ਨਕੋਦਰ – 2019 ਦਾ ਆਖ਼ਰੀ ਸੂਰਜ ਗ੍ਰਹਿਣ ਅੱਜ ਲੱਗਿਆ। ਭਾਰਤੀ ਸਮੇਂ ਅਨੁਸਾਰ ਇਹ ਗ੍ਰਹਿਣ ਸਵੇਰੇ 8.17 ਵਜੇ ਤੋਂ ਸ਼ੁਰੂ ਹੋ ਕੇ ਤੋਂ 10.57 ਵਜੇ ਤੱਕ ਲੱਗਿਆ ਰਿਹਾ। ਪਲੇਨੇਟਰੀ ਸੁਸਾਇਟੀ ਆਫ਼ ਇੰਡੀਆ ਦੇ ਡਾਇਰੈਕਟਰ ਰਘੁਨੰਦਨ ਦੇ ਅਨੁਸਾਰ, ਅਗਲੇ ਦਹਾਕੇ ਵਿੱਚ ਆਉਣ ਵਾਲੇ 4-5 ਸੂਰਜ ਗ੍ਰਹਿਣ ਦੇ ਮੁਕਾਬਲੇ, ਇਹ ਸੂਰਜ ਗ੍ਰਹਿਣ ਸਭ ਤੋਂ ਵੱਧ ਦਿਖਾਈ ਦਿੱਤਾ। ਇਸ ਦੇ ਆਧਾਰ ‘ਤੇ ਇਸ ਸੂਰਜ ਗ੍ਰਹਿਣ ਨੂੰ ‘ਸਦੀ ਦਾ ਸਭ ਤੋਂ ਵੱਡਾ ਸੂਰਜ ਗ੍ਰਹਿਣ’ ਕਿਹਾ ਜਾ ਰਿਹਾ ਹੈ।
ਕੀ ਸੀ ਇਸ ਸੂਰਜ ਗ੍ਰਹਿਣ ‘ਚ ਖ਼ਾਸ? -ਵੈਸੇ ਤਾਂ, ਹਰ ਸਾਲ ਸੂਰਜ ਗ੍ਰਹਿਣ ਅਤੇ ਚੰਦਰ ਗ੍ਰਹਿਣ ਹੁੰਦੇ ਹਨ ਅਤੇ ਲੋਕ ਉਨ੍ਹਾਂ ਨੂੰ ਧਰਤੀ ਦੇ ਵੱਖ ਵੱਖ ਹਿੱਸਿਆਂ ‘ਚ ਵੇਖ ਪਾਉਂਦੇ ਹਨ। ਪਰ, ਇਹ ਸੂਰਜ ਗ੍ਰਹਿਣ ਧਰਤੀ ਦੇ ਇੱਕ ਵਿਸ਼ਾਲ ਖੇਤਰ ਵਿੱਚ ਵੇਖਿਆ ਜਾ ਸਕਦਾ ਸੀ। ਰਘੁਨੰਦਨ ਦੇ ਅਨੁਸਾਰ, ਇਸ ਖਗੋਲਿਕ ਘਟਨਾ ਦਾ ਪ੍ਰਭਾਵ ਭਾਰਤ ਸਣੇ ਨੇਪਾਲ, ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼, ਭੂਟਾਨ, ਚੀਨ, ਆਸਟ੍ਰੇਲੀਆ ਆਦਿ ਵਿੱਚ ਦਿਖਾਈ ਦੇਵੇਗਾ।
ਇਹ 2019 ਦਾ ਆਖ਼ਰੀ ਅਤੇ ਤੀਜਾ ਸੂਰਜ ਗ੍ਰਹਿਣ ਸੀ। ਸਾਲ ਦਾ ਪਹਿਲਾ ਸੂਰਜ ਗ੍ਰਹਿਣ 6 ਜਨਵਰੀ ਨੂੰ ਅਤੇ ਦੂਜਾ ਗ੍ਰਹਿਣ 2 ਜੁਲਾਈ ਨੂੰ ਹੋਇਆ ਸੀ। ਇਹ ਦੋਵੇਂ ਅੰਸ਼ਿਕ ਸੂਰਜ ਗ੍ਰਹਿਣ ਸਨ ਜੋ ਕਿ ਭਾਰਤ ਵਿੱਚ ਨਹੀਂ ਦਿਖਾਈ ਦਿੱਤੇ ਸਨ। ਇਹ ਸੂਰਜ ਗ੍ਰਹਿਣ ਦੱਖਣੀ ਭਾਰਤ ਵਿੱਚ ਬਾਕੀ ਦੇਸ਼ ਨਾਲੋਂ ਵਧੇਰੇ ਸਪਸ਼ਟ ਰੂਪ ਵਿੱਚ ਵੇਖਿਆ ਗਿਆ।
ਦਰਅਸਲ, ਇਹ ਖਗੋਲਿਕ ਘਟਨਾ ਚੰਦਰਮਾ ਦੇ ਸੂਰਜ ਅਤੇ ਧਰਤੀ ਦੇ ਵਿਚਕਾਰ ਆਉਣ ਕਾਰਨ ਵਾਪਰਦੀ ਹੈ ਅਤੇ ਕੁਝ ਸਮੇਂ ਲਈ ਕਿਸੇ ਖ਼ਾਸ ਖੇਤਰ ਵਿੱਚ ਹਨੇਰਾ ਛਾ ਜਾਂਦਾ ਹੈ। ਵੀਰਵਾਰ ਦਾ ਸੂਰਜ ਗ੍ਰਹਿਣ ਇਸ ਲਈ ਵੀ ਵਿਸ਼ੇਸ਼ ਸੀ ਕਿਉਂਕਿ ਇਸ ਸਮੇਂ ਦੌਰਾਨ ਸੂਰਜ ‘ਰਿੰਗ ਆਫ਼ ਫਾਇਰ’ ਵਰਗਾ ਦਿਖਾਈ ਦਿੱਤਾ।
ਪੀਆਈਬੀ ਦੇ ਅਨੁਸਾਰ, ਅਗਲਾ ਸੂਰਜ ਗ੍ਰਹਿਣ 21 ਜੂਨ 2020 ਨੂੰ ਹੋਣਾ ਹੈ। ਗ੍ਰਹਿਣ ਨੂੰ ਲੈਕੇ ਅੱਜ ਵੀ ਡਰਾਉਣ ਵਾਲੇ ਵਿਸ਼ਵਾਸ ਕਾਇਮ ਹਨ। ਦੁਨੀਆ ਵਿੱਚ ਅਜਿਹੇ ਲੋਕ ਵੀ ਹਨ ਜਿਨ੍ਹਾਂ ਲਈ ਗ੍ਰਹਿਣ ਕਿਸੇ ਖ਼ਤਰੇ ਦਾ ਪ੍ਰਤੀਕ ਹੈ – ਜਿਵੇਂ ਕਿ ਸੰਸਾਰ ਦੇ ਅੰਤ ਜਾਂ ਭਿਆਨਕ ਉਥਲ-ਪੁਥਲ ਦੀ ਚੇਤਾਵਨੀ।
(ਹਰਜਿੰਦਰ ਛਾਬੜਾ)ਪਤਰਕਾਰ 9592282333