ਚੰਡੀਗੜ੍ਹ ਦੀ ‘ਸਿਟੀ ਬਿਊਟੀਫੁੱਲ’ ਵਜੋਂ ਪਛਾਣ ਬਰਕਰਾਰ ਹੈ। ਇਸ ਦਾ ਸਿਹਰਾ ਸ਼ਹਿਰ ਨੂੰ ਡਿਜ਼ਾਈਨ ਕਰਨ ਵਾਲੇ ਫਰਾਂਸ ਦੇ ਆਰਕੀਟੈਕਟ ਲੀ ਕਾਰਬੂਜ਼ੀਏ ਨੂੰ ਜਾਂਦਾ ਹੈ। ਸ਼ਹਿਰ ਦੀ ਵਿਰਾਸਤ ਨਾਲ ਛੇੜਛਾੜ ਕੀਤੇ ਬਿਨਾਂ ਹੀ ਇਸ ਦੀ ਸੁੰਦਰਤਾ ਨੂੰ ਕਾਇਮ ਰੱਖਣ ਦੀ ਦਿਸ਼ਾ ਵੱਲ ਪ੍ਰਸਾਸ਼ਨ ਵੱਲੋਂ ਯਤਨ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਚੰਡੀਗੜ੍ਹ ਦੇ ਪ੍ਰਸਾਸ਼ਕ ਵੀਪੀ ਸਿੰਘ ਬਦਨੌਰ ਨੇ ਅੱਜ ਇਥੇ ਕੀਤਾ। ਉਹ ਸੈਕਟਰ-17 ਸਥਿਤ ਪਰੇਡ ਗਰਾਊਂਡ ਵਿੱਚ ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵੱਲੋਂ ਇੰਡੀਅਨ ਇੰਸਟੀਚਿਊਟ ਆਫ ਆਰਕੀਟੈਕਟ ਅਤੇ ਇੰਡੀਅਨ ਪਲੰਬਿੰਗ ਐਸੋਸੀਏਸ਼ਨ ਦੇ ਸਹਿਯੋਗ ਨਾਲ ਲਗਾਈ ਗਈ ‘ਆਰਕੀਬਿਲਡ’ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਮਗਰੋਂ ਉਦਯੋਗਪਤੀਆਂ, ਆਰਕੀਟੈਕਚਰਲ ਸੈਕਟਰ ਨਾਲ ਜੁੜੇ ਪ੍ਰਤੀਨਿਧੀਆਂ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਅੱਜ ਵੀ ਆਰਕੀਟੈਕਚਰਲ ਖੇਤਰ ਨਾਲ ਜੁੜੇ ਲੋਕਾਂ ਦੇ ਲਈ ਖੋਜ ਦਾ ਕੇਂਦਰ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਚੰਡੀਗੜ੍ਹ ਦੀ ਸਭ ਤੋਂ ਵੱਡੀ ਸਮੱਸਿਆ ਪਾਰਕਿੰਗ ਅਤੇ ਟ੍ਰੈਫਿਕ ਦੀ ਹੈ ਜਿਸ ਨੂੰ ਹੱਲ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ। ਸਮਾਗਮ ਦੀ ਅਗਵਾਈ ਕਰਦੇ ਹੋਏ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਸੰਜੇ ਟੰਡਨ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਆਰਕੀਟੈਕਟਾਂ ਨੂੰ ਚਾਹੀਦਾ ਹੈ ਕਿ ਉਹ ਭਵਨਾਂ ਦੇ ਨਕਸ਼ੇ ਇਸ ਤਰਾਂ ਨਾਲ ਡਿਜ਼ਾਈਨ ਕਰਨ ਜਿਸ ਨਾਲ ਪਾਣੀ ਦੀ ਸੰਭਾਲ ਨੂੰ ਉਤਸ਼ਾਹ ਮਿਲੇ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੀ ਸੁੰਦਰਤਾ ਨੂੰ ਬਚਾਅ ਕੇ ਰੱਖਣ ਲਈ ਸਾਰਿਆਂ ਨੂੰ ਇਕਜੁੱਟਤਾ ਨਾਲ ਕੰਮ ਕਰਨਾ ਹੋਵੇਗਾ।
ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ, ਚੰਡੀਗੜ੍ਹ ਦੇ ਕੋ-ਚੇਅਰਮੈਨ ਮਧੂਸੂਦਨ ਵਿਜ ਨੇ ਕਿਹਾ ਕਿ ਚੈਂਬਰ ਵੱਲੋਂ ਆਯੋਜਿਤ ਤਿੰਨ ਰੋਜ਼ਾ ਆਰਕੀਬਿਲਡ ਦੌਰਾਨ ਮਾਹਿਰਾਂ ਵੱਲੋਂ ਭਵਨ ਨਿਰਮਾਣ ਦੇ ਖੇਤਰ ਵਿੱਚ ਆ ਰਹੇ ਬਦਲਾਅ ਅਤੇ ਨਵੀਂ ਤਕਨੀਕ ਬਾਰੇ ਮੰਥਨ ਕੀਤਾ ਜਾ ਰਿਹਾ ਹੈ। ਇਸ ਮੌਕੇ ਪੀਐਚਡੀ ਚੈਂਬਰ ਆਫ ਕਾਮਰਸ ਦੇ ਪ੍ਰਿੰਸੀਪਲ ਨਿਦੇਸ਼ਕ ਡਾ. ਰਣਜੀਤ ਮਹਿਤਾ, ਇੰਡੀਅਨ ਇੰਸਟੀਟਿਊਟ ਆਫ ਆਰਕੀਟੈਕਚਰ ਦੇ ਚੇਅਰਮੈਨ ਮਨਮੋਹਨ ਖੰਨਾ, ਪੰਜਾਬ ਚੈਪਟਰ ਦੇ ਚੇਅਰਮੈਨ ਆਰ ਐਸ ਸਚਦੇਵਾ ਅਤੇ ਕੋ-ਚੇਅਰਮੈਨ ਕਰਨ ਗਿਲਹੋਤਰਾ ਸਮੇਤ ਕਈ ਪਤਵੰਤੇ ਮੌਜੂਦ ਸਨ। ਇਸ ਆਰਕੀਬਿਲਡ ਸ਼ੋਅ ਵਿੱਚ ਰਸੋਈ ਉਤਪਾਦ, ਡਰਾਇੰਗ ਰੂਮ ਸਜਾਵਟ, ਪਰਦੇ, ਫਰਨੀਚਰ, ਬਾਥਰੂਮ ਫਿਟਿੰਗ, ਨੱਟ-ਬੋਲਟ, ਦਰਵਾਜ਼ੇ, ਮੂਰਤੀਆਂ ਅਤੇ ਹੋਮ ਲੋਨ ਸਮੇਤ ਹੋਰ ਜਾਣਕਾਰੀਆਂ ਉਪਲੱਬਧ ਕਰਵਾਈਆਂ ਗਈਆਂ ਹਨ ।
INDIA ਚੰਡੀਗੜ੍ਹ ਦੀ ਸੁੰਦਰਤਾ ਕਾਇਮ ਰੱਖਣ ਲਈ ਪ੍ਰਸ਼ਾਸਨ ਗੰਭੀਰ: ਬਦਨੌਰ