ਜਦੋਂ ਬਾਪੂ ਨੇ ਗੁਰੂ ਘਰ ਦੇ ਸਟੇਜ ਸਕੱਤਰ ‘ਤੇ ਆਪਣਾ ਗੁੱਸਾ ਇਕ ਵੱਖਰੇ ਅੰਦਾਜ਼ ਚ ਕੱਢਿਆ !

ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ

(ਸਮਾਜਵੀਕਲੀ)

ਇਹ ਘਟਨਾ ਯੂ ਕੇ ਦੇ ਗਰੇਵਜ਼ਇੰਡ ਸ਼ਹਿਰ ਵਿਚਲੇ ਇਕ ਨਾਮਵਰ ਗੁਰੂ ਘਰ ਦੀ ਹੈ । ਅਨੰਦ ਕਾਰਜ ਦੀ ਰਸਮ ਸਮਾਪਤ ਹੋਣ ਉਪਰੰਤ ਰਾਗੀ ਸਿੰਘਾਂ ਨੇ ਆਨੰਦ ਸਾਹਿਬ ਦਾ ਸ਼ਬਦ ਗਾਇਣ ਕੀਤਾ …… ਜਾਂਝੀਆਂ ਤੇ ਮਾਂਝੀਆਂ ਨੇ ਰਾਗੀਆਂ ਨੂੰ ਮਾਇਆ ਭੇਂਟ ਕਰਨ ਦੇ ਨਾਲ ਹੀ ਇਕ ਦੂਸਰੇ ਨੂੰ ਅਨੰਦ ਕਾਰਜ ਦੀ ਨਿਰਵਿਘਨ ਸੰਪੂਰਨਤਾ ਵਾਸਤੇ ਵਧਾਈਆਂ ਦਿੱਤੀਆਂ ।

ਇਸੇ ਦੋਰਾਨ ਸਟੇਜ ਸਕੱਤਰ ਨੇ ਸਮੂਹ ਸੰਗਤਾਂ ਨੂੰ ਵਾਪਸ ਆਪੋ ਆਪਣੀ ਜਗਾ ‘ਤੇ ਬੈਠ ਜਾਣ ਦੀ ਬੇਨਤੀ ਕੀਤੀ ਤੇ ਸੰਗਤਾਂ ਨੇ ਵਾਪਸ ਆਪੋ ਆਪਣਾ ਸਥਾਨ ਗ੍ਰਹਿਣ ਕਰ ਲਿਆ ਜਿਸ ਨਾਲ ਦਰਬਾਰ ਸਾਹਿਬ ਹਾਲ ਵਿੱਚ ਮਾਹੌਲ ਇਕ ਵਾਰ ਫੇਰ ਸ਼ਾਂਤ ਹੋ ਗਿਆ । ਸਟੇਜ ਸਕੱਤਰ ਨੇ ਮਾਇਕ ਸੰਭਾਲ਼ਿਆ ਤੇ ਸੁਭਾਗੀ ਜੋੜੀ ਨੂੰ ਵਧਾਈ ਦੇ ਕੇ ਉਹਨਾਂ ਦੇ ਅਗਲੇਰੇ ਗ੍ਰਹਸਥ ਜੀਵਨ ਵਾਸਤੇ ਸ਼ੁਭ ਇੱਛਾਵਾਂ ਦੇਣ ਦੇ ਨਾਲ ਨਾਲ ਹੀ ਦੋਹਾਂ ਧਿਰਾਂ ਦੇ ਪਰਿਵਾਰਕ ਮੈਂਬਰਾਂ ਦਾ ਨਾਮ ਲੈ ਲੈ ਕੇ ਆਪਣੇ  ਵੱਲੋਂ  ਤੇ  ਗੁਰਦੁਆਰਾ ਪਰਬੰਧਕ ਕਮੇਟੀ ਵਲੋਂ ਵਧਾਈ ਦਿੱਤੀ ਤੇ ਸਮੂਹ ਰਿਸ਼ਤੇਦਾਰਾਂ ਦਾ ਇਸ ਸ਼ੁਭ ਕਾਰਜ ਚ ਹਾਜ਼ਰ ਹੋਣ ਵਾਸਤੇ ਸਵਾਗਤ ਕਰਦਿਆਂ ਉਹਨਾਂ ਦਾ ਧੰਨਵਾਦ ਕਰਦਿਆਂ ਮੁਬਾਰਕਾਂ ਵੀ ਪੇਸ਼ ਕੀਤੀਆਂ ।

ਸੁਭਾਗੀ ਜੋੜੀ ਨੂੰ ਗੁਰੂ ਘਰ ਦੀ ਪਰਬੰਧਕ ਕਮੇਟੀ ਵੱਲੋਂ, ਬੋਲੇ  ਸੋ ਨਿਹਾਲ ………… ਦੇ ਜ਼ੋਰਦਾਰ ਜੈਕਾਰਿਆਂ ਨਾਲ ਸਿਰੋਪਾਓ ਭੇਂਟ ਕਰਕੇ ਸਨਮਾਨਤ ਕੀਤਾ ਗਿਆ ।

