ਚੀਨ, ਰੂਸ ਤੇ ਪਾਕਿਸਤਾਨ ਦੇ ਦੂਤਾਂ ਵੱਲੋਂ ਤਾਲਿਬਾਨ ਨਾਲ ਰਾਬਤਾ

ਪੇਈਚਿੰਗ (ਸਮਾਜ ਵੀਕਲੀ):  ਚੀਨ, ਰੂਸ ਤੇ ਪਾਕਿਸਤਾਨ ਦੇ ਵਿਸ਼ੇਸ਼ ਦੂਤਾਂ ਨੇ ਤਾਲਿਬਾਨ ਦੀ ਅੰਤ੍ਰਿਮ ਸਰਕਾਰ ਤੇ ਅਫ਼ਗਾਨ ਆਗੂਆਂ ਹਾਮਿਦ ਕਰਜ਼ਈ ਤੇ ਅਬਦੁੱਲ੍ਹਾ ਅਬਦੁੱਲ੍ਹਾ ਨਾਲ ਕਾਬੁਲ ਵਿਚ ਮੁਲਾਕਾਤ ਕੀਤੀ ਹੈ। ਗੱਲਬਾਤ ਸਰਕਾਰ ਵਿਚ ਸਾਰੇ ਵਰਗਾਂ ਦੀ ਸ਼ਮੂਲੀਅਤ, ਅਤਿਵਾਦ ਨਾਲ ਨਜਿੱਠਣ ਤੇ ਮਨੁੱਖੀ ਸੰਕਟ ਦੇ ਹੱਲ ਉਤੇ ਕੇਂਦਰਿਤ ਰਹੀ ਹੈ। ਤਿੰਨਾਂ ਦੇਸ਼ਾਂ ਦੇ ਦੂਤ 21 ਤੇ 22 ਸਤੰਬਰ ਨੂੰ ਕਾਬੁਲ ਵਿਚ ਸਨ। ਉਨ੍ਹਾਂ ਕਾਰਜਕਾਰੀ ਪ੍ਰਧਾਨ ਮੰਤਰੀ ਮੁਹੰਮਦ ਹਸਨ ਅਖੁੰਦ, ਵਿਦੇਸ਼ ਮੰਤਰੀ ਆਮਿਰ ਖਾਨ ਮੁਤੱਕੀ ਤੇ ਹੋਰਾਂ ਨਾਲ ਮੁਲਾਕਾਤ ਕਰ ਕੇ ਵਿਚਾਰ-ਚਰਚਾ ਕੀਤੀ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਆਨ ਨੇ ਮੀਡੀਆ ਨੂੰ ਦੱਸਿਆ ਕਿ ਦੂਤ ਪਿਛਲੀ ਸਰਕਾਰ ਦਾ ਹਿੱਸਾ ਰਹੇ ਅਬਦੁੱਲ੍ਹਾ ਤੇ ਕਰਜ਼ਈ ਨੂੰ ਵੀ ਮਿਲੇ ਹਨ।

ਇਹ ਸ਼ਾਇਦ ਪਹਿਲੀ ਵਾਰ ਹੈ ਕਿ ਵਿਦੇਸ਼ੀ ਕੂਟਨੀਤਕਾਂ ਨੇ ਕਾਬੁਲ ਵਿਚ ਹਾਲੇ ਤੱਕ ਟਿਕੇ ਬੈਠੇ ਕਰਜ਼ਈ ਤੇ ਅਬਦੁੱਲ੍ਹਾ ਨਾਲ ਮੁਲਾਕਾਤ ਕੀਤੀ ਹੈ। ਅਫ਼ਗਾਨਿਸਤਾਨ ਤੇ ਰੂਸ ਨਾਲ ਨੇੜਿਓਂ ਤਾਲਮੇਲ ਕਰ ਰਹੇ ਚੀਨ ਤੇ ਪਾਕਿਸਤਾਨ ਇਸ ਖੇਤਰ ਵਿਚ ਇਕ ਨਵਾਂ ਗਰੁੱਪ ਕਾਇਮ ਕਰਨ ਦੇ ਰੌਂਅ ਵਿਚ ਹਨ। ਇਨ੍ਹਾਂ ਦੀਆਂ ਹੱਦਾਂ ਵੀ ਅਫ਼ਗਾਨਿਸਤਾਨ ਨਾਲ ਲੱਗਦੀਆਂ ਹਨ। ਨਵੇਂ ਗਰੁੱਪ ਵਿਚ ਚੀਨ, ਪਾਕਿਸਤਾਨ, ਇਰਾਨ, ਤਾਜਿਕਿਸਤਾਨ, ਤੁਰਕਮੇਨਿਸਤਾਨ ਤੇ ਉਜ਼ਬੇਕਿਸਤਾਨ ਸ਼ਾਮਲ ਹਨ। ਇਸ ਸਮੂਹ ਦੇ ਵਿਦੇਸ਼ ਮੰਤਰੀਆਂ ਨੇ ਸੱਤ ਸਤੰਬਰ ਨੂੰ ਵਰਚੁਅਲ ਬੈਠਕ ਵੀ ਕੀਤੀ ਹੈ। ਚੀਨੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਦੇ ਦੂਤਾਂ ਨੇ ਅਫ਼ਗਾਨਿਸਤਾਨ ਨਾਲ ਮਨੁੱਖੀ ਹੱਕਾਂ ਦੀ ਰਾਖੀ ਤੇ ਦੂਜੇ ਦੇਸ਼ਾਂ ਨਾਲ ਉਨ੍ਹਾਂ ਦੇ ਸਬੰਧਾਂ ਬਾਰੇ ਵੀ ਵਿਚਾਰ-ਚਰਚਾ ਕੀਤੀ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਔਕਸ’ ਵਿੱਚ ਭਾਰਤ ਤੇ ਜਪਾਨ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ: ਅਮਰੀਕਾ
Next articleਭਾਰਤੀ ਹਾਈ ਕਮਿਸ਼ਨਰ ਅਤੇ ਬੀ ਐਫ ਐਸ ਵਲੋਂ ਬੈਡਫੋਰਡ ਵਿਖੇ ਲਗਾਈ ਗਈ ਵੀਜ਼ਾ ਸਰਜਰੀ