ਤੀਜੇ ਗੇੜ ’ਚ 66 ਫੀਸਦ ਪੋਲਿੰਗ

ਲੋਕ ਸਭਾ ਚੋਣਾਂ ਦੇ ਤੀਜੇ ਤੇ ਸਭ ਤੋਂ ਵੱਡੇ ਪੜਾਅ ਤਹਿਤ ਅੱਜ ਲੋਕਾਂ ਨੇ 116 ਸੰਸਦੀ ਸੀਟਾਂ ਲਈ ਕਤਾਰਾਂ ਵਿੱਚ ਘੰਟਿਆਂਬੱਧੀ ਖੜ ਕੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਚੋਣ ਕਮਿਸ਼ਨ ਵੱਲੋਂ ਰਾਤ ਅੱਠ ਵਜੇ ਤਕ ਜਾਰੀ ਅੰਕੜਿਆਂ ਮੁਤਾਬਕ ਤੀਜੇ ਗੇੜ ਤਹਿਤ 66 ਫੀਸਦ (ਲਗਪਗ 65.61 ਫੀਸਦ) ਪੋਲਿੰਗ ਹੋਈ। ਗੁਜਰਾਤ (26) ਤੇ ਕੇਰਲ (20) ਵਿੱਚ ਅੱਜ ਇਕੋ ਵੇਲੇ ਸਾਰੀਆਂ ਸੰਸਦੀ ਸੀਟਾਂ ਲਈ ਵੋਟਾਂ ਪਈਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹਿਮਦਾਬਾਦ ਦੇ ਇਕ ਬੂਥ ਵਿੱਚ ਵੋਟ ਪਾਈ। ਅੱਜ ਦਾ ਚੋਣ ਅਮਲ ਸਿਰੇ ਚੜ੍ਹਨ ਮਗਰੋਂ ਭਾਜਪਾ ਪ੍ਰਧਾਨ ਅਮਿਤ ਸ਼ਾਹ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸਮਾਜਵਾਦੀ ਪਾਰਟੀ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਤੇ ਕਈ ਹੋਰਨਾਂ ਕੇਂਦਰੀ ਮੰਤਰੀਆਂ ਦੀ ਕਿਸਮਤ ਈਵੀਐਮ ’ਚ ਬੰਦ ਹੋ ਗਈ। ਇਸ ਦੌਰਾਨ ਕਈ ਥਾਈਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਵਿੱਚ ਗੜਬੜੀ ਦੀਆਂ ਸ਼ਿਕਾਇਤਾਂ ਵੀ ਮਿਲੀਆਂ। ਤੀਜੇ ਗੇੜ ਤਹਿਤ ਲਗਪਗ 18.56 ਕਰੋੜ ਲੋਕ ਵੋਟ ਪਾਉਣ ਦੇ ਯੋਗ ਸਨ। ਗੁਜਰਾਤ ਤੇ ਕੇਰਲ ਦੀਆਂ ਸਾਰੀਆਂ ਸੰਸਦੀ ਸੀਟਾਂ ਕ੍ਰਮਵਾਰ 26 ਤੇ 20 ਲਈ ਵੋਟਿੰਗ ਤੋਂ ਇਲਾਵਾ ਅਸਾਮ ਦੀਆਂ ਚਾਰ, ਬਿਹਾਰ ਦੀਆਂ ਪੰਜ, ਛੱਤੀਸਗੜ੍ਹ ਦੀਆਂ ਸੱਤ, ਕਰਨਾਟਕ ਤੇ ਮਹਾਰਾਸ਼ਟਰ ਦੀਆਂ 14-14, ਉੜੀਸਾ ਦੀਆਂ 6, ਯੂਪੀ 10, ਪੱਛਮੀ ਬੰਗਾਲ 5, ਗੋਆ 2 ਅਤੇ ਦਾਦਰ ਤੇ ਨਗਰ ਹਵੇਲੀ, ਦਮਨ ਤੇ ਦਿਊ ਤੇ ਤ੍ਰਿਪੁਰਾ ਦੀ ਇਕ-ਇਕ ਸੰਸਦੀ ਸੀਟ ਲਈ ਵੋਟਾਂ ਦਾ ਅਮਲ ਸਿਰੇ ਚੜ੍ਹਿਆ। ਤ੍ਰਿਪੁਰਾ ਦੇ ਪੱਛਮੀ ਹਲਕੇ, ਜਿੱਥੇ ਪਹਿਲਾਂ 18 ਅਪਰੈਲ ਨੂੰ ਵੋਟਿੰਗ ਹੋਣ ਸੀ, ’ਚ ਵੀ ਅੱਜ ਵੋਟਾਂ ਪਈਆਂ ਜਦੋਂਕਿ ਜੰਮੂ-ਕਸ਼ਮੀਰ ਦੀ ਅਨੰਤਨਾਗ ਸੀਟ ਦੇ ਕੁੱਝ ਹਿੱਸੇ ਵਿੱਚ ਵੀ ਲੋਕਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਅਨੰਤਨਾਗ ਸੰਸਦੀ ਸੀਟ ਲਈ ਤਿੰਨ ਪੜਾਵਾਂ ਤਹਿਤ ਵੋਟਾਂ ਪੈਣੀਆਂ ਹਨ। ਇਸੇ ਤਰ੍ਹਾਂ ਉੜੀਸਾ, ਗੁਜਰਾਤ ਤੇ ਗੋਆ ਦੇ ਕੁਝ ਅਸੈਂਬਲੀ ਹਲਕਿਆਂ ਲਈ ਵੋਟਿੰਗ ਦਾ ਕੰਮ ਸਿਰੇ ਚੜ੍ਹਿਆ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਪੋਲਿੰਗ ਕੇਂਦਰਾਂ ਦੇ ਬਾਹਰ ਜਿੱਥੇ ਲੋਕਾਂ ਦੀਆਂ ਲੰਮੀਆਂ ਕਤਾਰਾਂ ਨਜ਼ਰ ਆਈਆਂ, ਉਥੇ ਅਨੰਤਨਾਗ ਸੰਸਦੀ ਹਲਕੇ ਵਿੱਚ 13.61 ਫੀਸਦ ਵੋਟਾਂ ਪੋਲ ਹੋਈਆਂ। ਪੁਲੀਸ ਅਧਿਕਾਰੀਆਂ ਮੁਤਾਬਕ ਪੋਲਿੰਗ ਦੌਰਾਨ ਉਂਜ ਪੂਰੀ ਤਰ੍ਹਾਂ ਅਮਨ ਅਮਾਨ ਰਿਹਾ। ਕੇਰਲ ਵਿੱਚ ਵੀ ਪੋਲਿੰਗ ਬੂਥ ਦੇ ਬਾਹਰ ਵੱਡੀ ਗਿਣਤੀ ਲੋਕ, ਜਿਨ੍ਹਾਂ ਵਿੱਚ ਮਹਿਲਾਵਾਂ, ਬਜ਼ੁਰਗ ਤੇ ਪਹਿਲੀ ਵਾਰ ਵੋਟ ਪਾਉਣ ਵਾਲੇ ਸ਼ਾਮਲ ਸਨ, ਕਤਾਰਾਂ ’ਚ ਖੜੇ ਵੇਖੇ ਗਏ। ਕੇਰਲ ਵਿੱਚ 71.67 ਫੀਸਦ ਪੋਲਿੰਗ ਦਰਜ ਕੀਤੀ ਗਈ। ਇਸ ਦੱਖਣੀ ਰਾਜ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸ਼ਸ਼ੀ ਥਰੂਰ ਤੇ ਕੇਂਦਰੀ ਮੰਤਰੀ ਐਲਫੌਂਸ ਕੰਨਮਥਾਨਮ ਚੋਣ ਮੈਦਾਨ ਵਿੱਚ ਹਨ। ਇਸ ਦੌਰਾਨ ਕਈ ਥਾਈਂ ਵੋਟਿੰਗ ਮਸ਼ੀਨਾਂ ਵਿੱਚ ਤਕਨੀਕੀ ਨੁਕਸ ਦੀਆਂ ਸ਼ਿਕਾਇਤਾਂ ਆਈਆਂ, ਜਿਨ੍ਹਾਂ ਨੂੰ ਦੂਰ ਕਰਨ ਮਗਰੋਂ ਵੋਟਿੰਗ ਦਾ ਅਮਲ ਬੇਰੋਕ ਚਲਦਾ ਰਿਹਾ। ਕਰਨਾਟਕ ਤੇ ਮਹਾਰਾਸ਼ਟਰ ਦੀਆਂ 14-14 ਲੋਕ ਸਭਾ ਸੀਟਾਂ ਲਈ ਕ੍ਰਮਵਾਰ 67.56 ਤੇ 58.98 ਫੀਸਦ ਪੋਲਿੰਗ ਰਿਕਾਰਡ ਕੀਤੀ ਗਈ। ਮਹਾਰਾਸ਼ਟਰ ਵਿੱਚ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਰਾਓਸਾਹਿਬੇ ਦਾਨਵੇ(ਜਾਲਨਾ) ਤੇ ਐਨਸੀਪੀ ਮੁਖੀ ਸ਼ਰਦ ਪਵਾਰ ਦੀ ਧੀ ਸੁਪ੍ਰਿਆ ਸੂਲੇ (ਬਾਰਾਮਤੀ) ਤੋਂ ਚੋਣ ਮੈਦਾਨ ਵਿੱਚ ਹਨ। ਗੋਆ ਦੀਆਂ ਦੋ ਸੰਸਦੀ ਸੀਟਾਂ ਲਈ 73.23 ਫੀਸਦ ਪੋਲਿੰਗ ਹੋਈ। ਗੁਜਰਾਤ ਵਿੱਚ 63.67 ਫੀਸਦ ਲੋਕ ਹੀ ਪੋਲਿੰਗ ਕੇਂਦਰਾਂ ਤਕ ਪੁੱਜੇ। ਰਾਜ ਦੇ ਵਧੀਕ ਮੁੱਖ ਚੋਣ ਅਧਿਕਾਰੀ ਅਸ਼ੋਕ ਮਾਨੇਕ ਨੇ ਕਿਹਾ ਕਿ ਤਕਨੀਕੀ ਨੁਕਸ ਦੀਆਂ ਸ਼ਿਕਾਇਤਾਂ ਮਗਰੋਂ ਕੁਝ ਈਵੀਐਮਜ਼ ਨੂੰ ਬਦਲ ਦਿੱਤਾ ਗਿਆ ਹੈ। ਛੱਤੀਸਗੜ ਦੀਆਂ ਸੱਤ ਸੀਟਾਂ ਲਈ 64.68 ਫੀਸਦ ਪੋਲਿੰਗ ਦਰਜ ਕੀਤੀ ਗਈ। ਬਿਹਾਰ ਵਿੱਚ ਪੰਜ ਸੰਸਦੀ ਸੀਟਾਂ ਲਈ 89.09 ਲੱਖ ਵੋਟਰਾਂ ’ਚੋਂ 59.97 ਫੀਸਦ ਨੇ ਆਪਣੇ ਸੰਵਿਧਾਨਕ ਹੱਕ ਦੀ ਵਰਤੋਂ ਕੀਤੀ। ਖਗਰੀਆ ਦੇ ਦੋ ਅਤੇ ਝਾਂਜਰਪੁਰ ਦੇ ਤਿੰਨ ਬੂਥਾਂ ’ਤੇ ਈਵੀਐਮ ਖ਼ਰਾਬ ਹੋਣ ਨਾਲ ਕੁਝ ਸਮੇਂ ਲਈ ਵੋਟਿੰਗ ਦਾ ਕੰਮ ਅਸਰਅੰਦਾਜ਼ ਹੋਇਆ। ਚੋਣ ਕਮਿਸ਼ਨ ਵੱਲੋਂ ਜਾਰੀ ਸੱਜਰੇ ਅੰਕੜਿਆਂ ਮੁਤਾਬਕ ਉੜੀਸਾ ਵੱਚ 60.44 ਫੀਸਦ, ਪੱਛਮੀ ਬੰਗਾਲ 79.67 ਫੀਸਦ, ਅਸਾਮ 80.73 ਤੇ ਤ੍ਰਿਪੁਰਾ ਵਿੱਚ 79.57 ਫੀਸਦ ਵੋਟਾਂ ਪਈਆਂ। ਯੂਪੀ ਵਿੱਚ ਕੜਕਦੀ ਧੁੱਪ ਤੇ ਪਾਰਾ ਉਪਰ ਚੜ੍ਹਨ ਦੇ ਬਾਵਜੂਦ ਪੰਜ ਵਜੇ ਤਕ ਰਾਜ ਦੀਆਂ ਦਸ ਸੰਸਦੀ ਸੀਟਾਂ ਲਈ ਅਨੁਮਾਨਤ 61.35 ਫੀਸਦ ਵੋਟਿੰਗ ਰਿਕਾਰਡ ਕੀਤੀ ਗਈ। ਸਪਾ ਦੇ ਸੀਨੀਅਰ ਆਗੂ ਆਜ਼ਮ ਖ਼ਾਨ, ਅਦਾਕਾਰ ਤੇ ਭਾਜਪਾ ਉਮੀਦਵਾਰ ਜਯਾ ਪ੍ਰਦਾ, ਮੁਲਾਇਮ ਯਾਦਵ ਦੇ ਭਰਾ ਸ਼ਿਵਪਾਲ ਯਾਦਵ ਆਦਿ ਦੀ ਕਿਸਮਤ ਈਵੀਐਮ ’ਚ ਬੰਦ ਹੋ ਗਈ।

Previous articleਚੋਣ ਪ੍ਰਚਾਰ ਨੇ ਫੜੀ ਰਫ਼ਤਾਰ
Next articleਚੀਫ ਜਸਟਿਸ ਖ਼ਿਲਾਫ਼ ਸਾਜ਼ਿਸ਼ ਰਚੇ ਜਾਣ ਦਾ ਦਾਅਵਾ