20820 ਵਿਦਿਆਰਥੀ ਮੁੜ ਜੁਟਣਗੇ ਪੜ੍ਹਾਈ ਵਿੱਚ-ਬਿਕਰਮਜੀਤ ਥਿੰਦ
ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਪੰਜਾਬ ਸਰਕਾਰ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਦੇ ਹੁਕਮਾਂ ਤਹਿਤ ਪੰਜਾਬ ਦੇ ਸਮੂਹ ਸਕੂਲ ਉੱਨੀ ਅਕਤੂਬਰ ਤੋਂ ਮੁੜ ਆਪਣੀ ਲੈਅ ਵਿੱਚ ਆ ਕੇ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਦੀਆਂ ਤਿਆਰੀਆਂ ਲਈ ਪੂਰਨ ਤਤਪਰ ਹਨ ਸਿੱਖਿਆ ਮੰਤਰੀ ਪੰਜਾਬ ਅਤੇ ਸਿੱਖਿਆ ਸਕੱਤਰ ਪੰਜਾਬ ਵੱਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਗਾਈਡਲਾਈਨ ਜਾਰੀ ਕਰਕੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸੁਰੱਖਿਅਤ ਰੱਖ ਕੇ ਤਿੰਨ ਘੰਟੇ ਲਈ 20 -22 ਵਿਦਿਆਰਥੀ ਦੇ ਗਰੁੱਪ ਬਣਾ ਕੇ ਪੜ੍ਹਾਈ ਸ਼ੁਰੂ ਕਰਵਾਉਣ ਲਈ ਹਦਾਇਤ ਕੀਤੀ ਹੈ ।
ਸਿੱਖਿਆ ਵਿਭਾਗ ਵੱਲੋਂ ਸਤਾਰਾਂ ਅਕਤੂਬਰ ਨੂੰ ਸਕੂਲਾਂ ਨੂੰ ਸੈਨੀਟਾਈਜ਼ਰ ਦੀ ਮੁਹਿੰਮ ਪੂਰੇ ਪੰਜਾਬ ਵਿੱਚ ਸਫਲਤਾ ਪੂਰਵਕ ਸ਼ੁਰੂ ਕਰ ਦਿੱਤੀ ਗਈ। ਜ਼ਿਲ੍ਹਾ ਕਪੂਰਥਲਾ ਵਿੱਚ 132 ਹਾਈ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਸਿੱਖਿਆ ਸੈਕੰਡਰੀ ਗੁਰਭਜਨ ਸਿੰਘ ਲਾਸਾਨੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਬਿਕਰਮਜੀਤ ਸਿੰਘ ਥਿੰਦ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਗੁਰਸ਼ਰਨ ਸਿੰਘ ਅਤੇ ਏਈਓ ਸੁਖਵਿੰਦਰ ਸਿੰਘ ਖੱਸਣ ਵੱਲੋਂ ਸ਼ਨੀਵਾਰ ਨੂੰ ਵੱਖ ਵੱਖ ਸਕੂਲਾਂ ਦਾ ਦੌਰਾ ਕੀਤਾ ਗਿਆ। ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਵਿਦਿਆਰਥੀਆਂ ਦੀ ਆਮਦ ਲਈ ਪੂਰਨ ਤਿਆਰ ਬਰ ਤਿਆਰ ਹਨ ਅਤੇ ਸਭ ਪ੍ਰਬੰਧ ਮੁਕੰਮਲ ਹਨ।
ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਭਜਨ ਸਿੰਘ ਲਾਸਾਨੀ ਨੇ ਸਰਕਾਰੀ ਹਾਈ ਸਕੂਲ ਭਾਣੋ ਲੰਗਾ ਉਪ ਜ਼ਿਲ੍ਹਾ ਸਿੱਖਿਆ ਸ ਬਿਕਰਮਜੀਤ ਸਿੰਘ ਥਿੰਦ ਅਤੇ ਏਈਓ ਸੁਖਵਿੰਦਰ ਸਿੰਘ ਖੱਸਣ ਨੇ ਸੈਦੋਵਾਲ ਢੁੱਡੀਆਂਵਾਲ ਖੱਸਣ ਰਾਮਗੜ੍ਹ ਭਵਾਨੀਪੁਰ , ਤਲਵੰਡੀ ਮਾਨਾ ਆਦਿ ਸਕੂਲਾਂ ਨੂੰ ਵਿਜ਼ਿਟ ਕੀਤਾ ਅਤੇ ਦੇਖਿਆ ਕਿ ਸਕੂਲ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੀ ਆਮਦ ਨੂੰ ਲੈ ਕੇ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਕੀਤੇ ਗਏ ਸਨ। ਉਪ ਜ਼ਿਲਾ ਸਿੱਖਿਆ ਅਫਸਰ ਗੁਰਭਜਨ ਸਿੰਘ ਲਾਸਾਨੀ ਵੱਲੋਂ ਫਗਵਾੜਾ ਬਲਾਕ ਦੇ ਸਕੂਲਾਂ ਦੇ ਪ੍ਰਬੰਧਾਂ ਤੇ ਸੰਤੁਸ਼ਟੀ ਜ਼ਾਹਿਰ ਕੀਤੀ ਗਈ ।
ਪੰਜਾਬ ਸਰਕਾਰ ਵੱਲੋਂ ਸੱਤ ਮਹੀਨੇ ਬਾਅਦ ਮੁੜ ਸਕੂਲ ਖੋਲ੍ਹਣ ਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਬਾਅਦ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਬਿਕਰਮਜੀਤ ਸਿੰਘ ਥਿੰਦ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹੇ ਵਿੱਚ 62 ਸੀਨੀਅਰ ਸੈਕੰਡਰੀ ਸਕੂਲ ਅਤੇ 70 ਹਾਈ ਸਕੂਲ ਉੱਨੀ ਅਕਤੂਬਰ ਤੋਂ ਖੁੱਲ੍ਹਣ ਲਈ ਤਿਆਰ ਬਰ ਤਿਆਰ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਨੌਵੀਂ ਦੇ 5542, ਦਸਵੀਂ ਦੇ 5482, ਗਿਆਰਵੀਂ ਦੇ 5422 ਅਤੇ ਬਾਰ੍ਹਵੀਂ ਦੇ 4370 ਭਾਵ ਕੁੱਲ ਵੀਹ ਹਜ਼ਾਰ ਅੱਠ ਸੌ ਵੀ ਵਿਦਿਆਰਥੀ ਸਿੱਖਿਆ ਲੈ ਰਹੇ ਹਨ ਅਤੇ ਇਨ੍ਹਾਂ ਦੇ ਰੋਸਟਰ ਬਣਾ ਕੇ ਸਕੂਲਾਂ ਵਿੱਚ ਆਉਣ ਲਈ ਪੂਰਨ ਸੁਰੱਖਿਅਤ ਰੱਖ ਕੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਜ਼ਿਆਦਾਤਰ ਸਕੂਲਾਂ ਦੇ ਅਧਿਆਪਕਾਂ ਵੱਲੋਂ ਨੈਤਿਕ ਫਰਜ਼ ਸਮਝਦਿਆਂ ਕਾਵਿ ਨਾਈਨਟੀ ਸਬੰਧੀ ਟੈਸਟ ਕਰਵਾ ਲਈ ਗਈ ਹੈ, ਅਤੇ ਸਕੂਲ ਵਿੱਚ ਸੈਨੀਟਾਈਜ਼ਰ ਦੇ ਦੇਖ ਰੇਖ ਵੀ ਆਪ ਕੀਤੀ ਜਾ ਰਹੀ ਹੈ। ਬਿਕਰਮਜੀਤ ਸਿੰਘ ਥਿੰਦ ਨੇ ਦੱਸਿਆ ਕਿ ਸਕੂਲ ਮੁਖੀਆਂ ਨੂੰ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵੱਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਵਿਭਾਗ ਦੇ ਸਰਕਾਰ ਦੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨ ਲਈ ਹੁਕਮ ਜਾਰੀ ਕਰ ਦਿੱਤੇ ਹਨ ।