* ਅਦਾਲਤ ਨੇ ਵਕੀਲ ਉਤਸਵ ਸਿੰਘ ਤੋਂ ਜਵਾਬ ਮੰਗਿਆ; ਜਸਟਿਸ ਬੋਬੜੇ ਕਰਨਗੇ ਦੋਸ਼ਾਂ ਦੀ ਜਾਂਚ
ਸੁਪਰੀਮ ਕੋਰਟ ਨੇ ਅੱਜ ਉਸ ਵਕੀਲ ਨੂੰ ਨੋਟਿਸ ਜਾਰੀ ਕੀਤਾ ਹੈ ਜਿਸ ਨੇ ਦਾਅਵਾ ਕੀਤਾ ਹੈ ਕਿ ਚੀਫ ਜਸਟਿਸ ਰੰਜਨ ਗੋਗੋਈ ਨੂੰ ਜਿਨਸੀ ਸ਼ੋਸ਼ਣ ਦੇ ਝੂਠੇ ਮਾਮਲੇ ’ਚ ਫਸਾ ਕੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਲਈ ਮਜਬੂਰ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਚੀਫ ਜਸਟਿਸ ’ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਜਸਟਿਸ ਐੱਸਏ ਬੋਬੜੇ ਕਰਨਗੇ। ਜਸਟਿਸ ਅਰੁਣ ਮਿਸ਼ਰਾ, ਜਸਟਿਸ ਆਰਐੱਫ ਨਰੀਮਨ ਤੇ ਜਸਟਿਸ ਦੀਪਕ ਗੁਪਤਾ ਦੇ ਬੈਂਚ ਨੇ ‘ਨਿਆਂ ਪਾਲਿਕਾ ਦੀ ਆਜ਼ਾਦੀ ਨਾਲ ਸਬੰਧਤ ਸਭ ਤੋਂ ਅਹਿਮ ਜਨਤਕ ਮਾਮਲਾ’ ਦੇ ਸਿਰਲੇਖ ਹੇਠ ਸੂਚੀਬੱਧ ਮਾਮਲੇ ਦੀ ਸੁਣਵਾਈ ਕਰਦਿਆਂ ਵਕੀਲ ਉਤਸਵ ਬੈਂਸ ਨੂੰ ਨੋਟਿਸ ਜਾਰੀ ਕਰਕੇ ਉਸ ਨੂੰ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਹੈ। ਇਸ ਮਾਮਲੇ ’ਤੇ 24 ਅਪਰੈਲ ਨੂੰ ਸਵੇਰੇ ਸਾਢੇ ਦਸ ਵਜੇ ਮੁੜ ਸੁਣਵਾਈ ਹੋਵੇਗੀ। ਉਤਸਵ ਬੈਂਸ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਸੁਪਰੀਮ ਕੋਰਟ ਦੀ ਸਾਬਕਾ ਮਹਿਲਾ ਕਰਮਚਾਰੀ ਦੀ ਅਗਵਾਈ ਕਰਨ ਅਤੇ ਚੀਫ ਜਸਟਿਸ ਖ਼ਿਲਾਫ਼ ਪ੍ਰੈੱਸ ਕਲੱਬ ਆਫ ਇੰਡੀਆ ’ਚ ਪ੍ਰੈੱਸ ਕਾਨਫਰੰਸ ਕਰਨ ਲਈ ਡੇਢ ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ। ਉਤਸਵ ਬੈਂਸ ਨੇ ਸ਼ਨਿਚਰਵਾਰ ਨੂੰ ਵਾਪਰੇ ਘਟਨਾਕ੍ਰਮ ਬਾਰੇ ਬੀਤੇ ਦਿਨ ਅਦਾਲਤ ’ਚ ਹਲਫਨਾਮਾ ਦਾਇਰ ਕੀਤਾ ਸੀ। ਸ਼ਨਿਚਰਵਾਰ ਦੀ ਸੁਣਵਾਈ ਦੌਰਾਨ ਚੀਫ ਜਸਟਿਸ ਨੇ ਕਿਹਾ ਸੀ ਕਿ ਇਸ ਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਹੈ ਅਤੇ ਉਹ ਇਨ੍ਹਾਂ ਦੋਸ਼ਾਂ ਦਾ ਖੰਡਨ ਕਰਨ ਲਈ ਏਨਾ ਹੇਠਾਂ ਨਹੀਂ ਜਾਣਗੇ। ਬੈਂਸ ਨੇ ਹਲਫਨਾਮੇ ’ਚ ਕਿਹਾ ਹੈ ਕਿ ਉਹ ਇਨ੍ਹਾਂ ਦੋਸ਼ਾਂ ਬਾਰੇ ਸੁਣ ਕੇ ਹੈਰਾਨ ਸੀ ਅਤੇ ਉਹ ਸ਼ਿਕਾਇਤਕਰਤਾ ਦੀ ਅਗਵਾਈ ਕਰਨਾ ਚਾਹੁੰਦਾ ਸੀ ਪਰ ਜਦੋਂ ਅਜੈ ਨੇ ਪੂਰੀ ਘਟਨਾ ਤੇ ਤੱਥਾਂ ਦਾ ਸਿਲਸਿਲੇਵਾਰ ਜ਼ਿਕਰ ਕੀਤਾ ਤਾਂ ਉਹ ਇਸ ਤੋਂ ਸੰਤੁਸ਼ਟ ਨਹੀਂ ਹੋਇਆ ਤੇ ਉਸ ਨੂੰ ਅਜੈ ਦੀ ਕਹਾਣੀ ’ਚ ਕਈ ਕਮੀਆਂ ਨਜ਼ਰ ਆਈਆਂ। ਹਲਫਨਾਮੇ ਮੁਤਾਬਕ ਉਸ ਨੇ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਲਈ ਸ਼ਿਕਾਇਤਕਰਤਾ ਨਾਲ ਗੱਲਬਾਤ ਕਰਨੀ ਚਾਹੀ ਪਰ ਅਜੈ ਨੇ ਮੁਲਾਕਾਤ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਜਿਸ ਕਾਰਨ ਉਸ ਦਾ ਸ਼ੱਕ ਵੱਧ ਗਿਆ। ਉਸ ਨੇ ਕਿਹਾ ਕਿ ਜਦੋਂ ਚੀਫ ਜਸਟਿਸ ਨੂੰ ਫਸਾਉਣ ਲਈ ਉਕਤ ਅਜੈ ਵੱਲੋਂ ਕੀਤੀ 50 ਲੱਖ ਰੁਪਏ ਦੀ ਪੇਸ਼ਕਸ਼ ਨਾਮਨਜ਼ੂਰ ਕਰ ਦਿੱਤੀ ਤਾਂ ਉਸ ਨੇ ਫੀਸ ਵਧਾ ਕੇ ਡੇਢ ਕਰੋੜ ਰੁਪਏ ਕਰ ਦਿੱਤੀ। ਇਸ ਮਗਰੋਂ ਉਸ ਨੇ ਉਸ ਵਿਅਕਤੀ ਨੂੰ ਤੁਰੰਤ ਆਪਣੇ ਦਫ਼ਤਰ ’ਚੋਂ ਚਲੇ ਜਾਣ ਲਈ ਕਿਹਾ। ਹਲਫਨਾਮੇ ’ਚ ਦਾਅਵਾ ਕੀਤਾ ਗਿਆ ਹੈ, ‘ਉਸ ਦੇ ਭਰੋਸੇਯੋਗ ਸੂਤਰਾਂ ਨੇ ਚੋਣਵੇਂ ‘ਦਲਾਲਾਂ’ ਬਾਰੇ ਦੱਸਿਆ ਸੀ ਜੋ ਗੈਰਕਾਨੂੰਨੀ ਢੰਗ ਨਾਲ ਪੈਸਾ ਲੈ ਕੇ ਫ਼ੈਸਲੇ ਕਰਵਾਉਣ ਦੇ ਕਾਰੋਬਾਰ ’ਚ ਸ਼ਾਮਲ ਸਨ ਅਤੇ ਚੀਫ ਜਸਟਿਸ ਨੇ ਅਜਿਹੇ ਦਲਾਲਾਂ ਖ਼ਿਲਾਫ਼ ਮੁਹਿੰਮ ਚਲਾ ਰੱਖੀ ਸੀ।’