ਜਥੇਬੰਦੀਆਂ ਨਾਲ ਆਖ਼ਰੀ ਵਾਰਤਾ ਤੋਂ ਪਹਿਲਾਂ ਹੀ ਕੇਂਦਰ ਸਰਕਾਰ ਮਿੱਥ ਚੁੱਕੀ ਸੀ ਬੈਠਕ ਦੀ ਰਣਨੀਤੀ

ਨਵੀਂ ਦਿੱਲੀ (ਸਮਾਜ ਵੀਕਲੀ): ਕਿਸਾਨਾਂ ਨਾਲ ਗਿਆਰ੍ਹਵੇਂ ਗੇੜ ਦੀ ਵਾਰਤਾ ਤੋਂ ਕਾਫ਼ੀ ਪਹਿਲਾਂ ਹੀ ਕੇਂਦਰ ਸਰਕਾਰ ਗੱਲਬਾਤ ਵਾਲੇ ਦਿਨ ਲਈ ਆਪਣੀ ਰਣਨੀਤੀ ਮਿੱਥ ਚੁੱਕੀ ਸੀ। ਜਥੇਬੰਦੀਆਂ ਨੂੰ ਖੇਤੀ ਕਾਨੂੰਨਾਂ ਬਾਰੇ ‘ਸਭ ਤੋਂ ਵਧੀਆ ਪੇਸ਼ਕਸ਼’ ਉਤੇ ਮੁੜ ਵਿਚਾਰ ਕਰਨ ਲਈ ਕਹਿਣ ਦੇ ਨਾਲ ਹੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਦੀ ਇਕ ਵੀਡੀਓ ਜਨਤਕ ਕੀਤੀ ਹੈ। ਇਸ ਵਿਚ ਤੋਮਰ ਕਿਸਾਨ ਜਥੇਬੰਦੀਆਂ ਨੂੰ ਸਖ਼ਤ ਲਹਿਜੇ ਵਿਚ ਵਾਰਤਾ ਲਈ ਨੈਤਿਕਤਾ ਦੀ ਰੂਪ-ਰੇਖਾ ਤੈਅ ਕਰਨ ਬਾਰੇ ਕਹਿ ਕਰ ਰਹੇ ਹਨ। 

ਬੈਠਕ ਖ਼ਤਮ ਕਰਦਿਆਂ ਤੋਮਰ ਨੇ ਕੇਂਦਰ ਸਰਕਾਰ ਤੇ ਕਿਸਾਨ ਜਥੇਬੰਦੀਆਂ ਦਰਮਿਆਨ ਹੋਈ ਵਾਰਤਾ ਵਿਚ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੀ ਭੂਮਿਕਾ ਬਾਰੇ ਵੀ ਮੰਨਿਆ। ਤੋਮਰ ਨੇ ਕਿਹਾ ‘ਮੈਂ ਖ਼ੁਸ਼ ਹਾਂ ਕਿ ਗੱਲਬਾਤ ਦੇ ਸਾਰੇ ਗੇੜਾਂ ਦੌਰਾਨ ਕੇਂਦਰ ਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਮੌਜੂਦ ਰਹਿ ਕੇ ਸਾਡੀ ਮਦਦ ਕੀਤੀ ਹੈ। ਇਸ ਤਰ੍ਹਾਂ ਉਹ ਸਾਡੇ (ਕੇਂਦਰ ਤੇ ਜਥੇਬੰਦੀਆਂ) ਵਿਚਾਲੇ ਪੁਲ ਬਣੇ ਹਨ। ਜਿਸ ਮਿਹਨਤ ਦੀ ਉਨ੍ਹਾਂ ਤੋਂ ਆਸ ਸੀ, ਉਨ੍ਹਾਂ ਉਹ ਕੀਤੀ ਹੈ। ਇਸ ਲਈ ਮੈਂ ਕੇਂਦਰ ਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਦਾ ਧੰਨਵਾਦ ਕਰਦਾ ਹਾਂ।’ ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਚਾਰ ਘੰਟੇ ਤੋਂ ਵੱਧ ਦੀ ਬੈਠਕ ਵਿਚ ਗੱਲਬਾਤ ਸਿਰਫ਼ 30 ਮਿੰਟ ਹੀ ਹੋਈ ਹੈ। 
ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇ ਜਥੇਬੰਦੀਆਂ ਨੂੰ ਲੱਗਦਾ ਹੈ ਕਿ ਵਾਰਤਾ ਵਿਚਾਲੇ ਤਿੰਨ ਘੰਟੇ ਦੀ ਬਰੇਕ ਦੌਰਾਨ ਸਰਕਾਰ ਕਿਸਾਨਾਂ ਨੂੰ ਕੋਈ ਹੋਰ ਪੇਸ਼ਕਸ਼ ਕਰਨ ਬਾਰੇ ਵਿਚਾਰ ਕਰ ਰਹੀ ਸਾਂ ਤਾਂ ਇਹ ਗਲਤਫ਼ਹਿਮੀ ਹੈ। ਸਰਕਾਰ ਉਨ੍ਹਾਂ ਨੂੰ ਆਪਣਾ ਫ਼ੈਸਲਾ ਵਿਚਾਰਨ ਬਾਰੇ ਕੁਝ ਹੋਰ ਸਮਾਂ ਹੀ ਦੇਣਾ ਚਾਹੁੰਦੀ ਸੀ। ਸੂਤਰਾਂ ਦਾ ਕਹਿਣਾ ਹੈ ਕਿ ਕਿਸਾਨ ਜਥੇਬੰਦੀਆਂ ਨੇ ਕਾਨੂੰਨ 18 ਮਹੀਨੇ ਮੁਲਤਵੀ ਕਰਨ ਦੀ ਤਜਵੀਜ਼ ਨਾ ਮੰਨਣ ਬਾਰੇ ਜਦ ਜਨਤਕ ਤੌਰ ’ਤੇ ਐਲਾਨ ਕੀਤਾ ਸੀ, ਉਦੋਂ ਹੀ ਸਰਕਾਰ ਨੇ ਆਪਣੀ ਰਣਨੀਤੀ ਵਾਰਤਾ ਦੇ ਅਗਲੇ ਗੇੜ ਲਈ ਤੈਅ ਕਰ ਲਈ ਸੀ। 

ਤੋਮਰ ਨੇ ਆਖ਼ਰੀ ਬੈਠਕ ਵਿਚ ਕਿਸਾਨ ਆਗੂਆਂ ਅੱਗੇ ਨੈਤਿਕਤਾ ਦੀ ਗੱਲ ਕੀਤੀ ਤੇ ਕਿਹਾ ‘ਆਮ ਤੌਰ ’ਤੇ ਵਾਰਤਾ ਦੌਰਾਨ ਕੋਈ ਨਵਾਂ ਸੰਘਰਸ਼ ਨਹੀਂ ਉਲੀਕਿਆ ਜਾਂਦਾ, ਜਦਕਿ ਤੁਸੀਂ ਗੱਲਬਾਤ ਲਈ ਵੀ ਆ ਰਹੇ ਹੋ ਤੇ ਨਵਾਂ ਸੰਘਰਸ਼ ਵੀ ਐਲਾਨ ਦਿੰਦੇ ਹੋ।’ ਮੌਜੂਦਾ ਸਥਿਤੀ ’ਤੇ ਤੋਮਰ ਨੇ ਜਥੇਬੰਦੀਆਂ ਬਾਰੇ ਇਕ ਹੋਰ ਗੱਲ ਕਰਦਿਆਂ ਕਿਹਾ ‘ਉਹ ਅੱਗੇ ਨਹੀਂ ਵਧ ਪਾ ਰਹੇ ਹਨ ਕਿਉਂਕਿ ਜਿਹੜੀ ਦੂਰਦ੍ਰਿਸ਼ਟੀ ਵਾਰਤਾ ਦੌਰਾਨ ਹੋਣੀ ਚਾਹੀਦੀ ਸੀ, ਉਹ ਹੈ ਹੀ ਨਹੀਂ।’ ਮਗਰੋਂ ਕੇਂਦਰੀ ਮੰਤਰੀ ਨੇ ਮੀਡੀਆ ਨੂੰ ਦੱਸਿਆ ‘ਹੱਲ ਸੰਭਵ ਨਹੀਂ ਹੁੰਦਾ ਜਦੋਂ ਸੰਘਰਸ਼ ਦੀ ਪਵਿੱਤਰਤਾ ਗੁਆਚ ਜਾਵੇ।’  

Previous articleਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਮਿਸ਼ਨਰੀ ਗਾਇਕਾਂ, ਗੀਤਕਾਰਾਂ ਅਤੇ ਬੁਲਾਰਿਆਂ ਨੂੰ ਕੀਤਾ ਸੰਬੋਧਨ
Next article‘ਇਹ ਕਿਸਾਨ ਅੰਦੋਲਨ ਨਹੀਂ, ਜਨ ਅੰਦੋਲਨ ਹੈ’