ਜਾਨ ਦਾ ਖ਼ਤਰਾ ਹੋਣ ਕਰਕੇ ਚੋਣ ਅਧਿਕਾਰੀ ਨੇ ਦੁਬਾਰਾ ਗਿਣਤੀ ਦੇ ਹੁਕਮ ਨਹੀਂ ਦਿੱਤੇ: ਮਮਤਾ

ਕੋਲਕਾਤਾ (ਸਮਾਜ ਵੀਕਲੀ) : ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਨੇ ਅੱਜ ਦੋਸ਼ ਲਾਇਆ ਕਿ ਨੰਦੀਗ੍ਰਾਮ ਦੇ ਰਿਟਰਨਿੰਗ ਅਫ਼ਸਰ ਨੂੰ ਆਪਣੀ ਜਾਨ ਦਾ ਖ਼ਤਰਾ ਹੋਣ ਕਰਕੇ ਉਸ ਨੇ ਦੁਬਾਰਾ ਗਿਣਤੀ ਦੇ ਹੁਕਮ ਨਹੀਂ ਦਿੱਤੇ। ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੁਹਰਾਇਆ ਕਿ ਉਹ ਨੰਦੀਗ੍ਰਾਮ ਦੇ ਚੋਣ ਨਤੀਜੇ ਖ਼ਿਲਾਫ਼ ਅਦਾਲਤ ਦਾ ਰੁਖ ਕਰੇਗੀ ਜਿਥੋਂ ਭਾਜਪਾ ਦੇ ਸ਼ੁਵੇਂਦੂ ਅਧਿਕਾਰੀ ਨੇ ਮਮਤਾ ਬੈਨਰਜੀ ਨੂੰ ਹਰਾਇਆ ਹੈ। ਉਨ੍ਹਾਂ ਨੰਦੀਗ੍ਰਾਮ ਦੇ ਰਿਟਰਨਿੰਗ ਅਫ਼ਸਰ ਵੱਲੋਂ ਇਕ ਚੋਣ ਅਧਿਕਾਰੀ ਨੂੰ ਭੇਜਿਆ ਐੱਸਐੱਮਐੱਸ ਜਨਤਕ ਕੀਤਾ ਜਿਸ ’ਚ ਦਾਅਵਾ ਕੀਤਾ ਗਿਆ ਹੈ ਕਿ ਅਧਿਕਾਰੀ ਨੇ ਖ਼ਦਸ਼ਾ ਪ੍ਰਗਟਾਇਆ ਸੀ ਕਿ ਜੇਕਰ ਉਸ ਨੇ ਦੁਬਾਰਾ ਗਿਣਤੀ ਦੇ ਹੁਕਮ ਦਿੱਤੇ ਤਾਂ ਉਸ ਨੂੰ ਗੰਭੀਰ ਸਿੱਟੇ ਭੁਗਤਣੇ ਪੈਣਗੇ ਅਤੇ ਉਸ ਨੂੰ ਖੁਦਕੁਸ਼ੀ ਤੱਕ ਕਰਨੀ ਪੈ ਸਕਦੀ ਹੈ।

ਮਮਤਾ ਨੇ ਕਿਹਾ,‘‘ਸਰਵਰ ਚਾਰ ਘੰਟਿਆਂ ਤੱਕ ਡਾਊਨ ਕਿਉਂ ਰਿਹਾ? ਅਸੀਂ ਲੋਕਾਂ ਦੇ ਫ਼ਤਵੇ ਨੂੰ ਸਵੀਕਾਰ ਕਰਦੇ ਹਾਂ ਪਰ ਇਕ ਹਲਕੇ ਦੇ ਨਤੀਜੇ ’ਚ ਖਾਮੀਆਂ ਹਨ। ਜੋ ਦਿਖਾਈ ਦੇ ਰਿਹਾ ਹੈ, ਉਸ ਤੋਂ ਅਗਾਂਹ ਦੀ ਗੱਲ ਹੋ ਸਕਦੀ ਹੈ। ਸਾਨੂੰ ਸੱਚਾਈ ਪਤਾ ਲਗਾਉਣੀ ਪਵੇਗੀ।’’ ਸਮਰਥਕਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ: ਕੁਝ ਇਲਾਕਿਆਂ ’ਚ ਹਿੰਸਾ ਦੀਆਂ ਰਿਪੋਰਟਾਂ ਮਗਰੋਂ ਉਨ੍ਹਾਂ ਆਪਣੇ ਸਮਰਥਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਾਂਤੀ ਬਣਾ ਕੇ ਰੱਖਣ ਅਤੇ ਕਿਸੇ ਤਰ੍ਹਾਂ ਦੀ ਭੜਕਾਹਟ ’ਚ ਨਾ ਆਉਣ।

ਖੱਬੇ-ਪੱਖੀਆਂ ਨੇ ਭਾਜਪਾ ਦੀ ਸਹਾਇਤਾ ਕੀਤੀ: ਖੱਬੇ-ਪੱਖੀਆਂ ਨੂੰ ਇਕ ਵੀ ਸੀਟ ਨਾ ਮਿਲਣ ’ਤੇ ਟੀਐੱਮਸੀ ਮੁਖੀ ਨੇ ਕਿਹਾ,‘‘ਖੱਬੇ-ਪੱਖੀਆਂ ਨਾਲ ਮੇਰੇ ਸਿਆਸੀ ਮੱਤਭੇਦ ਹੋ ਸਕਦੇ ਹਨ ਪਰ ਮੈਂ ਇਹ ਨਹੀਂ ਚਾਹੁੰਦੀ ਸੀ ਕਿ ਉਨ੍ਹਾਂ ਦਾ ਖਾਤਾ ਨਾ ਖੁੱਲ੍ਹੇ। ਇਹ ਵਧੀਆ ਰਹਿੰਦਾ ਜੇਕਰ ਉਹ ਭਾਜਪਾ ਦੇ ਵੋਟ ਹਾਸਲ ਕਰਦੇ। ਉਨ੍ਹਾਂ ਭਾਜਪਾ ਦੀ ਇੰਨੀ ਹਮਾਇਤ ਕੀਤੀ ਕਿ ਉਹ ਸਿਰਫ਼ ਨਾਮ ਦੇ ਰਹਿ ਗਏ ਹਨ। ਉਨ੍ਹਾਂ ਨੂੰ ਇਸ ਬਾਰੇ ਸੋਚਣ ਦੀ ਲੋੜ ਹੈ। ਦੀਪਾਂਕਰ ਭੱਟਾਚਾਰੀਆ (ਸੀਪੀਐੱਮ-ਐੱਲ) ਨੇ ਇਹ ਨਹੀਂ ਕੀਤਾ।’’

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਰਨਾਟਕ ’ਚ ਆਕਸੀਜਨ ਦੀ ਘਾਟ ਕਾਰਨ 24 ਮਰੀਜ਼ਾਂ ਦੀ ਮੌਤ
Next articleਕਰੋਨਾ: ਦੇਸ਼ ’ਚ ਇਕ ਦਿਨ ਅੰਦਰ ਸਾਢੇ ਤਿੰਨ ਲੱਖ ਤੋਂ ਵੱਧ ਕੇਸ