ਸਟੇਜ ਸਕੱਤਰ ਨੇ ਸਮਾਗਮ ਦੀ ਕਾਰਵਾਈ ਅੱਗੇ ਵਧਾਉਦਿਆ ਬੇਨਤੀ ਕੀਤੀ ਕਿ “ਸੰਗਤ ਜੀ, ਹੁਣ ਸਮਾਂ ਕਾਫ਼ੀ ਹੋ ਚੁੱਕਾ ਹੈ, ਤੁਸੀਂ ਰਿਸੈਪਸ਼ਨ ਹਾਲ ਵਿੱਚ ਵੀ ਪਹੁੰਚਣਾ ਹੈ, ਇਸ  ਕਰਕੇ  ਤੁਹਾਡਾ ਹੋਰ ਬਹੁਤਾ  ਸਮਾਂ ਨਹੀਂ ਲਿਆ ਜਾਵੇਗਾ, ਹੁਣ ਸਾਡੇ ਇਸ ਸ਼ਹਿਰ ਦੇ ਬਹੁਤ ਹੀ ਪਤਵੰਤੇ, ਬਾਪੂ …… ਸਿੰਘ ਜੀ ਨੂੰ ਦਾਸ ਬੇਨਤੀ ਕਰਦਾ ਹੈ ਕਿ ਉਹ ਸਟੇਜ ‘ਤੇ ਆਉਣ  ਤੇ ਇਕ ਮਿੰਟ ਵਾਸਤੇ, ਸੁਭਾਗੀ ਜੋੜੀ ਨੂੰ ਆਪਣਾ ਅਸ਼ੀਰਵਾਦ ਦੇਣ …… ਬਾਪੂ ਜੀ ਅੱਸੀਆਂ ਕੁ ਦੇ ਨੇੜੇ ਤੇੜੇ ਸਨ …… ਸੋ ਹੌਲੀ ਹੌਲੀ ਆਪਣੀ ਖੂੰਡੀ ਦੇ ਸਹਾਰੇ ਆਪਣੇ ਪੱਬ ਬੋਚ ਬੋਚ ਕੇ ਧਰਦੇ ਹੋਏ ਸਟੇਜ ‘ਤੇ ਪਹੁੰਚੇ …… ਆਪਣੀ ਖੂੰਡੀ ਲੈਕਚਰ ਸਟੈਂਡ ਦੇ ਸਹਾਰੇ ਖੜੀ ਕਰਕੇ …… ਇਕ ਦੋ ਮਿੰਟ ਮਾਇਕ ਨੂੰ ਆਪਣੇ ਮੂੰਹ ਦੇ ਨੇੜੇ ਕਰਨ ਤੋਂ ਬਾਅਦ ਦੋਵੇਂ ਹੱਥ ਜੋੜਕੇ ਕਹਿੰਦੇ “ਵਾਹਿਗੁਰੂ ਜੀ ਕਾ ਖਾਲਸਾ, ਵਾਹੇਗੁਰੂ ਜੀ ਕੀ ਫ਼ਤਿਹ” …… ਇਸ ਤੋਂ ਬਾਅਦ ਬਾਪੂ ਜੀ ਨੇ ਅੱਧਾ ਕੁ ਮਿੰਟ ਹੱਥ ਜੋੜੀ ਰੱਖੇ ਤੇ ਸੰਗਤ ਹਾਲ ਦੇ ਹਰ ਕੋਨੇ ਵੱਲ ਨਿਗਾਹ ਘੁਮਾਈ ਤੇ ਇਕ ਵਾਰ ਫਿਰ ਬੋਲੇ “ਵਾਹਿਗੁਰੂ ਜੀ ਕਾ ਖਾਲਸਾ, ਵਾਹੇਗੁਰੂ ਜੀ ਕੀ ਫ਼ਤਿਹ” ਤੇ ਬੋਲੇ, ਸਾਧ ਸੰਗਤ ਜੀ, ਦਾਸ ਨੂੰ ਸਿਰਫ ਇਕ ਮਿੰਟ ਦਾ ਸਮਾਂ ਹੀ ਮਿਲਿਆ ਹੈ, ਇਕ  ਮਿੰਟ ਵਿੱਚ  ਤਾਂ ਦਾਸ ਆਪ  ਜੀ  ਨਾਲ ਦੋ ਵਾਰ ਫ਼ਤਿਹ ਦੀ ਸਾਂਝ ਹੀ ਪਾ ਸਕਦਾ ਹੈ, ਸੋ ਮੇਰਾ ਸਮਾਂ ਸਮਾਪਤ ਹੋ ਚੁੱਕਾ ਹੈ, ਭੁੱਲ ਚੁੱਕ ਦੀ ਖਿਮਾ, ਏਨੀ ਕੁ ਹਾਜਰੀ ਪਰਵਾਨ ਕਰਨਾ ਜੀ।”

