਾਸਤ ਕਰਕੇ ਉਸ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇੇ ਮੋਤੀ ਮਹਿਲ ਦਾ ਘਿਰਾਓ ਕਰਨ ਜਾਂਦੇ ਪਾਰਟੀ ਵਰਕਰਾਂ ਦੀ ਪੁਲੀਸ ਨੇ ਵਾਈਪੀਐੱਸ ਚੌਕ ’ਚ ਡਾਂਗਾਂ ਨਾਲ ਕੁੱਟਮਾਰ ਕੀਤੀ ਜਿਸ ਦੌਰਾਨ ਕਈਆਂ ਦੀਆਂ ਪੱਗਾਂ ਲੱਥ ਗਈਆਂ। ਇਸ ਦੌਰਾਨ ਸਿਮਰਜੀਤ ਸਿੰਘ ਬੈਂਸ ਸਮੇਤ ਕਈ ਕਾਰਕੁਨ ਜ਼ਖ਼ਮੀ ਹੋ ਗਏ। ਪੁਲੀਸ ਨੇ ਸੰਘਰਸ਼ੀ ਔਰਤਾਂ ਨੂੰ ਵੀ ਨਹੀਂ ਬਖ਼ਸ਼ਿਆ ਤੇ ਉਨ੍ਹਾਂ ਦੇ ਵੀ ਡਾਂਗਾਂ ਮਾਰੀਆਂ। ਬਾਅਦ ਵਿਚ ਬੈਂਸ ਭਰਾਵਾਂ ਸਮੇਤ 15 ਦੇ ਕਰੀਬ ਸੰਘਰਸ਼ਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ।

ਅੱਜ ਸਵੇਰੇ 11 ਵਜੇ ਤੋਂ ਹੀ ਲੋਕ ਇਨਸਾਫ਼ ਪਾਰਟੀ ਦੇ ਕਾਰਕੁਨ ਪਟਿਆਲਾ ਦੇ ਮਿਨੀ ਸਕੱਤਰੇਤ ਰੋਡ ’ਤੇ ਇਕੱਤਰ ਹੋਣੇ ਸ਼ੁਰੂ ਹੋ ਗਏ। ਉਨ੍ਹਾਂ ਨੂੰ ਪਟਿਆਲਾ ਅੰਦਰ ਦਾਖਲ ਹੋਣ ਤੋਂ ਰੋਕਣ ਲਈ ਮੁੱਖ ਸੜਕਾਂ ’ਤੇ ਪੁਲੀਸ ਨੇ ਨਾਕੇ ਲਗਾਏ ਹੋਏ ਸਨ। ‌ਇੱਥੇ ਤਕਰੀਰਾਂ ਮਗਰੋਂ ਸਿਮਰਜੀਤ ਸਿੰਘ ਬੈਂਸ, ਬਲਵਿੰਦਰ ਸਿੰਘ ਬੈਂਸ, ਮਨਵਿੰਦਰ ਸਿੰਘ ਗਿਆਸਪੁਰਾ ਤੇ ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਲਛਮਣ ਸਿੰਘ ਸਮੇਤ ਵੱਡੀ ਗਿਣਤੀ ਕਾਰਕੁਨਾਂ ਨੇ ਨਿਊ ਮੋਤੀ ਮਹਿਲ ਵੱਲ ਮਾਰਚ ਕਰਨਾ ਸ਼ੁਰੂ ਕੀਤਾ।

