ਨੰਦੀਗ੍ਰਾਮ (ਸਮਾਜ ਵੀਕਲੀ) : ਕਿਸਾਨਾਂ ਨੇ ਪੱਛਮੀ ਬੰਗਾਲ ਦੇ ਬਹੁਚਰਚਿਤ ਹਲਕੇ ਨੰਦੀਗ੍ਰਾਮ ਅਤੇ ਰਾਜਧਾਨੀ ਕੋਲਕਾਤਾ ’ਚ ਅੱਜ ਮਹਾਪੰਚਾਇਤਾਂ ਕਰਕੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੂੰ ਵੋਟ ਨਾ ਪਾਉਣ। ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਹੋਈਆਂ ਮਹਾਪੰਚਾਇਤਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ’ਤੇ ਦੋਸ਼ ਲਾਇਆ ਕਿ ਉਸ ਦਾ ਇਰਾਦਾ ਕਿਸਾਨਾਂ ਅਤੇ ਉਨ੍ਹਾਂ ਦੇ ਅੰਦੋਲਨ ਨੂੰ ਕੁਚਲਣਾ ਹੈ।
ਉਨ੍ਹਾਂ ਕੇਂਦਰ ਸਰਕਾਰ ਨੂੰ ਲੁਟੇਰਿਆਂ ਦੀ ਸਰਕਾਰ ਕਰਾਰ ਦਿੱਤਾ ਅਤੇ ਕਿਹਾ ਕਿ ਜਦੋਂ ਕੰਪਨੀਆਂ ਸੰਸਦ ਚਲਾਉਣਗੀਆਂ ਤਾਂ ਅਜਿਹੀਆਂ ਸਰਕਾਰਾਂ ਗੱਲਬਾਤ ਨਹੀਂ ਕਰਦੀਆਂ, ਉਹ ਵਪਾਰ ਕਰਦੀਆਂ ਹਨ ਅਤੇ ਵਿਦੇਸ਼ੀ ਕੰਪਨੀਆਂ ਹਰ ਖੇਤਰ ਨੂੰ ਤਬਾਹ ਕਰ ਦੇਣਗੀਆਂ। ਉਨ੍ਹਾਂ ਦੋਸ਼ ਲਾਇਆ ਕਿ ਰੇਲਗੱਡੀ ਦੇ ਰੂਟ ਤੱਕ ਵੇਚੇ ਜਾ ਚੁੱਕੇ ਹਨ ਅਤੇ ਕਰੋਨਾ ਦਾ ਤਾਂ ਐਵੇਂ ਹੀ ਬਹਾਨਾ ਲਾਇਆ ਜਾ ਰਿਹਾ ਹੈ। ਸਾਰਿਆਂ ਨੂੰ ਕੇਂਦਰ ਸਰਕਾਰ ਤੋਂ ਬਚਣ ਦੀ ਅਪੀਲ ਕਰਦਿਆਂ ਉਨ੍ਹਾਂ ਭਾਜਪਾ ਖ਼ਿਲਾਫ਼ ਵੋਟ ਪਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ,‘‘ਕਿਸੇ ਨੂੰ ਵੀ ਵੋਟ ਪਾਓ ਪਰ ਭਾਜਪਾ ਨੂੰ ਜ਼ਰੂਰ ਹਰਾਓ।’’ ਉਨ੍ਹਾਂ ਕਿਹਾ ਕਿ ਭੁੱਖ ਦਾ ਵਪਾਰ ਰੋਕਣ ਲਈ ਰੋਟੀ ਨੂੰ ਤਿਜੋਰੀ ਵਿੱਚ ਬੰਦ ਨਾ ਹੋਣ ਦਿੱਤਾ ਜਾਵੇ। ਸ੍ਰੀ ਟਿਕੈਤ ਨੇ ਕਿਹਾ ਕਿ ਵਾਲਮਾਰਟ ਵਰਗੀਆਂ ਕੰਪਨੀਆਂ ਪੂੰਜੀ ਲਗਾ ਕੇ ਕੀਮਤਾਂ ਨੂੰ ਪ੍ਰਭਾਵਿਤ ਕਰਨਗੀਆਂ।
‘ਕੇਂਦਰ ਸਰਕਾਰ ਨਾਲ ਵੱਡੀ ਲੜਾਈ ਹੈ ਅਤੇ ਕੋਈ ਵੀ ਪਿੱਛੇ ਨਹੀਂ ਹਟੇਗਾ ਕਿਉਂਕਿ ਬੱਚੇ-ਬੱਚੇ ਦੀ ਜ਼ੁਬਾਨ ਉਪਰ ‘ਘਰ ਵਾਪਸੀ ਨਹੀਂ ਹੈ। ਜਿੱਤੇ ਬਿਨਾਂ ਘਰ ਨਹੀਂ ਜਾਣਾ ਹੈ।’ ਉਨ੍ਹਾਂ ਹਰੇ ਰੰਗ ਦੇ ਸਾਫ਼ੇ ਨੂੰ ਹਵਾ ਵਿੱਚ ਲਹਿਰਾ ਕੇ ਕੇਂਦਰ ਸਰਕਾਰ ਨੂੰ ਚੁਣੌਤੀ ਦਿੱਤੀ। ਉਨ੍ਹਾਂ ਸਪੱਸ਼ਟ ਕੀਤਾ ਕਿ ਬੰਗਾਲ ’ਚ ਉਹ ਕਿਸੇ ਹੋਰ ਪਾਰਟੀ ਦੀ ਹਮਾਇਤ ਨਹੀਂ ਕਰ ਰਹੇ ਹਨ। ਇਸ ਦੌਰਾਨ ਨਰਮਦਾ ਬਚਾਓ ਅੰਦੋਲਨ ਦੀ ਮੁਖੀ ਮੇਧਾ ਪਾਟੇਕਰ ਨੇ ਨਰਿੰਦਰ ਮੋਦੀ ਸਰਕਾਰ ਦੇ ‘ਨਾਪਾਕ ਮਨਸੂਬਿਆਂ’ ਖ਼ਿਲਾਫ਼ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਦੇ ਹੱਕ ਤੋਂ ਵਾਂਝਾ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨੰਦੀਗ੍ਰਾਮ ਦੇ ਲੋਕਾਂ ਨੂੰ ਭਾਜਪਾ ਖ਼ਿਲਾਫ਼ ਵੋਟਾਂ ਪਾ ਕੇ ਹੋਰਾਂ ਨੂੰ ਰਾਹ ਦਿਖਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ,‘‘ਇਹ ਰਾਬਿੰਦਰਨਾਥ ਟੈਗੋਰ ਅਤੇ ਸੁਭਾਸ਼ ਚੰਦਰ ਬੋਸ ਵਰਗੀਆਂ ਮਹਾਨ ਹਸਤੀਆਂ ਦੀ ਧਰਤੀ ਹੈ। ਬੰਗਾਲ ਦੀ ਧਰਤੀ ਵੰਡੀਆਂ ਪਾਉਣ ਵਾਲੀਆਂ ਤਾਕਤਾਂ ਨੂੰ ਇਥੇ ਪੈਰ ਜਮਾਉਣ ਨਹੀਂ ਦੇਵੇਗੀ। ਇਥੋਂ ਦੇ ਕਿਸਾਨ ਈਸਟ ਇੰਡੀਆ ਕੰਪਨੀ ਵਾਂਗ ਹੋਰ ਤਾਕਤਾਂ ਨੂੰ ਸੱਤਾ ਹਾਸਲ ਨਹੀਂ ਕਰਨ ਦੇਣਗੇ।’’
ਹੋਰ ਕਿਸਾਨ ਆਗੂਆਂ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਦੇਸ਼ ਨੂੰ ਬਚਾਉਣ ਲਈ ਸਾਰੇ ਸੂਬਿਆਂ ਦੇ ਹਰ ਵਰਗਾਂ ਦੇ ਲੋਕਾਂ ਨੂੰ ਇਕਜੁੱਟ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਦੇਸ਼ ਕਾਰਪੋਰੇਟ ਘਰਾਣਿਆਂ ਦੀ ਜਕੜ ’ਚ ਹੈ। ਸਰਕਾਰ ਨੂੰ ਕਿਸਾਨ ਵਿਰੋਧੀ ਦੱਸਦਿਆਂ ਉਨ੍ਹਾਂ ਕਿਹਾ ਕਿ ਅੰਦੋਲਨ ਦੌਰਾਨ ਕਰੀਬ 300 ਕਿਸਾਨ ਸ਼ਹੀਦ ਹੋ ਚੁੱਕੇ ਹਨ ਪਰ ਸਰਕਾਰ ਨੇ ਦੋ ਮਿੰਟ ਦਾ ਮੌਨ ਤੱਕ ਨਹੀਂ ਰੱਖਿਆ। ਉਨ੍ਹਾਂ ਕਿਹਾ ਕਿ ਸਰਕਾਰ ਕਾਰਪੋਰੇਟਾਂ ਦੇ ਹੱਥ ਵਿੱਚ ਹੈ, ਇਸ ਕਰਕੇ ਉਹ ਕਿਸਾਨਾਂ ਨਾਲ ਗੱਲ ਨਹੀਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਬਚਾਉਣ ਲਈ ਭਾਜਪਾ ਨੂੰ ਸਬਕ ਸਿਖਾਉਣਾ ਪਵੇਗਾ ਨਹੀਂ ਤਾਂ ਜਨਤਕ ਖੇਤਰ ਤਬਾਹ ਹੋ ਕੇ ਰਹਿ ਜਾਵੇਗਾ।