“ਲੇਬਰ ਡੇਅ”(ਕਹਾਣੀ)

ਬਰਜਿੰਦਰ ਕੌਰ ਬਿਸਰਾਓ
(ਸਮਾਜ ਵੀਕਲੀ)-  ਸੇਠ ਜਨਕ ਰਾਜ ਦੀ ਪਹਿਲਾਂ ਕਰਿਆਨੇ ਦੀ ਛੋਟੀ ਜਿਹੀ ਦੁਕਾਨ ਸੀ ਪਰ ਹੁਣ ਦੁਕਾਨ ਨਹੀਂ ਰਹੀ ਸੀ ਬਲਕਿ ਸ਼ਹਿਰ ਦਾ ਇੱਕ ਵੱਡਾ ਸ਼ੋਅ ਰੂਮ ਬਣ ਗਿਆ ਸੀ ਜਿਸ ਵਿੱਚ ਲੱਗ ਭੱਗ ਘਰੇਲੂ ਵਰਤੋਂ ਦਾ ਹਰ ਕਿਸਮ ਦਾ ਸਮਾਨ ਸੀ।ਉਸ ਵਿੱਚ ਤਕਰੀਬਨ ਪੱਚੀ ਤੀਹ ਕਰਿੰਦੇ ਕੰਮ ਕਰਦੇ ਸਨ। ਉਸ ਵਿੱਚ ਅਠਾਰਾਂ ਸਾਲ ਦੇ ਕਿਸ਼ੋਰ ਤੋਂ ਲੈਕੇ ਪੈਂਹਠ ਸੱਤਰ ਸਾਲ ਦੇ ਬਜ਼ੁਰਗ ਤੱਕ ਕੰਮ ਕਰਦੇ ਸਨ। ਸੇਠ ਦੇ ਨਾਲ ਉਸ ਦਾ ਪੁੱਤਰ ਵੀ ਬੈਠਦਾ ਸੀ।ਪਰ ਉਹ ਦੋਵੇਂ ਪਿਓ ਪੁੱਤ ਤਾਂ ਅਲੱਗ ਬਣੇ ਕੈਬਿਨ ਵਿੱਚ ਹਿਸਾਬ ਕਿਤਾਬ ਕਰਨ ਵਾਲੇ ਕਰਮਚਾਰੀ ਤੇ ਨਿਗਾਹ ਰੱਖਦੇ ਸਨ। ਕਰਿੰਦਿਆਂ ਵਿੱਚ ਵੀ ਜਿਹੜੇ ਦਸ ਜਮਾਤਾਂ ਪੜ੍ਹੇ ਹੋਏ ਸਨ ਤੇ ਹੱਟੇ ਕੱਟੇ ਸਨ ਉਹ ਵਿਚਾਰੇ ਗ਼ਰੀਬ ਤੇ ਮਜ਼ਬੂਰ ਮਰੀਅਲ ਜਿਹੇ ਮਜ਼ਦੂਰਾਂ ਤੇ ਰੋਹਬ ਪਾ ਕੇ ਰੱਖਦੇ ਤੇ ਉਹਨਾਂ ਤੋਂ ਆਪਣੇ ਹਿੱਸੇ ਦਾ ਕੰਮ ਵੀ ਕਰਵਾਈ ਜਾਂਦੇ।
                     ਸੇਠ ਜਨਕ ਰਾਜ ਨੇ ਇੱਕ ਮਈ ਨੂੰ ਸ਼ਾਮ ਨੂੰ ਮਜ਼ਦੂਰਾਂ ਨੂੰ ਪਾਰਟੀ ਕੀਤੀ ਜਿਸ ਵਿੱਚ ਚਾਹ ਦੇ ਨਾਲ ਇੱਕ ਇੱਕ ਸਮੋਸਾ ਅਤੇ ਬਰਫ਼ੀ ਦੀ ਟੁਕੜੀ ਪੁਰਾਣੇ ਅਖ਼ਬਾਰਾਂ ਦੇ ਟੁਕੜਿਆਂ ਤੇ ਰੱਖ ਕੇ ਪਰੋਸੇ ਗਏ। ਉਪਰਲੇ ਦਰਜੇ ਦੇ ਕਰਮਚਾਰੀਆਂ ਨੂੰ ਤਾਂ ਸਮਝ ਸੀ ,ਵਿਚਾਰੇ ਹੇਠਲੇ ਪੱਧਰ ਦੇ ਮਜ਼ਦੂਰ ਇਸ ਗੱਲੋਂ ਅਣਜਾਣ ਸਨ ਕਿ ਅੱਜ ਉਹਨਾਂ ਦੇ ਮਾਲਕ ਨੇ ਕਿਹੜੀ ਖੁਸ਼ੀ ਵਿੱਚ ਪਾਰਟੀ ਦਿੱਤੀ ਸੀ। ਸੇਠ ਨੇ ਇਸ “ਪਾਰਟੀ” ਵਿੱਚ ਸ਼ਹਿਰ ਦੇ ਕੁਝ ਪਤਵੰਤੇ ਸੱਜਣ ਵੀ ਬੁਲਾਏ। ਉਹਨਾਂ ਸਭ ਲਈ ਹੋਰ ਤਰ੍ਹਾਂ ਦੀਆਂ ਮਹਿੰਗੀਆਂ ਮਠਿਆਈਆਂ ਅਤੇ ਹੋਰ ਤਰ੍ਹਾਂ ਦੀਆਂ ਖਾਣ ਵਾਲੀਆਂ ਚੀਜ਼ਾਂ ਵੱਖ਼ਰੇ ਤੌਰ ਤੇ ਸਜਾ ਕੇ ਪਰੋਸੀਆਂ ਗਈਆਂ। ਕੁਝ ਪੱਤਰਕਾਰ ਬੁਲਾਏ ਗਏ। ਕੁਛ ਮਜ਼ਦੂਰਾਂ ਨੂੰ ਛੋਟੇ ਛੋਟੇ ਪੈਕੇਟ ਰੰਗਦਾਰ ਕਾਗਜ਼ ਵਿੱਚ ਲਪੇਟ ਕੇ  ਵੰਡਦਿਆਂ ਦੀਆਂ ਫੋਟੋਆਂ ਖਿੱਚੀਆਂ ਗਈਆਂ।