ਸੂਬੇ ਦੀ ਸਭ ਤੋਂ ਮਹੱਤਵਪੁਰਨ ਸੀਟ ਹਲਕਾ ਦਾਖਾ ਦੀ ਜ਼ਿਮਨੀ ਚੋਣ ਅਮਨ ਸ਼ਾਂਤੀ ਨਾਲ ਨਿਬੜਣ ਤੋਂ ਬਾਅਦ ਮੰਗਲਵਾਰ ਨੂੰ ਚੋਣਾਂ ਦੇ ਮੈਦਾਨ ਵਿੱਚ ਨਿੱਤਰੇ ਸਿਆਸੀ ਆਗੂਆਂ ਤੇ ਉਮੀਦਵਾਰਾਂ ਨੇ ਸੁੱਖ ਦਾ ਸਾਹ ਲਿਆ। ਪਿਛਲੇ ਮਹੀਨੇ ਤੋਂ ਲਗਾਤਾਰ 18 ਤੋਂ 20 ਘੰਟੇ ਤੱਕ ਚੋਣ ਪ੍ਰਚਾਰ ਤੇ ਮੀਟਿੰਗਾਂ ਕਰਨ ਮਗਰੋਂ ਅੱਜ ਉਮੀਦਵਾਰਾਂ ਨੇ ਆਪਣੇ ਪਰਿਵਾਰ ਨਾਲ ਸਮਾਂ ਬੀਤਾਇਆ ਤੇ ਸਮਰਥਕਾਂ ਨਾਲ ਮੀਟਿੰਗਾਂ ਕੀਤੀਆਂ।
ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੇ ਮੰਗਲਵਾਰ ਦੀ ਸਵੇਰੇ ਹੀ ਦਾਖਾ ਦਫ਼ਤਰ ’ਚ ਪੁੱਜ ਕੇ ਵਰਕਰਾਂ ਨਾਲ ਵੋਟਿੰਗ ਸੰਬੰਧੀ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਨੇ ਵਰਕਰਾਂ ਤੋਂ ਵੋਟਿੰਗ ਦੌਰਾਨ ਵੋਟ ਪ੍ਰਤੀਸ਼ਤ ਸਬੰਧੀ ਵੀ ਜਾਣਕਾਰੀ ਹਾਸਿਲ ਕੀਤੀ। ਸੰਦੀਪ ਸੰਧੂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਵਿਧਾਇਕ ਸੰਜੈ ਤਲਵਾੜ ਤੇ ਹੋਰ ਆਗੂਆਂ ਦੇ ਨਾਲ ਜਾਂਗਪੁਰ ਗੋਲੀਕਾਂਡ ’ਚ ਜ਼ਖਮੀ ਹੋਏ ਗੁਰਪ੍ਰੀਤ ਦਾ ਹਾਲ ਚਾਲ ਪੁੱਛਣ ਲਈ ਡੀਐੱਮਸੀ ਹਸਪਤਾਲ ਵੀ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਫਿਰ ਤੋਂ ਦਾਖਾ ’ਚ ਪੁੱਜ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਮੌਕੇ ’ਤੇ ਹੀ ਅਧਿਕਾਰੀਆਂ ਨਾਲ ਗੱਲ ਕਰ ਉਨ੍ਹਾਂ ਦਾ ਹੱਲ ਕਰਵਾਇਆ। ਬਾਅਦ ਦੁਪਹਿਰ ਕੈਪਟਨ ਸੰਦੀਪ ਸੰਧੂ ਆਪਣੇ ਵਰਕਰਾਂ ਦੇ ਨਾਲ ਗੁਰਦੁਆਰਾ ਰਾੜਾ ਸਾਹਿਬ ਮੱਥਾ ਟੇਕਣ ਗਏ।
ਦਾਖਾ ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਨੇ ਚੋਣਾਂ ਤੋਂ ਬਾਅਦ ਮੰਗਲਵਾਰ ਨੂੰ ਆਪਣੇ ਦਿਨ ਦੀ ਸ਼ੁਰੂਆਤ ਗੁਰੂ ਘਰ ’ਚ ਨਤਮਸਤਕ ਹੋ ਕੇ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਪਰਿਵਾਰ ਦੇ ਨਾਲ ਕੁਝ ਸਮਾਂ ਬਿਤਾਇਆ ਅਤੇ ਫਿਰ ਵਰਕਰਾਂ ਨਾਲ ਮੀਟਿੰਗ ਕੀਤੀ। ਇਸੇ ਦੌਰਾਨ ਉਨ੍ਹਾਂ ਨੇ ਵਰਕਰਾਂ ਦੀ ਵੋਟਾਂ ਦੀ ਗਿਣਤੀ ਵਾਲੇ ਦਿਨ ਪੋਲਿੰਗ ਏਜੰਟ ਨਿਯੁਕਤ ਕਰਨ ’ਤੇ ਵੀ ਚਰਚਾ ਕੀਤੀ। ਜਿਸ ਤੋਂ ਬਾਅਦ ਇਆਲੀ ਵੋਟਿੰਗ ਦੌਰਾਨ ਜਾਂਗਪੁਰ ’ਚ ਹੋਏ ਗੋਲੀਕਾਂਡ ਦੌਰਾਨ ਜ਼ਖਮੀ ਹੋਏ ਗੁਰਪ੍ਰੀਤ ਸਿੰਘ ਦਾ ਹਾਲਚਾਲ ਪੁੱਛਣ ਲਈ ਡੀਐੱਮਸੀ ਹਸਪਤਾਲ ਚਲੇ ਗਏ।
ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਦੀਪ ਸਿੰਘ ਮੋਹੀ ਨੇ ਦਿਨ ਦੀ ਸ਼ੁਰੂਆਤ ਘਰ ਵਿਚ ਵਰਕਰਾਂ ਨਾਲ ਮੀਟਿੰਗ ਕਰਕੇ ਕੀਤੀ। ਉਨ੍ਹਾਂ ਨੇ ਵਲੰਟੀਅਰਜ਼ ਤੋਂ ਵੋਟਿੰਗ ਦੌਰਾਨ ਵੋਟ ਪ੍ਰਤੀਸ਼ਤ ਸਬੰਧੀ ਜਾਣਕਾਰੀ ਹਾਸਲ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਕੁਝ ਨਿੱਜੀ ਕੰਮ ਨਿਪਟਾਏ।
INDIA ਚੋਣਾਂ ’ਚ ਪਸੀਨਾ ਵਹਾਉਣ ਮਗਰੋਂ ਹੁਣ ਰੱਬ ’ਤੇ ਟੇਕ