ਬੈਂਸ ਭਰਾ ਆਪਣੇ ਸਾਥੀਆਂ ਸਮੇਤ ਵਾਈਪੀਐੱਸ ਚੌਕ ਪੁੱਜੇ ਤਾਂ ਪੁਲੀਸ ਨੇ ਉਨ੍ਹਾਂ ਨੂੰ ਰੋਕਣਾ ਚਾਹਿਆ ਪਰ ਉਹ ਮੋਤੀ ਮਹਿਲ ਦਾ ਘਿਰਾਓ ਕਰਨ ਲਈ ਬਜ਼ਿੱਦ ਸਨ। ਇਸ ਦੌਰਾਨ ਸਥਿਤੀ ਕਾਫ਼ੀ ਗੰਭੀਰ ਹੋ ਗਈ ਤਾਂ ਪੁਲੀਸ ਨੇ ਆਗੂਆਂ ਤੇ ਕਾਰਕੁਨਾਂ ’ਤੇ ਡਾਂਗਾਂ ਵਰ੍ਹਾ ਦਿੱਤੀਆਂ ਜਿਸ ’ਚ ਸਿਮਰਜੀਤ ਸਿੰਘ ਬੈਂਸ, ਮਨਵਿੰਦਰ ਸਿੰਘ ਗਿਆਸਪੁਰਾ ਸਮੇਤ ਕਾਫ਼ੀ ਜਣੇ ਜ਼ਖ਼ਮੀ ਹੋ ਗਏ। ਸੀਆਈਡੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਵੇਲੇ ਬੈਂਸ ਭਰਾਵਾਂ ਸਮੇਤ 15 ਜਣਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਸਿਮਰਜੀਤ ਸਿੰਘ ਬੈਂਸ ਦੇ ਕਾਫ਼ੀ ਡਾਂਗਾਂ ਵੱਜੀਆਂ, ਜਿਸ ਕਰਕੇ ਉਸ ਦੇ ਸਰੀਰ ’ਤੇ ਨੀਲ ਪੈ ਗਏ। ਇਸੇ ਤਰ੍ਹਾਂ ਇਕ ਹੋਰ ਕਾਰਕੁਨ ਦੇ ਖ਼ੂਨ ਵੀ ਵਗਣ ਲੱਗ ਪਿਆ। ਬਾਕੀ ਆਗੂਆਂ ਤੇ ਕਾਰਕੁਨਾਂ ਤੇ ਗੁੱਝੀਆਂ ਸੱਟਾਂ ਲੱਗੀਆਂ ਤੇ ਪੱਗਾਂ ਵੀ ਲੱਥ ਗਈਆਂ।

ਇਸ ਮਗਰੋਂ ਬੈਂਸ ਭਰਾਵਾਂ ਤੇ ਪਾਰਟੀ ਵਰਕਰਾਂ ਨੂੰ ਹਿਰਾਸਤ ’ਚ ਲੈ ਕੇ ਸਿਵਲ ਲਾਈਨਜ਼ ਥਾਣੇ ਭੇਜਿਆ ਗਿਆ। ਇਸ ਮੌਕੇ ਸਿਮਰਜੀਤ ਸਿੰਘ ਬੈਂਸ ਨੇ ਐਲਾਨ ਕੀਤਾ ਕਿ ਜਦੋਂ ਤੱਕ ਉਹ ਸਾਧੂ ਸਿੰਘ ਧਰਮਸੋਤ ਨੂੰ ਮੰਤਰੀ ਮੰਡਲ ’ਚੋਂ ਬਰਖ਼ਾਸਤ ਕਰਵਾ ਕੇ ਉਸ ਵਿਰੁੱਧ ਕੇਸ ਦਰਜ ਨਹੀਂ ਕਰਵਾ ਦਿੰਦੇ ਉਹ ਚੁੱਪ ਕਰਕੇ ਨਹੀਂ ਬੈਠਣਗੇ। ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਸਾਧੂ ਸਿੰਘ ਧਰਮਸੋਤ ਨੂੰ ਬਰਖ਼ਾਸਤ ਨਾ ਕੀਤਾ ਤਾਂ ਉਹ ਪੰਜਾਬ ਦੇ ਕਾਂਗਰਸੀ ਦਲਿਤ ਮੰਤਰੀਆਂ, ਦਲਿਤ ਸੰਸਦ ਮੈਂਬਰਾਂ ਤੇ ਦਲਿਤ ਵਿਧਾਇਕਾਂ ਦਾ ਘਿਰਾਓ ਕਰਨਗੇ।

Previous articleਜੀਡੀਪੀ ’ਚ 23.9 ਫ਼ੀਸਦ ਦੀ ਗਿਰਾਵਟ ਚਿੰਤਾਜਨਕ: ਰਾਜਨ
Next articleਯੂਨੀਸੈੱਫ ਕਰੇਗੀ ਟੀਕੇ ਦੀ ਖ਼ਰੀਦ ਤੇ ਸਪਲਾਈ ਮੁਹਿੰਮ ਦੀ ਅਗਵਾਈ