ਜਦ ਸਾਰੇ ਚਲੇ ਗਏ , ਮੂਹਰਲੇ ਕਰਿੰਦਿਆਂ ਨੇ ਉਹ ਸਾਰੇ ਪੈਕੇਟ ਉਹਨਾਂ ਮਜ਼ਦੂਰਾਂ ਤੋਂ ਫੜ ਕੇ ਇੱਕ ਪਾਸੇ ਰੱਖ ਦਿੱਤੇ ਕਿਉਂਕਿ ਉਹ ਖਾਲੀ ਡੱਬਿਆਂ ਤੇ ਰੰਗਲਾ ਕਾਗਜ਼ ਚੜ੍ਹਾ ਕੇ ਸਿਰਫ਼ ਫੋਟੋਆਂ ਖਿਚਾਉਣ ਲਈ ਤਿਆਰ ਕੀਤੇ ਗਏ ਸਨ।
             ਅਗਲੇ ਦਿਨ ਸੇਠ ਵੱਲੋਂ ਮਨਾਏ ਗਏ ‘ਲੇਬਰ ਡੇਅ’ ਦੀਆਂ ਖ਼ਬਰਾਂ, ਅਖ਼ਬਾਰਾਂ ਦੇ ਪੰਨਿਆਂ ‘ਤੇ ਫੋਟੋਆਂ ਸਮੇਤ ਛਪੀਆਂ। ਸੇਠ ਨੂੰ ਸਵੇਰ ਤੋਂ ਹੀ ਲੋਕਾਂ ਦੇ ਵਧਾਈਆਂ ਦੇ ਫੋਨ ਆਉਣੇ ਸ਼ੁਰੂ ਹੋ ਗਏ। “ਵਾਹ ! ਜਨਕ ਰਾਜ ਜੀ ,ਅੱਜ ਤਾਂ ਸਾਰੇ ਪਾਸੇ ਛਾਏ ਪਏ ਹੋ। ਮੁਬਾਰਕਾਂ ਜੀ , ਬਹੁਤ ਬਹੁਤ ਮੁਬਾਰਕਾਂ।”ਸੇਠ ਨੂੰ ਉਸ ਦੇ ਇੱਕ ਹੋਰ ਸੇਠ ਮਿੱਤਰ ਦਾ ਫ਼ੋਨ ਆਇਆ।ਸੇਠ ਦਫ਼ਤਰ ਵਿੱਚ ਆਪਣੀ ਉੱਚੀ ਢੋਅ ਵਾਲੀ ਕੁਰਸੀ ਤੇ ਗੋਗੜ ਉੱਪਰ ਨੂੰ ਕੱਢੀ ਐਦਾਂ ਬੈਠਾ ਸੀ ਜਿਵੇਂ ਅੱਧਾ ਲੇਟਿਆ ਹੋਵੇ। ਮੂਹਰੇ ਸ਼ੀਸ਼ੇ ਵਾਲ਼ੇ ਚਮਕਦੇ ਮੇਜ਼ ਉੱਤੇ ਅੱਜ ਦੀਆਂ “ਲੇਬਰ ਡੇਅ” ਦੀਆਂ ਫੋਟੋਆਂ ਵਾਲੇ ਅਖ਼ਬਾਰ ਪਏ ਸਨ। ਫੋਨ ਕੰਨ ਨੂੰ ਲਾਏ ਹੋਏ ਹੱਸਦਾ ਹੋਇਆ ਸੇਠ ਬੋਲਿਆ,”ਹਾ ..ਹਾ… ਹਾ …ਹਾ ….ਹਾ…….ਭਾਈ ਸਾਹਿਬ ਜੀ…. ਇਹ ਲੇਬਰ ਡੇਅ… ਸਾਡੇ ਪੂਰਾ ਸਾਲ ਬਹੁਤ ਕੰਮ ਆਉਂਦਾ।ਹਾ ਹਾ ਹਾ…….ਸਾਰੀ ਲੇਬਰ ਆਪਣੀ ਫੋਟੋ ਅਖ਼ਬਾਰ ਵਿੱਚ ਦੇਖ ਕੇ ਖੁਸ਼ ਹੋਈ ਪਈ ਆ। ਸਾਰਾ ਸਾਲ ਇਹਨਾਂ ਤੋਂ ਕੰਮ ਲੈਣ ਲਈ ਇੱਕ ਸਮੋਸਾ ਤੇ ਇਹ ਫੋਟੋ ਬਹੁਤ ਕੰਮ ਆਉਂਦੀ ਆ।”
“ਹਾ ਹਾ ਹਾ ਹਾ…ਸਮਝ ਗਏ ਜਨਕ ਰਾਜ ਜੀ….ਤੁਹਾਡੀ ਕਾਮਯਾਬੀ ਦਾ ਰਾਜ਼….ਹਾ ਹਾ ਹਾ ਹਾ….!”
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -577/(ਮਜ਼ਦੂਰ ਦਿਵਸ ਤੇ ਵਿਸ਼ੇਸ਼)
Next article  ਏਹੁ ਹਮਾਰਾ ਜੀਵਣਾ ਹੈ -578