ਕਸ਼ਮੀਰ ’ਚ ਪਾਬੰਦੀਆਂ ਮੁੜ ਲਾਈਆਂ

ਕਸ਼ਮੀਰ ਵਾਦੀ ਵਿੱਚ ਜੁਮੇ ਦੀ ਨਮਾਜ਼ ਮੌਕੇ ਇਹਤਿਆਤ ਵਜੋਂ ਸ਼ਹਿਰ ਤੇ ਵਾਦੀ ਦੇ ਹੋਰਨਾਂ ਹਿੱਸਿਆਂ ’ਚ ਸੱਜਰੀਆਂ ਪਾਬੰਦੀਆਂ ਆਇਦ ਕਰ ਦਿੱਤੀਆਂ ਗਈਆਂ। ਉਂਜ ਜੁਮੇ ਦੀ ਨਮਾਜ਼ ਦਾ ਅਮਲ ਅਮਨ-ਅਮਾਨ ਨਾਲ ਸਿਰੇ ਚੜ੍ਹ ਗਿਆ। ਸਪੀਕਰਾਂ ਰਾਹੀਂ ਧਾਰਾ 144 ਤਹਿਤ ਪਾਬੰਦੀਆਂ ਬਾਰੇ ਮੁਨਿਆਦੀ ਕਰਵਾਈ ਗਈ। ਲੋਕਾਂ ਨੂੰ ਬਾਹਰ ਘੁੰਮਣ ਫਿਰਨ ਤੋਂ ਰੋਕ ਦਿੱਤਾ ਗਿਆ ਤੇ ਸਲਾਮਤੀ ਦਸਤਿਆਂ ਨੇ ਥਾਂ ਥਾਂ ਬੈਰੀਕੇਡ ਲਾ ਦਿੱਤੇ। ਉਂਜ ਅੱਜ ਲਗਾਤਾਰ ਤੀਜਾ ਹਫ਼ਤਾ ਸੀ, ਜਦੋਂ ਆਮ ਲੋਕਾਂ ਨੇ ਸ਼ਹਿਰ ਦੇ ਗਲੀ ਮੁਹੱਲਿਆਂ ਵਿਚਲੀਆਂ ਮਸਜਿਦਾਂ ’ਚ ਨਮਾਜ਼ ਅਦਾ ਕੀਤੀ। ਇਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਜੁੰਮੇ ਦੀ ਨਮਾਜ਼ ਦਾ ਅਮਲ ਅਮਨ ਅਮਾਨ ਨਾਲ ਨਿਬੜ ਗਿਆ ਤੇ ਕਿਸੇ ਪਾਸੇ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਉਂਜ ਅੱਜ ਲਗਾਤਾਰ 26ਵੇਂ ਦਿਨ ਕਸ਼ਮੀਰ ਵਾਦੀ ਵਿੱਚ ਜ਼ਿੰਦਗੀ ਲੀਹੋਂ ਲੱਥੀ ਰਹੀ। ਬਾਜ਼ਾਰ ਬੰਦ ਰਹੇ ਤੇ ਸੜਕਾਂ ’ਤੇ ਸਰਕਾਰੀ ