ਨਵੀਂ ਦਿੱਲੀ- ਰਾਹੁਲ ਗਾਂਧੀ ਵੱਲੋਂ 2013 ’ਚ ਇਕ ਆਰਡੀਨੈਂਸ ਨੂੰ ਨਕਾਰਨ ਦੇ ਮਾਮਲੇ ਤੋਂ ਬਾਅਦ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਯੋਜਨਾ ਕਮਿਸ਼ਨ ਦੇ ਡਿਪਟੀ ਚੇਅਰਮੈਨ ਮੌਂਟੇਕ ਸਿੰਘ ਆਹਲੂਵਾਲੀਆ ਨੂੰ ਪੁੱਛਿਆ ਸੀ ਕਿ ਕੀ ਉਨ੍ਹਾਂ (ਮੌਂਟੇਕ) ਨੂੰ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਵਜੋਂ ਉਹ ਅਸਤੀਫ਼ਾ ਦੇ ਦੇਣ। ਆਹਲੂਵਾਲੀਆ ਨੇ ਕਿਹਾ ਕਿ ਮਨਮੋਹਨ ਉਸ ਵੇਲੇ ਅਮਰੀਕਾ ਦੇ ਦੌਰੇ ’ਤੇ ਸਨ ਤੇ ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਨੂੰ ਸਲਾਹ ਦਿੱਤੀ ਸੀ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਸ ਮੁੱਦੇ ’ਤੇ ਅਸਤੀਫ਼ਾ ਦੇਣਾ ਠੀਕ ਹੋਵੇਗਾ। ਯੂਪੀਏ ਸਰਕਾਰ ਲਈ ਨਮੋਸ਼ੀ ਦਾ ਕਾਰਨ ਬਣੀ ਇਸ ਘਟਨਾ ’ਚ ਰਾਹੁਲ ਗਾਂਧੀ ਨੇ ਸਰਕਾਰ ਵੱਲੋਂ ਲਿਆਂਦੇ ਵਿਵਾਦਤ ਆਰਡੀਨੈਂਸ ਨੂੰ ਨਕਾਰਦਿਆਂ ਪਾੜ ਦਿੱਤਾ ਸੀ। ਇਹ ਦੋਸ਼ੀ ਠਹਿਰਾਏ ਗਏ ਸੰਸਦ ਮੈਂਬਰਾਂ ਬਾਰੇ ਸੁਪਰੀਮ ਕੋਰਟ ਵੱਲੋਂ ਸੁਣਾਏ ਗਏ ਫ਼ੈਸਲੇ ਦੇ ਅਸਰ ਨੂੰ ਘਟਾਉਂਦਾ ਸੀ। ਰਾਹੁਲ ਨੇ ਇਸ ਨੂੰ ‘ਪੂਰੀ ਤਰ੍ਹਾਂ ਗ਼ੈਰਵਾਜਬ’ ਦੱਸਿਆ ਸੀ ਤੇ ਕਿਹਾ ਸੀ ਕਿ ‘ਇਸ ਨੂੰ ਪਾੜ ਕੇ ਸੁੱਟ ਦਿੱਤਾ ਜਾਵੇ।’ ਅਮਰੀਕਾ ਤੋਂ ਮੁੜ ਰਹੇ ਮਨਮੋਹਨ ਸਿੰਘ ਨੇ ਉਸ ਵੇਲੇ ਅਸਤੀਫ਼ਾ ਦੇਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਸੀ ਹਾਲਾਂਕਿ ਉਹ ਇਸ ਤੋਂ ਖਫ਼ਾ ਨਜ਼ਰ ਆਏ। ਮੌਂਟੇਕ ਨੇ ਕਿਹਾ ਕਿ ਉਹ ਨਿਊਯਾਰਕ ਗਏ ਪ੍ਰਧਾਨ ਮੰਤਰੀ ਦੇ ਵਫ਼ਦ ਦਾ ਹਿੱਸਾ ਸਨ ਤੇ ਉਨ੍ਹਾਂ ਦੇ ਭਰਾ ਸੰਜੀਵ (ਸੇਵਾਮੁਕਤ ਆਈਏਐੱਸ) ਨੇ ਫੋਨ ’ਤੇ ਯੋਜਨਾ ਕਮਿਸ਼ਨ ਦੇ ਡਿਪਟੀ ਚੇਅਰਮੈਨ (ਮੌਂਟੇਕ) ਨੂੰ ਦੱਸਿਆ ਕਿ ਉਸ ਨੇ ਪ੍ਰਧਾਨ ਮੰਤਰੀ ਦੀ ਆਲੋਚਨਾ ਕਰਦਾ ਇਕ ਲੇਖ ਲਿਖਿਆ ਹੈ। ਮਨਮੋਹਨ ਨੇ ਵੀ ਮਗਰੋਂ ਇਹ ਲੇਖ ਪੜ੍ਹਿਆ ਤੇ ਮੌਂਟੇਕ ਨੂੰ ਪੁੱਛਿਆ ਕਿ ਕੀ ਉਹ ਅਸਤੀਫ਼ਾ ਦੇ ਦੇਣ? ਆਹਲੂਵਾਲੀਆ ਨੇ ਇਸ ਦਾ ਜ਼ਿਕਰ ਆਪਣੀ ਨਵੀਂ ਰਿਲੀਜ਼ ਕਿਤਾਬ ‘ਬੈਕਸਟੇਜ: ਦੀ ਸਟੋਰੀ ਬਿਹਾਈਂਡ ਇੰਡੀਆ’ਜ਼ ਹਾਈ ਗ੍ਰੋਥ ਯੀਅਰਜ਼’ ਵਿਚ ਕੀਤਾ ਹੈ। ਘਟਨਾ ਨੂੰ ਪ੍ਰਧਾਨ ਮੰਤਰੀ ਦੇ ਨਿਰਾਦਰ ਵਜੋਂ ਦੇਖਿਆ ਗਿਆ ਸੀ।