ਹਿੰਦੀ ਭਾਸ਼ਾ ਦੇਸ਼ ਨੂੰ ਇੱਕਜੁਟ ਕਰ ਸਕਦੀ ਹੈ: ਸ਼ਾਹ

ਦੇਸ਼ ਲਈ ਇੱਕ ਸਾਂਝੀ ਭਾਸ਼ਾ ਦਾ ਸਮਰਥਨ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਹਿੰਦੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ ਅਤੇ ਇਹ ਦੇਸ਼ ਨੂੰ ਇੱਕਜੁਟ ਕਰ ਸਕਦੀ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਹਿੰਦੀ ਨੂੰ ਦੇਸ਼ ਦੇ ਵੱਖ-ਵੱਖ ਭਾਗਾਂ ’ਚ ਪਹੁੰਚਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਜਿੱਥੋਂ ਸੰਭਵ ਹੋ ਸਕੇ ਹਰ ਵਿਅਕਤੀ ਨੂੰ ਆਪਣੀ ਮਾਂ ਬੋਲੀ ਬੋਲਣੀ ਚਾਹੀਦੀ ਹੈ। ਸ੍ਰੀ ਸ਼ਾਹ ਦੁਆਰਾ ਹਿੰਦੀ ’ਚ ਟਵੀਟ ’ਚ ਕਿਹਾ ਗਿਆ, ‘‘ਭਾਰਤ ਬਹੁਭਾਸ਼ਾਈ ਦੇਸ਼ ਹੈ ਅਤੇ ਹਰ ਭਾਸ਼ਾ ਦੀ ਆਪਣੀ ਮਹੱਤਤਾ ਹੈ ਪਰ ਸਪੱਸ਼ਟ ਤੌਰ ’ਤੇ ਪੂਰੇ ਦੇਸ਼ ਲਈ ਇੱਕ ਭਾਸ਼ਾ ਜ਼ਰੂਰ ਹੋਣੀ ਚਾਹੀਦੀ ਹੈ ਜਿਸ ਨਾਲ ਭਾਰਤ ਦੀ ਵਿਸ਼ਵ ਪੱਧਰੀ ਪਛਾਣ ਹੋਵੇਗੀ।’’ ਉਨ੍ਹਾਂ ਕਿਹਾ ਕਿ ਜੇਕਰ ਅੱਜ ਦੇਸ਼ ਨੂੰ ਕੋਈ ਭਾਸ਼ਾ ਇੱਕਜੁਟ ਕਰ ਸਕਦੀ ਹੈ ਤਾਂ ਉਹ ਹਿੰਦੀ ਹੈ ਜੋ ਕਿ ਸਭ ਤੋਂ ਵੱਧ ਬੋਲੀ ਜਾਂਦੀ ਹੈ। ਉਨ੍ਹਾਂ ਅਪੀਲ ਕੀਤੀ ਕਿ ਹਰ ਵਿਅਕਤੀ ਨੂੰ ਆਪਣੀ ਮਾਂ ਬੋਲੀ ਦਾ ਪਾਸਾਰ ਕਰਨਾ ਚਾਹੀਦਾ ਹੈ ਪਰ ਮਹਾਤਮਾ ਗਾਂਧੀ ਅਤੇ ਸਰਦਾਰ ਪਟੇਲ ਦੇ ਇੱਕ ਭਾਸ਼ਾ ਦੇ ਸੁਫ਼ਨੇ ਨੂੰ ਪੂਰਾ ਕਰਨ ਲਈ ਹਿੰਦੀ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।
ਇਸ ਮਗਰੋਂ ਹਿੰਦੀ ਦਿਵਸ ਸਬੰਧੀ ਇੱਕ ਸਮਾਗਮ ਦੌਰਾਨ ਬੋਲਦਿਆਂ ਸ੍ਰੀ ਸ਼ਾਹ ਨੇ ਭਾਵੇਂ ਭਾਸ਼ਾਵਾਂ ਵਿੱਚ ਭਿੰਨਤਾ ਵੀ ਭਾਰਤ ਦੀ ਏਕਤਾ ਹੈ ਪਰ ਦੇਸ਼ ਨੂੰ ਇੱਕ ਰਾਸ਼ਟਰੀ ਭਾਸ਼ਾ ਦੀ ਲੋੜ ਹੈ ਤਾਂ ਕਿ ਵਿਦੇਸ਼ੀ ਭਾਸ਼ਾਵਾਂ ਅਤੇ ਸੱਭਿਆਚਾਰ ਦੇਸ਼ ਦੀ ਭਾਸ਼ਾ ’ਤੇ ਗਲਬਾ ਨਾ ਪਾ ਸਕਣ। ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਹਿੰਦੀ ਨੂੰ ਵਿਸ਼ਵ ਦੀ ਸਭ ਤੋਂ ਵੱਧ ਬੋਲੀ ਜਾਣ ਵਾਲਾ ਭਾਸ਼ਾ ਬਣਾਉਣ ਲਈ ਕੰਮ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਹਿੰਦੀ ਦੇਸ਼ ਦੇ ਹਰ ਵਿਅਕਤੀ ਅਤੇ ਹਰ ਘਰ ਤੱਕ ਪਹੁੰਚਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਗਲੇ ਵਰ੍ਹੇ ਦੇਸ਼ ਦੇ ਵੱਖ-ਵੱਖ ਭਾਗਾਂ ’ਚ ਹਿੰਦੀ ਦਿਵਸ ਸਮਾਗਮ ਕਰਵਾਏ ਜਾਣਗੇ ਅਤੇ 2024 ਦੀਆਂ ਅਗਲੀਆਂ ਆਮ ਚੋਣਾਂ ਤੱਕ ਹਿੰਦੀ ਵਿਰਾਸਤੀ ਦਰਜਾ ਪ੍ਰਾਪਤ ਕਰ ਲਵੇਗੀ। ਇਸ ਮੌਕੇ ਕੇਂਦਰੀ ਰਾਜ ਮੰਤਰੀ ਜੀ ਕ੍ਰਿਸ਼ਨ ਰੈੱਡੀ ਅਤੇ ਕੇਂਦਰੀ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਵੀ ਸੰਬੋਧਨ ਕੀਤਾ।

Previous articleਚੰਡੀਗੜ੍ਹ ਦੀ ਸੁੰਦਰਤਾ ਕਾਇਮ ਰੱਖਣ ਲਈ ਪ੍ਰਸ਼ਾਸਨ ਗੰਭੀਰ: ਬਦਨੌਰ
Next articleਦੇਸ਼ ਪਰਤਣ ਵਾਲੇ ਸਿੱਖਾਂ ਨੂੰ ਤੰਗ ਨਾ ਕਰੇ ਪੰਜਾਬ ਪੁਲੀਸ: ਸਿਰਸਾ