ਚਿਦੰਬਰਮ ਵੱਲੋਂ ਬਾਇਡਨ ਦੇ ਹਵਾਲੇ ਨਾਲ ਬਿਹਾਰ ਤੇ ਮੱਧ ਪ੍ਰਦੇਸ਼ ਦੇ ਵੋਟਰਾਂ ਨੂੰ ਅਪੀਲ

ਨਵੀਂ ਦਿੱਲੀ (ਸਮਾਜ ਵੀਕਲੀ) : ਸੀਨੀਅਰ ਕਾਂਗਰਸ ਆਗੂ ਪੀ.ਚਿਦੰਬਰਮ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਡੈਮੋਕਰੈਟਿਕ ਪਾਰਟੀ ਦੇ ਊਮੀਦਵਾਰ ਜੋਅ ਬਾਇਡਨ ਵੱਲੋੋਂ ਕੀਤੀਆਂ ਟਿੱਪਣੀਆਂ ਦੇ ਹਵਾਲੇ ਨਾਲ ਬਿਹਾਰ, ਮੱਧ ਪ੍ਰਦੇਸ਼ ਤੇ ਦੇਸ਼ ਦੇ ਹੋਰਨਾਂ ਹਿੱਸਿਆਂ (ਜਿੱਥੇ ਕਿਤੇ ਜ਼ਿਮਨੀ ਚੋਣਾਂ ਹੋਣੀਆਂ ਹਨ) ਦੇ ਵੋਟਰਾਂ ਨੂੰ ਬਿਨਾਂ ਕਿਸੇ ਖੌਫ਼ ਤੇ ਇਕਜੁੱਟ ਰਹਿ ਕੇ ਪੋਲਿੰਗ ਬੂਥਾਂ ’ਤੇ ਜਾਣ ਦੀ ਅਪੀਲ ਕੀਤੀ ਹੈ।

ਬਾਇਡਨ ਨੇ ਆਪਣੀ ਚੋਣ ਮੁਹਿੰਮ ਦੌਰਾਨ ਅਮਰੀਕੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਅਗਾਮੀ ਚੋਣਾਂ ਮੌਕੇ ਖੌਫ਼ ਦੀ ਥਾਂ ਆਸ ਦਾ ਪੱਲਾ ਫੜਨ ਅਤੇ ਵੰਡੀਆਂ ਦੀ ਥਾਂ ਇਕਜੁੱਟ ਰਹਿਣ। ਚਿਦੰਬਰਮ ਨੇ ਕਿਹਾ, ‘ਅਮਰੀਕੀ ਚੋਣਾਂ ਵਿੱਚ ਡੈਮੋਕਰੈਟਿਕ ਉਮੀਦਵਾਰ ਸ੍ਰੀਮਾਨ ਜੋਅ ਬਾਇਡਨ ਨੇ ਲੰਘੇ ਦਿਨ ਕਿਹਾ ਸੀ, ‘ਅਸੀਂ ਖੌਫ ਦੀ ਥਾਂ ਆਸ, ਵੰਡੀਆਂ ਦੀ ਥਾਂ ਇਕੱਠਿਆਂ ਰਹਿਣ, ਗਲਪ ਦੀ ਥਾਂ ਵਿਗਿਆਨ ਅਤੇ ਝੂਠ ਦੀ ਥਾਂ ਸੱਚ ਦੀ ਚੋਣ ਕਰਨੀ ਹੈ।’

ਸੀਨੀਅਰ ਕਾਂਗਰਸ ਆਗੂ ਨੇ ਲੜੀਵਾਰ ਟਵੀਟ ’ਚ ਕਿਹਾ, ‘ਬਿਹਾਰ, ਮੱਧ ਪ੍ਰਦੇਸ਼ ਤੇ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਪੋਲਿੰਗ ਬੂਥਾਂ ’ਤੇ ਜਾਣ ਮੌਕੇ ਲੋਕਾਂ ਨੂੰ ਇਹ ਚੰਗਾ ਸੰਕਲਪ ਲੈਣਾ ਚਾਹੀਦਾ ਹੈ।’ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ, ‘ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਵਜੋਂ ਜੈਸਿੰਡਾ ਆਰਡਨ ਦੀ ਜਿੱਤ ਨੇ ਸਾਨੂੰ ਇਕ ਆਸ ਦਿੱਤੀ ਹੈ ਕਿ ਜਮਹੂਰੀਅਤ ਵਿੱਚ ਸਦਾਚਾਰ ਤੇ ਪ੍ਰਗਤੀਵਾਦੀ ਸਿਧਾਂਤਾਂ ਦੇ ਸਿਰ ’ਤੇ ਵੀ ਚੋਣਾਂ ਜਿੱਤੀਆਂ ਜਾ ਸਕਦੀਆਂ ਹਨ।’

Previous articleCommon man in J&K aspires to a decent and quality life: Lt Gen Raju
Next articleਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਹੁਣ ਇਕ ਦੀ ਥਾਂ ਦੋ ਦਿਨ ਚੱਲੇਗਾ