ਘਰ ਦੇ ਮਾਲਕ ਨੂੰ ਅਗਵਾ ਕਰ ਕੇ ਸਾਢੇ ਤਿੰਨ ਲੱਖ ਰੁਪਏ ਲੁੱਟੇ

ਗੁਰਦਾਸਪੁਰ– ਬੀਤੀ ਰਾਤ ਡੇਢ ਵਜੇ ਦੇ ਕਰੀਬ ਪੰਜ ਹਥਿਆਰਬੰਦ ਨਕਾਬਪੋਸ਼ਾਂ ਨੇ ਇੱਕ ਘਰ ਦਾ ਗੇਟ ਖੁਲ੍ਹਵਾ ਕੇ ਨਾ ਸਿਰਫ਼ ਤਿੰਨ ਲੱਖ ਤੋਂ ਜ਼ਿਆਦਾ ਦੀ ਰਕਮ ਲੁੱਟ ਲਈ ਬਲਕਿ ਘਰ ਦੇ ਮਾਲਕ ਨੂੰ ਵੀ ਅਗਵਾ ਕਰਕੇ ਆਪਣੇ ਨਾਲ ਲੈ ਗਏ। ਘਟਨਾ ਸਦਰ ਪੁਲੀਸ ਸਟੇਸ਼ਨ ਦੇ ਅਧੀਨ ਆਉਂਦੇ ਪਿੰਡ ਵਰ੍ਹਿਆਂ ਦੀ ਹੈ।
ਜਾਣਕਾਰੀ ਅਨੁਸਾਰ ਜੋਗਿੰਦਰ ਸਿੰਘ ਪੁੱਤਰ ਪੂਰਨ ਸਿੰਘ ਸ਼ੂਗਰ ਮਿੱਲ ਪਨਿਆੜ ਵਿੱਚ ਕੰਮ ਕਰਦਾ ਹੈ। ਉਹ ਆਪਣੀ ਪਤਨੀ ਅਤੇ ਛੋਟੇ ਲੜਕੇ ਜਸਬੀਰ ਸਿੰਘ ਦੇ ਨਾਲ ਪਿੰਡ ਵਰ੍ਹਿਆਂ ਵਿੱਚ ਰਹਿੰਦਾ ਹੈ। ਉਨ੍ਹਾਂ ਦਾ ਵੱਡਾ ਪੁੱਤਰ ਕੁਲਜੀਤ ਸਿੰਘ ਕਤਰ ਦੇਸ਼ ਵਿੱਚ ਕੰਮ ਕਰਦਾ ਹੈ। ਬੀਤੀ ਰਾਤ ਉਨ੍ਹਾਂ ਦਾ ਛੋਟਾ ਪੁੱਤਰ ਜਸਬੀਰ ਸਿੰਘ ਕਲਾਨੌਰ ਦੇ ਨਜ਼ਦੀਕ ਪਿੰਡ ਰੁਡਿਆਣਾ ਵਿੱਚ ਆਪਣੇ ਸਹੁਰੇ ਗਿਆ ਹੋਇਆ ਸੀ। ਪਤੀ-ਪਤਨੀ ਘਰ ਦੇ ਗੇਟ ਕੋਲ ਹੀ ਵਿਹੜੇ ਵਿੱਚ ਸੁੱਤੇ ਸਨ ਕਿ ਅਚਾਨਕ ਅੱਧੀ ਰਾਤ ਕਿਸੇ ਨੇ ਗੇਟ ਖੜਕਾਇਆ। ਜੋਗਿੰਦਰ ਸਿੰਘ ਦੀ ਪਤਨੀ ਬਲਜੀਤ ਕੌਰ ਨੇ ਅੱਧੀ ਨੀਂਦਰ ਵਿੱਚ ਹੀ ਗੇਟ ਖੋਲ੍ਹ ਦਿੱਤਾ। ਗੇਟ ਖੁੱਲ੍ਹਦਿਆਂ ਹੀ ਤੇਜ਼ਧਾਰ ਹਥਿਆਰਾਂ ਨਾਲ ਲੈਸ ਪੰਜ ਨਕਾਬਪੋਸ਼ ਉਨ੍ਹਾਂ ਦੇ ਘਰ ਵਿੱਚ ਦਾਖਲ ਹੋਏ ਅਤੇ ਬਲਜੀਤ ਕੌਰ ਨੂੰ ਬੰਦੀ ਬਣਾ ਲਿਆ। ਉਨ੍ਹਾਂ ਜੋਗਿੰਦਰ ਸਿੰਘ ਨੂੰ ਨੀਂਦ ਤੋਂ ਉਠਾ ਕੇ ਉਸ ਤੋਂ ਪੈਸਿਆਂ ਦੀ ਮੰਗ ਕੀਤੀ। ਜੋਗਿੰਦਰ ਸਿੰਘ ਵੱਲੋਂ ਨਾਂਹ ਕੀਤੇ ਜਾਣ ਤੇ ਉਨ੍ਹਾਂ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਧਮਕੀ ਦਿੱਤੀ ਕਿ ਜੇ ਪੈਸੇ ਨਾ ਦਿੱਤੇ ਤਾਂ ਦੋਵਾਂ ਨੂੰ ਖਤਮ ਕਰ ਦੇਣਗੇ। ਬਲਜੀਤ ਕੌਰ ਅਨੁਸਾਰ ਜੋਗਿੰਦਰ ਸਿੰਘ ਨੂੰ ਨਾਲ ਲੈ ਕੇ ਦੋ ਨਕਾਬਪੋਸ਼ ਉਨ੍ਹਾਂ ਦੇ ਘਰ ਦੇ ਅੰਦਰ ਵੜ ਗਏ ਅਤੇ ਜੋਗਿੰਦਰ ਸਿੰਘ ਨੇ ਉਨ੍ਹਾਂ ਨੂੰ ਨਗਦੀ ਕੱਢ ਕੇ ਦਿੱਤੀ ਜੋ ਕਰੀਬ ਸਾਢੇ ਤਿੰਨ ਲੱਖ ਰੁਪਏ ਸੀ। ਬਲਜੀਤ ਕੌਰ ਨੇ ਦੱਸਿਆ ਕਿ ਇਹ ਪੈਸੇ ਇਕੱਠੀਆਂ ਕੀਤੀਆਂ ਗਈਆਂ ਕਮੇਟੀਆਂ ਦੇ ਸਨ। ਪੈਸੇ ਸਮੇਟਣ ਮਗਰੋਂ ਪੰਜੇ ਨਕਾਬਪੋਸ਼ ਜੋਗਿੰਦਰ ਸਿੰਘ ਨੂੰ ਹਥਿਆਰਾਂ ਦੀ ਨੋਕ ’ਤੇ ਅਗਵਾ ਕਰਕੇ ਆਪਣੇ ਨਾਲ ਲੈ ਗਏ ਅਤੇ ਜਾਂਦਿਆਂ ਧਮਕੀ ਦਿੱਤੀ ਕਿ ਜੇਕਰ ਬਲਜੀਤ ਕੌਰ ਨੇ ਰੌਲਾ ਪਾਇਆ ਤਾਂ ਉਸ ਦੇ ਪਤੀ ਦੀ ਹੱਤਿਆ ਕਰ ਦਿੱਤੀ ਜਾਵੇਗੀ। ਸਦਰ ਪੁਲੀਸ ਸਟੇਸ਼ਨ ’ਚ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Previous articleਚੰਡੀਗੜ੍ਹ ਪ੍ਰਸ਼ਾਸਨ ਸਸਤੇ ਪਿਆਜ਼ ਵੇਚੇਗਾ: ਬਦਨੌਰ
Next articleਯੂਐੱਨ ਵਿਚ ਗਾਂਧੀ ਸੋਲਰ ਪਾਰਕ ਤੇ ਪੀਸ ਪਾਰਕ ਦਾ ਉਦਘਾਟਨ