ਮੰਤਰੀ ਆਸ਼ੂ  ‘ਤੇ ਸਿੱਖ ਨੌਜਵਾਨਾਂ ਨੂੰ ਕੁੱਟਣ ਲਈ ਤਰੁੰਤ ਮੁਕੱਦਮਾ ਦਰਜ ਕੀਤਾ ਜਾਣਾ ਚਾਹੀਦਾ ਹੈ- ਮਜੀਠੀਆ

ਮੁੱਲਾਂਪੁਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਸੰਬੋਧਨ ਕਰਦੇ ਹੋਏ ਬਿਕਰਮ ਸਿੰਘ ਮਜੀਠੀਆ ਨਾਲ ਬੈਠੇ ਡਾ. ਦਲਜੀਤ ਸਿੰਘ ਚੀਮਾ, ਮੇਹਸ਼ਇੰਦਰ ਸਿੰਘ ਗਰੇਵਾਲ ਤੇ ਮਨਪ੍ਰੀਤ ਸਿੰਘ ਇਆਲੀ।
ਸੰਧੂ ਸਪੱਸ਼ਟ ਕਰੇ ਕਿ ਉਹ ਆਸ਼ੂ ਤੇ ਹੋਰ ਦੋਸ਼ੀਆਂ ਨੂੰ ਕਿਉਂ ਬਚਾਅ ਰਿਹਾ
ਮੁੱਲਾਂਪੁਰ ਦਾਖਾ, (ਹਰਜਿੰਦਰ ਛਾਬੜਾ)— ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਕਾਂਗਰਸ ਦਫ਼ਤਰ ਮੁੱਲਾਂਪੁਰ ਵਿਖੇ ਅੰਮ੍ਰਿਤਧਾਰੀ ਕਾਂਗਰਸੀ ਵਰਕਰ ਦੀ ਦਸਤਾਰ ਢਾਹੁਣ ਅਤੇ ਕੁੱਟਮਾਰ ਕਰਨ ਦੀ ਘਟਨਾ ਦੀ ਅਲੋਚਨਾ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਮੰਤਰੀ ਆਸ਼ੂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ।ਅਕਾਲੀ ਦਲ ਦੇ ਸਥਾਨਕ ਦਫਤਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਕਿਹਾ ਕਿ ਦਸਤਾਰ ਅਤੇ ਕਕਾਰਾਂ ਦੀ ਬੇਅਦਬੀ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਸੀਨੀਅਰ ਆਗੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਡਾ: ਦਲਜੀਤ ਸਿੰਘ, ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਦਾਖਾ ਤੋਂ ਅਕਾਲੀ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਵੀ ਹਾਜ਼ਰ ਸਨ।
                     ਮੰਤਰੀ ਆਸ਼ੂ ਅਤੇ ਉਸਦੇ ਗੁੰਡਿਆਂ ਵੱਲੋਂ ਕੁੱਟੇ ਗਏ ਦੋ ਨੌਜਵਾਨਾਂ ‘ਚੋਂ ਇਕ ਤਰਨਦੀਪ ਸਿੰਘ ਨੂੰ ਪੱਤਰਕਾਰਾਂ ਸਾਹਮਣੇ ਪੇਸ਼ ਕਰਦਿਆਂ ਮਜੀਠੀਆ ਨੇ ਕਿਹਾ ਕਿ ਆਸ਼ੂ ਇਕ ਆਦਤਨ ਅਪਰਾਧੀ ਹੈ ਅਤੇ ਉਹ ਵੋਟਰਾਂ ਵਿਚ ਡਰ ਦਾ ਮਾਹੌਲ ਪੈਦਾ ਕਰਨ ਦੀ ਭਾਵਨਾ ਨਾਲ ਅਜਿਹਾ ਕਰ ਰਿਹਾ ਹੈ।  ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੌਜਵਾਨਾਂ ਨੂੰ ਕੇਸ ਵਿੱਚ ਨਿਆਂ ਦਿਵਾਉਣ ਲਈ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਏਗਾ। ਉਨਾਂ ਕਿਹਾ ਕਿ ਇਸ ਘਟਨਾ ਨੂੰ ਚੋਣ ਕਮਿਸ਼ਨ ਕੋਲ ਉਠਾਇਆ ਜਾਵੇਗਾ ਅਤੇ ਦੋਸ਼ੀਆਂ ਨੂੰ ਸਜਾ ਦਵਾਉਣ ਲਈ ਮਾਣਯੋਗ ਅਦਾਲਤ ਵਿਚ ਵੀ ਪਹੁੰਚ ਕੀਤੀ ਜਾਵੇਗੀ।  