ਚੁਣੌਤੀਆਂ ਦੇ ਟਾਕਰੇ ਲਈ ਪੁਲੀਸ ਬਲਾਂ ਦਾ ਆਧੁਨਿਕੀਕਰਨ: ਸ਼ਾਹ

ਨਵੀਂ ਦਿੱਲੀ (ਸਮਾਜ ਵੀਕਲੀ) : ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਦਹਿਸ਼ਤਗਰਦੀ, ਸਾਈਬਰ ਅਪਰਾਧ ਅਤੇ ਸਰਹੱਦੀ ਸੁਰੱਖਿਆ ਜਿਹੀਆਂ ਨਵੀਆਂ ਚੁਣੌਤੀਆਂ ਲਈ ਦੇਸ਼ ਦੀ ਪੁਲੀਸ ਅਤੇ ਪੈਰਾਮਿਲਟਰੀ ਬਲਾਂ ਨੂੰ ਤਿਆਰ ਕਰਨ ਲਈ ਸਰਕਾਰ ਵਲੋਂ ਵਿਆਪਕ ਆਧੁਨਿਕਤਾ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ।

ਸ਼ਾਹ ਨੇ ਇਹ ਟਿੱਪਣੀਆਂ ਪੁਲੀਸ ਯਾਦਗਾਰੀ ਦਿਵਸ ਮੌਕੇ ਇੱਥੇ ਪੰਚਾਰੀਪੁਰੀ ਵਿੱਚ ਕੌਮੀ ਪੁਲੀਸ ਯਾਦਗਾਰ ਵਿਖੇ ਮੌਜੂਦ ਪੁਲੀਸ, ਕੇਂਦਰੀ ਹਥਿਆਰਬੰਦ ਪੁਲੀਸ ਬਲਾਂ ਦੇ ਜਵਾਨਾਂ ਅਤੇ ਅਫਸਰਾਂ ਨੂੰ ਸਾਂਝੇ ਸੰਬੋਧਨ ਦੌਰਾਨ ਕੀਤੀਆਂ। ਇਹ ਦਿਵਸ ਲੱਦਾਖ ਦੇ ਹੌਟ ਸਪਰਿੰਗ ਖੇਤਰ ਵਿੱਚ 1959 ਵਿੱਚ ਚੀਨੀ ਫੌਜ ਵਲੋਂ ਮਾਰੇ ਗਏ ਸੀਆਰਪੀਐੱਫ ਦੇ 10 ਪੁਲੀਸ ਮੁਲਾਜ਼ਮਾਂ ਨੂੰ ਸ਼ਰਧਾਂਜਲੀ ਦੇਣ ਲਈ ਮਨਾਇਆ ਜਾਂਦਾ ਹੈ। ਮੌਜੂਦਾ ਸਮੇਂ ਵਿੱਚ ਵੀ ਦੋਵੇਂ ਮੁਲਕਾਂ ਦੀਆਂ ਫੌਜਾਂ ਵਿਚਾਲੇ ਲੱਦਾਖ ਖੇਤਰ ਵਿੱਚ ਤਣਾਅ ਬਣਿਆ ਹੋਇਆ ਹੈ।

