ਉੱਤਰ ਪ੍ਰਦੇਸ਼ ਵਿਚ ਨਾਗਰਿਕਤਾ ਸੋਧ ਐਕਟ ਖ਼ਿਲਾਫ਼ ਰੋਸ ਮੁਜ਼ਾਹਰਿਆਂ ਦੌਰਾਨ ਗ੍ਰਿਫ਼ਤਾਰ ਕੀਤੀ ਗਈ ਕਾਂਗਰਸੀ ਵਰਕਰ ਸਦਫ਼ ਜਫ਼ਰ ਤੇ ਸਾਬਕਾ ਆਈਪੀਐੱਸ ਅਧਿਕਾਰੀ ਐੱਸ.ਆਰ. ਦਾਰਾਪੁਰੀ ਨੂੰ ਅੱਜ ਜੇਲ੍ਹ ਵਿਚੋਂ ਰਿਹਾਅ ਕਰ ਦਿੱਤਾ ਗਿਆ। ਇਨ੍ਹਾਂ ਦੀ ਰਿਹਾਈ ਤੋਂ ਬਾਅਦ ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਨੇ ਯੂਪੀ ਦੀ ਭਾਜਪਾ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ‘ਝੂਠ ਕਦੇ ਜਿੱਤ ਨਹੀਂ ਸਕਦਾ।’ ਪ੍ਰਿਯੰਕਾ ਨੇ ਕਿਹਾ ਕਿ ਜਦ ਅਦਾਲਤ ਨੇ ਪੁਲੀਸ ਤੋਂ ਇਨ੍ਹਾਂ ਖ਼ਿਲਾਫ਼ ਸਬੂਤ ਮੰਗਿਆ ਤਾਂ ਉਹ ਨਹੀਂ ਦੇ ਸਕੇ। ਦਾਰਾਪੁਰੀ ਦਾ ਜ਼ਿਕਰ ਕਰਦਿਆਂ ਪ੍ਰਿਯੰਕਾ ਨੇ ਟਵੀਟ ਕੀਤਾ ਕਿ ਭਾਜਪਾ ਨੇ ਡਾ. ਅੰਬੇਦਕਰ ਦੀ ਵਿਰਾਸਤ ਨੂੰ ਅੱਗੇ ਤੋਰ ਰਹੇ ਸਾਬਕਾ ਆਈਪੀਐੱਸ ਨੂੰ ਬਿਨਾਂ ਵਜ੍ਹਾ ਗ੍ਰਿਫ਼ਤਾਰ ਕਰ ਕੇ ਆਪਣੀ ਅਸਲ ਵਿਚਾਰਧਾਰਾ ਦਰਸਾਈ ਹੈ। ਲਖ਼ਨਊ ਦੀ ਇਕ ਅਦਾਲਤ ਨੇ ਸ਼ਨਿਚਰਵਾਰ ਜਫ਼ਰ, ਦਾਰਾਪੁਰੀ ਤੇ 13 ਹੋਰਾਂ ਨੂੰ ਜ਼ਮਾਨਤ ਦੇ ਦਿੱਤੀ ਸੀ। ਹਾਲਾਂਕਿ ਇਨ੍ਹਾਂ ਨੂੰ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਅੱਜ ਰਿਹਾਅ ਕੀਤਾ ਗਿਆ ਹੈ। ਕਾਂਗਰਸ ਦੀ ਲਖ਼ਨਊ ਇਕਾਈ ਦੇ ਪ੍ਰਧਾਨ ਮੁਕੇਸ਼ ਸਿੰਘ ਚੌਹਾਨ ਨੇ ਦੱਸਿਆ ਕਿ ਦੋਵੇਂ ਜੇਲ੍ਹ ਵਿਚੋਂ ਕਰੀਬ 10 ਵਜੇ ਸਵੇਰੇ ਬਾਹਰ ਆਏ। ਕਾਂਗਰਸ ਵਰਕਰ ਉਨ੍ਹਾਂ ਨੂੰ ਲੈਣ ਲਈ ਉੱਥੇ ਮੌਜੂਦ ਸਨ। ਉਨ੍ਹਾਂ ਕਿਹਾ ਕਿ ਪਾਰਟੀ ‘ਐਕਟ ਅਤੇ ਸ਼ਾਂਤੀਪੂਰਨ ਮੁਜ਼ਾਹਰਾਕਾਰੀਆਂ ’ਤੇ ਪੁਲੀਸ ਵੱਲੋਂ ਢਾਹੇ ਤਸ਼ੱਦਦ ਦੀ ਨਿੰਦਾ ਕਰਦੀ ਹੈ।’ ਜਫ਼ਰ ਨੂੰ 19 ਦਸੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ 76 ਸਾਲਾ ਦਾਰਾਪੁਰੀ ਨੂੰ ਅਗਲੇ ਦਿਨ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਦਾਰਪੁਰੀ ਨੇ ਕਿਹਾ ਕਿ ਔਰਤਾਂ ਸਣੇ ਕੁਝ ਲੋਕਾਂ ਨੂੰ ਹਜ਼ਰਤਗੰਜ ਤੇ ਹੁਸੈਨਗੰਜ ਪੁਲੀਸ ਥਾਣਿਆਂ ਵਿਚ ਲਖ਼ਨਊ ਦੇ ਐੱਸਐੱਸਪੀ ਕਲਾਨਿਧੀ ਨਥਾਨੀ ਦੀ ਹਾਜ਼ਰੀ ਵਿਚ ਕੁੱਟਿਆ ਗਿਆ ਹੈ। ਦਾਰਾਪੁਰੀ ਨੇ ਕਿਹਾ ਕਿ ਐੱਸਐੱਸਪੀ ਨੇ ਉਨ੍ਹਾਂ ਦੇ ਸਾਹਮਣੇ ਹੀ ਔਰਤਾਂ ਨੂੰ ਕੁੱਟਣ ਦਾ ਹੁਕਮ ਦੇ ਦਿੱਤਾ।
HOME ਜਫ਼ਰ ਤੇ ਦਾਰਾਪੁਰੀ ਲਖ਼ਨਊ ਜੇਲ੍ਹ ’ਚੋਂ ਰਿਹਾਅ