ਲੋਕ ਲਾਸ਼ ਦਾ ਸਸਕਾਰ ਖੇਤਾਂ ’ਚ ਕਰਵਾਉਣ ਲਈ ਅੜੇ; ਪੁਲੀਸ ਦੀ ਸਖ਼ਤੀ ਮਗਰੋਂ ਵਿਰੋਧ ਕਰਨ ਵਾਲੇ ਭੱਜੇ
ਜਲੰਧਰ (ਸਮਾਜਵੀਕਲੀ) – ਜਲੰਧਰ ਸ਼ਹਿਰ ’ਚ ਅੱਜ ਕਰੋਨਾਵਾਇਰਸ ਕਾਰਨ ਮਰਨ ਵਾਲੇ ਪ੍ਰਵੀਨ ਕੁਮਾਰ ਸ਼ਰਮਾ ਦਾ ਸਸਕਾਰ ਰੁਕਵਾਉਣ ਲਈ ਕੁਝ ਲੋਕਾਂ ਨੇ ਅੜਿੱਕਾ ਪਾਇਆ ਜਿਨ੍ਹਾਂ ਨੂੰ ਬਾਅਦ ਵਿੱਚ ਪੁਲੀਸ ਨੇ ਸਖ਼ਤੀ ਕਰਦਿਆਂ ਭਜਾ ਦਿੱਤਾ। ਜ਼ਿਕਰਯੋਗ ਹੈ ਕਿ ਕਰੋਨਾਵਾਇਰਸ ਕਾਰਨ ਇਹ ਜਲੰਧਰ ਸ਼ਹਿਰ ਵਿੱਚ ਹੋਈ ਪਹਿਲੀ ਮੌਤ ਹੈ। ਇਸ ਦੇ ਨਾਲ ਹੀ ਸ਼ਹਿਰ ਵਿੱਚ ਤਿੰਨ ਹੋਰ ਨਵੇਂ ਮਰੀਜ਼ ਵੀ ਸਾਹਮਣੇ ਆਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮਿੱਠਾ ਬਾਜ਼ਾਰ ਦੇ ਰਹਿਣ ਵਾਲੇ ਪ੍ਰਵੀਨ ਕੁਮਾਰ ਸ਼ਰਮਾ ਨੂੰ ਲੰਘੀ ਰਾਤ ਹੀ ਕਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਸੀ ਤੇ ਲੰਘੀ ਰਾਤ ਢਾਈ ਵਜੇ ਦੇ ਕਰੀਬ ਉਨ੍ਹਾਂ ਦੀ ਮੌਤ ਹੋ ਗਈ ਸੀ।
ਅੱਜ ਲੋਕਾਂ ਨੇ ਮ੍ਰਿਤਕ ਦਾ ਸਸਕਾਰ ਹਰਨਾਮਦਾਸਪੁਰਾ ਦੇ ਸ਼ਮਸ਼ਾਨਘਾਟ ਵਿੱਚ ਹੋਣ ਤੋਂ ਰੋਕਣ ਲਈ ਰਸਤੇ ’ਚ ਰੱਸੀਆਂ ਬੰਨ੍ਹ ਦਿੱਤੀਆਂ। ਉਥੇ ਲੋਕਾਂ ਨੇ ਦੋ-ਢਾਈ ਘੰਟੇ ਰੌਲਾ ਪਾਈ ਰੱਖਿਆ। ਰੌਲਾ ਪਾਉਣ ਵਾਲੀਆਂ ਔਰਤਾਂ ਕਹਿ ਰਹੀਆਂ ਸਨ ਜਿਵੇਂ ਵੇਰਕਾ ਵਾਲਿਆਂ ਨੇ ਭਾਈ ਨਿਰਮਲ ਸਿੰਘ ਦਾ ਸਸਕਾਰ ਨਹੀਂ ਸੀ ਹੋਣ ਦਿੱਤਾ ਤੇ ਉਨ੍ਹਾਂ ਦਾ ਸਸਕਾਰ ਖੇਤਾਂ ਵਿੱਚ ਕੀਤਾ ਗਿਆ। ਇਸੇ ਤਰ੍ਹਾਂ ਪ੍ਰਵੀਨ ਸ਼ਰਮਾ ਦਾ ਸਸਕਾਰ ਵੀ ਖੇਤਾਂ ਵਿੱਚ ਹੀ ਕੀਤਾ ਜਾਵੇ।
ਉਥੇ ਮੌਜੂਦ ਕਾਂਗਰਸੀ ਆਗੂ ਜਿਮੀ ਕਾਲੀਆ ਨੇ ਵੀ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਕੋਈ ਗੱਲ ਨਾ ਸੁਣੀ। ਸਥਿਤੀ ਵਿਗੜਦੀ ਦੇਖ ਕੇ ਪੁਲੀਸ ਨੇ ਜਦੋਂ ਸਖ਼ਤੀ ਦਿਖਾਈ ਤਾਂ ਫਿਰ ਰੌਲਾ ਪਾਉਣ ਵਾਲੇ ਭੱਜ ਗਏ। ਮਾਮਲਾ ਸ਼ਾਂਤ ਹੋਣ ਤੋਂ ਬਾਅਦ ਹੀ ਸਿਹਤ ਵਿਭਾਗ ਦੀ ਟੀਮ ਲਾਸ਼ ਲੈ ਕੇ ਹਰਨਾਮਦਾਸਪੁਰਾ ਦੇ ਸ਼ਮਸ਼ਾਨਘਾਟ ਪਹੁੰਚੀ। ਮੌਕੇ ’ਤੇ ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਡੀਸੀਪੀ ਗੁਰਮੀਤ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ।
ਕਰੋਨਾ ਪੀੜਤ ਦੀ ਮੌਤ ਹੋਣ ਮਗਰੋਂ ਉੱਤਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਬਾਵਾ ਹੈਨਰੀ ਤੇ ਸਾਬਕਾ ਮੰਤਰੀ ਅਵਤਾਰ ਹੈਨਰੀ ਪਰਿਵਾਰ ਸਮੇਤ ਇਕਾਂਤਵਾਸ ਹੋ ਗਏ ਹਨ। ਵਿਧਾਇਕ ਬਾਵਾ ਹੈਨਰੀ ਨੇ ਖੁਦ ਹੀ ਆਪਣੇ ਘਰ ਦੇ ਬਾਹਰ ਇਕਾਂਤਵਾਸ ਰਹਿਣ ਦਾ ਹੱਥ ਲਿਖਤ ਸਟਿੱਕਰ ਚਿਪਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਭਲਾਈ ਲਈ ਉਨ੍ਹਾਂ ਇਕਾਂਤਵਾਸ ਹੋਣ ਦਾ ਫ਼ੈਸਲਾ ਕੀਤਾ ਹੈ ।