ਨਵੀਂ ਦਿੱਲੀ (ਸਮਾਜਵੀਕਲੀ) : ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਕਿਹਾ ਕਿ ਕਸ਼ਮੀਰ ਅਤੇ ਲੱਦਾਖ ਖ਼ਿੱਤਿਆਂ ਨੂੰ ਪੂਰਾ ਸਾਲ ਜੋੜਨ ਵਾਲੀ ਜ਼ੋਜਿਲਾ ਸੁਰੰਗ ’ਤੇ ਕੰਮ ਛੇਤੀ ਹੀ ਸ਼ੁਰੂ ਹੋ ਜਾਵੇਗਾ। ਰਣਨੀਤਕ ਤੌਰ ’ਤੇ ਅਹਿਮ ਇਸ ਪ੍ਰਾਜੈਕਟ ਦਾ ਕੰਮ ਪਿਛਲੇ ਕਰੀਬ ਛੇ ਸਾਲਾਂ ਤੋਂ ਲਮਕਿਆ ਹੋਇਆ ਹੈ।
ਸਰਦੀਆਂ ’ਚ ਭਾਰੀ ਬਰਫ਼ਬਾਰੀ ਕਾਰਨ ਸ੍ਰੀਨਗਰ-ਕਾਰਗਿਲ-ਲੇਹ ਕੌਮੀ ਰਾਜਮਾਰਗ ਬੰਦ ਹੋ ਜਾਂਦਾ ਹੈ ਅਤੇ ਲੱਦਾਖ ਖ਼ਿੱਤੇ ਦਾ ਕਸ਼ਮੀਰ ਨਾਲੋਂ ਸੰਪਰਕ ਟੁੱਟ ਜਾਂਦਾ ਹੈ। ਸੜਕ ਆਵਾਜਾਈ ਅਤੇ ਰਾਜਮਾਰਗਾਂ ਤੇ ਐੱਮਐੱਸਐੱਮਈ ਬਾਰੇ ਕੇਂਦਰੀ ਮੰਤਰੀ ਗਡਕਰੀ ਨੇ ਕਿਹਾ ਕਿ 7500-8000 ਕਰੋੜ ਰੁਪਏ ਦੀ ਲਾਗਤ ਵਾਲੀ ਜ਼ੋਜਿਲਾ ਸੁਰੰਗ ’ਤੇ ਵੀ ਕੰਮ ਸ਼ੁਰੂ ਹੋ ਰਿਹਾ ਹੈ।
ਜੰਮੂ ਕਸ਼ਮੀਰ ਦੇ ਨੌਜਵਾਨਾਂ ਨੂੰ ਰੁਜ਼ਗਾਰ ਸਬੰਧੀ ਆਉਂਦੀਆਂ ਦਿੱਕਤਾਂ ਬਾਰੇ ਐੱਮਐੱਸਐੱਮਈ ਮੰਤਰਾਲੇ ਵੱਲੋਂ ਕਰਵਾਈ ਗਈ ਵੀਡੀਓ ਕਾਨਫਰੰਸ ਦੌਰਾਨ ਮੰਤਰੀ ਨੇ ਕਿਹਾ ਕਿ ਦਿੱਲੀ ਨੂੰ ਅੰਮ੍ਰਿਤਸਰ ਅਤੇ ਕੱਟੜਾ ਨਾਲ ਜੋੜਨ ਲਈ ਨਵੇਂ ਐਕਸਪ੍ਰੈੱਸਵੇਅ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਦਿੱਲੀ ਅਤੇ ਅੰਮ੍ਰਿਤਸਰ ਦਾ ਸਫ਼ਰ ਚਾਰ ਘੰਟੇ ਘੱਟ ਹੋ ਜਾਵੇਗਾ।