ਮਜੀਠੀਆ ਨੇ ਮੰਗ ਕੀਤੀ ਕਿ ਕਾਂਗਰਸੀ ਉਮੀਦਵਾਰ ਸੰਦੀਪ ਸੰਧੂ ਸਪੱਸ਼ਟ ਕਰਨ ਕਿ ਉਹ ਮੰਤਰੀ ਅਤੇ ਉਸਦੇ ਗੁੰਡਿਆਂ ਨੂੰ ਕਿਉਂ ਬਚਾਅ ਰਹੇ ਹਨ। ਸਰਕਾਰੀ ਮਸ਼ੀਨਰੀ ਦੀ ਦੁਰਵਰਤੋ ਅਤੇ ਵਿਧਾਇਕਾਂ ਵੱਲੋਂ ਪੈਸੇ ਦੀ ਤਾਕਤ ਨਾਲ ਵੋਟਰਾਂ ਨੂੰ ਲੁਭਾਉਣ ਸਬੰਧੀ ਆ ਰਹੀਆਂ ਖਬਰਾਂ ‘ਤੇ ਤਿੱਖਾ ਪ੍ਰਤੀਕਰਮ ਪੇਸ਼ ਕਰਦਿਆ ਮਜੀਠੀਆ ਨੇ ਕਿਹਾ ਕਿ ਹਾਰ ਨੂੰ ਦੇਖਦੇ ਹੋਏ ਕਾਂਗਰਸ ਹੁਣ ਵੋਟਾਂ ਪ੍ਰਾਪਤ ਕਰਨ ਲਈ ਕਿਸੇ ਵੀ ਹੱਦ ਜਾ ਰਹੀ ਹੈ।ਪ੍ਰੈਸ ਕਾਨਫਰੰਸ ਦੌਰਾਨ ਮਜੀਠੀਆ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰੋਡ ਸ਼ੋਅ ਨੂੰ ਫਲਾਪ ਦੱਸਦਿਆ ਕਿਹਾ ਕਿ ਕਾਂਗਰਸ ਪਾਰਟੀ ਨੇ ਇਸ ਰੋਡ ਸ਼ੋਅ ਨੂੰ ਵਿਚਕਾਰ ਹੀ ਬੰਦ ਕਰਕੇ ਹਾਰ ਨੂੰ ਸਵੀਕਾਰ ਕਰ ਲਿਆ ਹੈ। ਉਨਾਂ ਕਿਹਾ ਕਿ ਕਾਂਗਰਸ ਵੱਲੋਂ ਸਰਕਾਰੀ ਮਸ਼ੀਨਰੀ ਦੀ ਦੁਰ-ਵਰਤੋਂ ਵੀ ਭੀੜ ਨੂੰ ਖਿੱਚਣ ਵਿੱਚ ਅਸਫਲ ਰਹੀ ਹੈ, ਸਗੋਂ ਰੋਡ ਸ਼ੋਅ ਵਿੱਚ ਪੁਲਿਸ ਮੁਲਾਜ਼ਮ ਕਾਂਗਰਸੀ ਵਰਕਰਾਂ ਵਜੋਂ ਕੰਮ ਕਰਦੇ ਵੇਖੇ ਗਏ। ਉਨਾਂ ਕਿਹਾ ਕਿ ਅਜਿਹਾ ਕਾਂਗਰਸ ਸਰਕਾਰ ਵੱਲੋਂ ਢਾਈ ਸਾਲਾਂ ਵਿਚ ਲਏ ਗਏ ਲੋਕ ਵਿਰੋਧੀ ਫੈਸਲਿਆਂ ਕਾਰਨ ਹੋਇਆ ਅਤੇ ਲੋਕਾਂ ਕਾਂਗਰਸ ਦੇ ਖਿਲਾਫ ਖੁੱਲ ਕੇ ਸਾਹਮਣੇ ਆ ਚੁੱਕੇ ਹਨ। ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਦਲਿਤ ਐਮਸੀ ਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦੇਣ ਦੀ ਘਟਨਾ ਬਾਰੇ ਬੋਲਦਿਆਂ ਮਜੀਠੀਆ ਨੇ ਕਿਹਾ ਕਿ ਕੈਪਟਨ ਦੇ ਰਾਜ ਵਿੱਚ ਦਲਿਤ ਬਿਲਕੁਲ ਅਸੁਰੱਖਿਅਤ ਹਨ ਅਤੇ ਕਾਂਗਰਸੀ ਆਗੂ ਗਰੀਬਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਰਹੇ ਹਨ।
Previous article64ਵਾਂ ਧੱਮ ਚੱਕਰ ਪਰੀਵਰਤਨ ਦਿਵਸ ਬੜੀ ਸ਼ਰਧਾ ਅਤੇ ਉਤਸਾਹ ਨਾਲ ਮਨਾਇਆ ਗਿਆ
Next articleਧੰਮ-ਚੱਕਰ ਪਰਿਵਰਤਨ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