ਏਨੀ ਗੱਲ ਆਖ ਬਾਪੂ ਜੀ ਨੇ ਆਪਣੀ ਖੂੰਡੀ ਫੜੀ ਤੇ ਸਟੇਜ ਛੱਡਕੇ ਰੇਵੀਏ ਰੇਵੀਏ ਆਪਣਾ ਸਥਾਨ ਗ੍ਰਹਿਣ ਕਰਨ ਵੱਲ ਤੁਰ ਪਏ …… ਇਹ ਸਭ ਕੁੱਜ ਦੇਖ ਕੇ ਸੰਗਤ ਵਿੱਚ ਹਾਸਾ ਵੀ ਪਿਆ ਤੇ ਘੁਸਰ ਮੁਸ਼ਰ  ਵੀ ਕਾਫ਼ੀ ਹੋਈ …… ਖ਼ੈਰ, ਸਟੇਜ ਸਕੱਤਰ ਪੜਿ੍ਹਆ ਲਿਖਿਆ ਸੀ ਉਸ ਨੇ ਮੌਕਾ ਸੰਭਾਲਦਿਆਂ, ਪਹਿਲਾਂ ਉਹ ਬਾਪੂ ਜੀ ਨੂੰ ਮੋੜ ਕੇ ਵਾਪਸ ਸਟੇਜ ‘ਤੇ ਲਿਆਇਆ ਤੇ ਫੇਰ ਸੰਗਤ ਨੂੰ ਸੰਬੋਧਿਤ ਹੁੰਦਿਆਂ ਕਹਿੰਦਾ “ਸੰਗਤ ਜੀ, ਸਮੇਂ ਦੀ ਘਾਟ ਨੂੰ ਮੁੱਖ ਰੱਖਕੇ ਬਾਪੂ ਜੀ ਨੂੰ ਸੀਮਤ ਸਮਾਂ ਲੈਣ ਦੀ ਬੇਨਤੀ ਕੀਤੀ ਸੀ, ਪਰ ਬਾਪੂ ਜੀ ਸ਼ਾਇਦ ਗ਼ੁੱਸਾ ਕਰ ਗਏ, ਬਾਪੂ ਜੀ ਸਾਡੇ ਬਹੁਤ ਸਤਿਕਾਰਤ ਹਨ, ਸਾਨੂੰ ਉਹਨਾ ਦੇ ਵਿਚਾਰ ਜ਼ਰੂਰ ਸੁਣਨੇ ਚਾਹੀਦੇ ਹਨ, ਦਰਬਾਰ ਸਾਹਿਬ ਹਾਲ ਵਿੱਚ ਇਕ ਵਾਰ ਫੇਰ ਚੁੱਪ ਪਸਰ ਗਈ, ਜਿਸ ਤੋਂ ਬਾਦ ਬਾਪੂ ਜੀ ਕੋਈ ਸੱਤ ਅੱਠ ਮਿੰਟ ਬੋਲਦੇ ਰਹੇ, ਜਿਸ ਵਿੱਚੋਂ ਇਕ ਦੋ ਮਿੰਟ ਤਾਂ ਉਹ ਸਟੇਜ ਸਕੱਤਰ ਨਾਲ ਨਰਾਜ਼ਗੀ ਜਿਤਾਉਂਦੇ ਹੋਏ, ਇਕ ਮਿੰਟ ਦਾ ਸਮਾਂ ਦਿੱਤੇ ਜਾਣ ਦੇ ਮਜ਼ਾਕ ਦਾ ਹੀ ਅਰਥ ਸਮਝਾਉਂਦੇ ਨਜ਼ਰ ਆਏ  ਤੇ ਬਾਅਦ ਚ ਉਹਨਾਂ ਕਈ ਬੜੀਆ ਪਤੇ ਦੀਆ ਗੱਲਾਂ ਵੀ ਕੀਤੀਆਂ, ਵਿਆਂਦੜ ਜੋੜੀ ਨੂੰ ਉਹਨਾਂ ਨੇ ਅਸੀਸ ਵੀ ਦਿੱਤੀ ਤੇ ਸਭਨਾ ਨੂੰ ਵਧਾਈ ਵੀ । ਕੁਲ ਮਿਲਾਕੇ ਬਾਪੂ ਜੀ ਦਾ ਨਰਾਜਗੀ ਜਿਤਾਉਣ ਦਾ ਇਹ ਢੰਗ ਬੜਾ ਨਿਰਾਲਾ ਰਿਹਾ ਜਿਸ ਦੀ ਚਰਚਾ ਬਾਦ ਚ ਵਿਆਹ ਵਾਲੀ ਰਿਸੈਪਸ਼ਨ ਦੇ ਹਾਲ ਚ ਵੀ ਹਰ ਟੇਬਲ ਉਤੇ ਚਲਦੀ ਰਹੀ ।

ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ
26/06/2020

Previous articleਸ਼ਾਮਚੁਰਾਸੀ ‘ਚ ਜੁਆਇੰਟ ਫੋਰਮ ਦੇ ਸੱਦੇ ਤੇ ਅਰਥੀ ਫੂਕ ਮੁਜ਼ਾਹਰਾ
Next articleਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ‘ਚ ਸੰਤੁਲਿਤ ਭੋਜਨ ਸਬੰਧੀ ਆਨਲਾਈਨ ਵਰਕਸ਼ਾਪ