ਚਿਦੰਬਰਮ ਦੇ ਰਿਮਾਂਡ ’ਚ ਤਿੰਨ ਦਿਨ ਦਾ ਵਾਧਾ

ਆਈਐੱਨਐਕਸ ਮੀਡੀਆ ਘੁਟਾਲੇ ਮਾਮਲੇ ਵਿੱਚ ਦਿੱਲੀ ਦੀ ਅਦਾਲਤ ਨੇ ਅੱਜ ਸੀਨੀਅਰ ਕਾਂਗਰਸ ਆਗੂ ਤੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੂੰ ਤਿੰਨ ਹੋਰ ਦਿਨ ਲਈ ਸੀਬੀਆਈ ਦੀ ਹਿਰਾਸਤ ’ਚ ਭੇਜ ਦਿੱਤਾ ਹੈ। ਚਿਦੰਬਰਮ ਹੁਣ 2 ਸਤੰਬਰ ਤੱਕ ਏਜੰਸੀ ਦੀ ਹਿਰਾਸਤ ’ਚ ਰਹਿਣਗੇ। ਇਸ ਸਬੰਧੀ ਹੁਕਮ ਵਿਸ਼ੇਸ਼ ਜੱਜ ਅਜੈ ਕੁਮਾਰ ਕੁਹਾਰ ਵੱਲੋਂ ਜਾਰੀ ਕੀਤੇ ਗਏ। ਚਿਦੰਬਰਮ ਨੂੰ ਅੱਜ ਚਾਰ ਦਿਨ ਦਾ ਹਿਰਾਸਤੀ ਰਿਮਾਂਡ ਖਤਮ ਹੋਣ ਤੋਂ ਬਾਅਦ ਅਦਾਲਤ ’ਚ ਪੇਸ਼ ਕੀਤਾ ਗਿਆ ਸੀ। ਹੁਕਮ ਜਾਰੀ ਕਰਦਿਆਂ ਜੱਜ ਨੇ ਕਿਹਾ, ‘ਜਾਂਚ ਕਰਨਾ ਜਾਂਚ ਅਧਿਕਾਰੀ ਦਾ ਵਿਸ਼ੇਸ਼ ਅਧਿਕਾਰ ਹੈ ਅਤੇ ਇਸ ਕੇਸ ’ਚ ਬਹੁਤ ਸਾਰਾ ਰਿਕਾਰਡ ਹੈ ਤੇ ਇਸ ਲਈ ਮੁਲਜ਼ਮ ਦਾ ਹਿਰਾਸਤ ’ਚ ਰਹਿਣਾ ਜ਼ਰੂਰੀ ਹੈ। ਇਸ ਲਈ ਮੁਲਜ਼ਮ ਨੂੰ ਦੋ ਸਤੰਬਰ ਤੱਕ ਹਿਰਾਸਤ ਵਿੱਚ ਭੇਜਿਆ ਜਾਂਦਾ ਹੈ।’ ਅੱਜ ਕੇਸ ਦੀ ਸੁਣਵਾਈ ਦੌਰਾਨ ਸੀਬੀਆਈ ਨੇ ਚਿਦੰਬਰਮ ਦਾ ਹਿਰਾਸਤੀ ਰਿਮਾਂਡ ਪੰਜ ਦਿਨ ਹੋਰ ਵਧਾਉਣ ਦੀ ਮੰਗ ਕੀਤੀ ਸੀ। ਕੇਸ ਦੀ ਸੁਣਵਾਈ ਦੌਰਾਨ ਪੀ ਚਿਦੰਬਰਮ ਦਾ ਪੁੱਤਰ ਕਾਰਤੀ ਵੀ ਅਦਾਲਤ ’ਚ ਹਾਜ਼ਰ ਸੀ।

Previous articleਦਸ ਬੈਂਕ ਰਲੇਵੇਂ ਬਾਅਦ ਹੋਣਗੇ ਚਾਰ
Next articleਕਸ਼ਮੀਰ ’ਚ ਪਾਬੰਦੀਆਂ ਮੁੜ ਲਾਈਆਂ