ਸ਼ਾਹ ਨੇ ਕਿਹਾ, ‘‘ਅਤਿਵਾਦ, ਜਾਅਲੀ ਕਰੰਸੀ, ਨਸ਼ਿਆਂ, ਸਾਈਬਰ ਅਪਰਾਧ, ਹਥਿਆਰਾਂ ਦੀ ਤਸਕਰੀ, ਮਨੁੱਖੀ ਤਸਕਰੀ ਆਦਿ ਖੇਤਰਾਂ ਵਿੱਚ ਪੁਲੀਸ ਦਾ ਕੰਮ ਨਵੀਆਂ ਚੁਣੌਤੀਆਂ ਅਤੇ ਨਵੇਂ ਮਾਪਦੰਡਾਂ ਦਾ ਸਾਹਮਣਾ ਕਰ ਰਿਹਾ ਹੈ। ਪਿਛਲੇ 2-3 ਦਹਾਕਿਆਂ ਵਿੱਚ ਊਭਰੇ ਨਵੇਂ ਮਾਪਦੰਡਾਂ ਲਈ ਪੁਲੀਸ ਬਲਾਂ ਨੂੰ ਤਿਆਰ ਕਰਨਾ ਚੁਣੌਤੀ ਹੈ।’’ ਊਨ੍ਹਾਂ ਅੱਗੇ ਕਿਹਾ, ‘‘ਅਸੀਂ ਪੁਲੀਸ ਲਈ ਵਿਆਪਕ ਆਧੁਨਿਕਤਾ ਪ੍ਰੋਗਰਾਮ ਤਿਆਰ ਕੀਤਾ ਹੈ ਅਤੇ ਮੈਨੂੰ ਊਮੀਦ ਹੈ ਕਿ ਆਊਣ ਵਾਲੇ ਦਿਨਾਂ ਵਿੱਚ ਮੋਦੀ ਸਰਕਾਰ ਵਲੋਂ ਊਨ੍ਹਾਂ ਨੂੰ ਇਨ੍ਹਾਂ ਚੁਣੌਤੀਆਂ ਲਈ ਤਿਆਰ ਕੀਤਾ ਜਾਵੇਗਾ।’’

ਊਨ੍ਹਾਂ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਨੂੰ ‘ਅਜਿੱਤ’ ਬਣਾਊਣ ਲਈ ਸਰਕਾਰ ਵਲੋਂ ਟੈਕਨਾਲੋਜੀ ਲਿਆਂਦੀ ਜਾ ਰਹੀ ਹੈ ਅਤੇ ਇਸ ਸਬੰਧੀ ਵਿਆਪਕ ਤਿਆਰੀਆਂ ਚੱਲ ਰਹੀਆਂ ਹਨ। ਊਨ੍ਹਾਂ ਕਿਹਾ ਕਿ ਤਕਨਾਲੋਜੀ ਅਤੇ ਜਵਾਨਾਂ ਦੀ ਚੌਕਸੀ ਰਲ ਕੇ ਚੱਲੇਗੀ ਅਤੇ ਇਸ ਤਰ੍ਹਾਂ ‘ਅਸੀਂ ਆਪਣੀਆਂ ਸਰਹੱਦਾਂ ਨੂੰ ਬਿਹਤਰ ਢੰਗ ਨਾਲ ਸੁਰੱਖਿਅਤ ਬਣਾ ਸਕਾਂਗੇ।

ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਕਾਰ ‘ਕਾਫ਼ੀ ਕੁਝ ਕਰਨ ਜਾ ਰਹੀ ਹੈ’ ਤਾਂ ਜੋ ਇੱਕ ਲੱਖ ਆਬਾਦੀ ਪ੍ਰਤੀ ਪੁਲੀਸ ਜਵਾਨ ਦੀ ਮੌਜੂਦਗੀ ਦੀ ਘਾਟ ਦਾ ਹੱਲ ਕੀਤਾ ਜਾ ਸਕੇ। ਊਨ੍ਹਾਂ ਪੁਲੀਸ ਜਵਾਨਾਂ ਵਲੋਂ ਦੇਸ਼ ਦੀ ਅੰਦਰੂਨੀ ਅਤੇ ਸਰਹੱਦੀ ਸੁਰੱਖਿਆ ਯਕੀਨੀ ਬਣਾਊਣ ਦੀ ਸ਼ਲਾਘਾ ਕੀਤੀ।

Previous articleSindh Police rise in defiance against Army in Pakistan
Next articleਕਾਂਗਰਸ ਵੱਲੋਂ ਮੈਨੀਫੈਸਟੋ ‘ਬਿਹਾਰ ਬਦਲਾਵ ਪੱਤਰ-2020’ ਜਾਰੀ