ਦੇਸ਼ ਭਰ ’ਚ ਮਹਿੰਗੇ ਹੋ ਰਹੇ ਪਿਆਜ਼ ’ਤੇ ਚਿੰਤਾ ਜ਼ਾਹਿਰ ਕਰਦਿਆਂ ਚੰਡੀਗੜ੍ਹ ਦੇ ਪ੍ਰਸ਼ਾਸਨ ਵੀ.ਪੀ. ਸਿੰਘ ਬਦਨੌਰ ਨੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬਿਨਾਂ ਮੁਨਾਫੇ ਤੋਂ ਪਿਆਜ਼ ਵੇਚਣ ਦਾ ਐਲਾਨ ਕੀਤਾ ਹੈ। ਇਸ ਗੱਲ ਦਾ ਪ੍ਰਗਟਾਵਾ ਉਨ੍ਹਾਂ ਚੰਡੀਗੜ੍ਹ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੀਤਾ।
ਇਸ ਮੌਕੇ ਉਨ੍ਹਾਂ ਫੂਡ ਅਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਪਿਆਜ਼ ਨੂੰ ਹੋਲ ਸੇਲ ਰੇਟ ’ਤੇ ਖਰੀਦਣ ਅਤੇ ਪਿੰਡ ਮੌਲੀ ਜੱਗਰਾਂ, ਧਨਾਸ, ਮਲੋਆ, ਰਾਮ ਦਰਬਾਰ ਅਤੇ ਮਨੀਮਾਜਰਾ ’ਚ ਵਿਕਰੀ ਕੇਂਦਰ ਖੋਲ੍ਹਣ ਬਾਰੇ ਕਿਹਾ। ਇਸ ਮੌਕੇ ਸ੍ਰੀ ਬਦਨੋਰ ਨੇ ਐੱਸਡੀਐਮ, ਥਾਣਾ ਮੁਖੀ, ਫੂਡ ਸਪਲਾਈ ਇੰਸਪੈਕਟਰ, ਮੰਡੀ ਸੁਪਰਵਾਈਜ਼ਰ ਅਤੇ ਮਾਰਕੀਟਿੰਗ ਸੁਪਰਵਾਈਜ਼ਰ ਨੂੰ ਚੰਡੀਗੜ੍ਹ ’ਚ ਪਿਆਜ਼ ਦੇ ਭੰਡਾਰ ਦੀ ਜਾਂਚ ਕਰਨ ਦੇ ਆਦੇਸ਼ ਦਿੰਦਿਆਂ ਬਾਜ਼ਾਰ ਵਿੱਚ ਪਿਆਜ਼ ਦੇ ਥੋਕ ਅਤੇ ਪਰਚੂਨ ਰੇਟਾਂ ਦੀ ਸਮੇਂ-ਸਮੇਂ ’ਤੇ ਜਾਂਚ ਕਰਨ ਲਈ ਕਿਹਾ। ਸ੍ਰੀ ਬਦਨੋਰ ਨੇ ਲੋਕਾਂ ਨੂੰ ਪਿਆਜ਼ ਦੀਆਂ ਕੀਮਤਾਂ ਬਾਰੇ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੁਝ ਦਿਨਾਂ ’ਚ ਹੀ ਚੰਡੀਗੜ੍ਹ ਪ੍ਰਸ਼ਾਸਨ ਸਾਰੀ ਮੁਸ਼ਕਿਲ ’ਤੇ ਕਾਬੂ ਪਾ ਲਵੇਗਾ।
ਇਸ ਮੌਕੇ ਚੰਡੀਗੜ੍ਹ ਪ੍ਰਸ਼ਾਸਨ ਦੇ ਸਲਾਹਕਾਰ ਮਨੋਜ ਪਰੀਦਾ, ਪ੍ਰਿੰਸੀਪਲ ਸਕੱਤਰ ਜੇ.ਐਮ. ਬਾਲਾਮੁਰਗਨ, ਗ੍ਰਹਿ ਸਕੱਤਰ ਅਰੁਣ ਗੁਪਤਾ ਹਾਜ਼ਰ ਸਨ।
INDIA ਚੰਡੀਗੜ੍ਹ ਪ੍ਰਸ਼ਾਸਨ ਸਸਤੇ ਪਿਆਜ਼ ਵੇਚੇਗਾ: ਬਦਨੌਰ