ਜਾਅਲੀ ਟੀ-20 ਮੈਚ: ਪੁਲੀਸ ਵੱਲੋਂ ਇਕ ਹੋਰ ਮੁਲਜ਼ਮ ਗ੍ਰਿਫ਼ਤਾਰ

ਐਸ.ਏ.ਐਸ. ਨਗਰ (ਮੁਹਾਲੀ) (ਸਮਾਜਵੀਕਲੀ)  :  ਮੁਹਾਲੀ ਪੁਲੀਸ ਨੇ ਪਿੰਡ ਸਵਾੜਾ ਦੇ ਮੈਦਾਨ ਵਿਚ ਟੀ-20 ਕ੍ਰਿਕਟ ਮੈਚ ਕਰਵਾਉਣ ਅਤੇ ਜਾਅਲਸਾਜ਼ੀ ਨਾਲ ਇਸ ਮੈਚ ਦਾ ਆਨਲਾਈਨ ਪ੍ਰਸਾਰਣ ਸ੍ਰੀਲੰਕਾ ਤੋਂ ਦਿਖਾਉਣ ਤੇ ਸੱਟਾ ਲਾਊਣ ਦਾ ਪਰਦਾਫਾਸ਼ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ। ਜ਼ਿਲ੍ਹਾ ਪੁਲੀਸ ਹੈੱਡਕੁਆਰਟਰ ’ਤੇ ਐੱਸਐੱਸਪੀ ਕੁਲਦੀਪ ਸਿੰਘ ਚਾਹਲ ਨੇ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਇਕ ਮੁਲਜ਼ਮ ਰਵਿੰਦਰ ਸਿੰਘ ਡੰਡੀਵਾਲ ਵਾਸੀ ਨੌਹਰ, ਜ਼ਿਲ੍ਹਾ ਹਨੂਮਾਨਗੜ੍ਹ (ਰਾਜਸਥਾਨ) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਹੈਪੀ ਚੰਡੀਗੜ੍ਹ ਅਤੇ ਕੁੱਜੂ ਚੰਡੀਗੜ੍ਹ ਦੀ ਗ੍ਰਿਫ਼ਤਾਰੀ ਬਾਕੀ ਹੈ।

ਇਸ ਤੋਂ ਪਹਿਲਾਂ ਪੰਕਜ ਅਰੋੜਾ ਤੇ ਰਾਜੇਸ਼ ਗਰਗ ਉਰਫ਼ ਰਾਜੂ ਕਾਲੀਆ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਅਦਾਲਤ ਨੇ ਪੰਕਜ ਤੇ ਰਾਜੇਸ਼ ਦਾ ਦੋ ਦਿਨਾਂ ਦਾ ਪੁਲੀਸ ਰਿਮਾਂਡ ਹੋਰ ਵਧਾ ਦਿੱਤਾ ਹੈ ਜਦਕਿ ਡੰਡੀਵਾਲ ਨੂੰ ਪੰਜ ਦਿਨਾਂ ਦੇ ਰਿਮਾਂਡ ’ਤੇ ਭੇਜਿਆ ਗਿਆ ਹੈ।

ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਖਰੜ ਸਦਰ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਐੱਸਪੀ (ਦਿਹਾਤੀ) ਰਵਜੋਤ ਕੌਰ ਗਰੇਵਾਲ ਅਤੇ ਡੀਐੱਸਪੀ ਪਾਲ ਸਿੰਘ ਦੀ ਨਿਗਰਾਨੀ ਹੇਠ ਥਾਣਾ ਸਦਰ ਦੇ ਐੱਸਐੱਚਓ ਇੰਸਪੈਕਟਰ ਸੁਖਬੀਰ ਸਿੰਘ ਦੀ ਅਗਵਾਈ ਵਾਲੀ ਟੀਮ ਦੀ ਮੁੱਢਲੀ ਜਾਂਚ ’ਚ ਇਹ ਗੱਲ ਸਾਹਮਣੇ ਆਈ ਕਿ ਪੰਕਜ ਅਰੋੜਾ ਨੇ ਆਪਣੇ ਸਾਥੀ ਗੋਲਡੀ ਨਾਲ ਮਿਲ ਕੇ ਸਵਾੜਾ ਵਿਚ ਸਟੋਕਰ ਕ੍ਰਿਕਟ ਅਕੈਡਮੀ ਦੀ ਗਰਾਊਂਡ ਬੀਤੀ 29 ਜੂਨ ਤੋਂ 5 ਜੁਲਾਈ ਤਕ 33 ਹਜ਼ਾਰ ਰੁਪਏ ਵਿਚ ਬੁੱਕ ਕਰਵਾਈ ਸੀ। ਪਹਿਲੇ ਦਿਨ ਪੰਕਜ, ਗੋਲਡੀ ਤੇ ਰਾਜੇਸ਼ ਗਰਗ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਚਾਰ ਟੀਮਾਂ ਬਣਾ ਕੇ ਇਸ ਸੀਰੀਜ਼ ਦਾ ਨਾਂ ‘ਯੂਵੀਏ-ਟੀ20 ਪ੍ਰੀਮੀਅਰ’ ਰੱਖਿਆ ਤੇ ਸ੍ਰੀਲੰਕਾ ਤੋਂ ਪ੍ਰਸਾਰਣ ਦਿਖਾ ਕੇ ਧੋਖੇ ਨਾਲ ਵੱਡੀ ਮਾਤਰਾ ’ਚ ਸੱਟਾ ਲਗਾਇਆ।

ਜਾਅਲੀ ਮੈਚ ਦਾ ਮਾਮਲਾ ਧਿਆਨ ਵਿਚ ਆਉਣ ਮਗਰੋਂ ਬੀਤੀ 2 ਜੁਲਾਈ ਨੂੰ ਪੰਕਜ ਅਰੋੜਾ ਤੇ ਰਾਜੇਸ਼ ਗਰਗ ਉਰਫ਼ ਨੂੰ ਕਾਬ ਕਰ ਲਿਆ ਸੀ। ਊਨ੍ਹਾਂ ਦੀ ਨਿਸ਼ਾਨਦੇਹੀ ’ਤੇ ਰਵਿੰਦਰ ਡੰਡੀਵਾਲ, ਹੈਪੀ ਅਤੇ ਕੁੱਜੂ ਨੂੰ ਨਾਮਜ਼ਦ ਕੀਤਾ ਗਿਆ। ਡੰਡੀਵਾਲ ਇੱਥੋਂ ਦੇ ਫੇਜ਼-3ਬੀ1 ਵਿਚ ਪਿਛਲੇ 6 ਸਾਲ ਤੋਂ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਸੀ। ਉਹ ਬੀਬੀਸੀਆਈ ਦੇ ਕ੍ਰਾਈਮ ਸੈੱਲ ਨੂੰ ਵੀ ਲੋੜੀਂਦਾ ਹੈ।

Previous articleਭੁੱਖ ਹੜਤਾਲ ’ਤੇ ਬੈਠੇ ਬੰਦੀ ਸਿੰਘਾਂ ਦੀ ਸਿਹਤ ਵਿਗੜਨ ਲੱਗੀ
Next articleਬੇਅਦਬੀ ਕਾਂਡ: ਗੁਰਮੀਤ ਰਾਮ ਰਹੀਮ ਦੋਸ਼ੀ ਵਜੋਂ ਨਾਮਜ਼ਦ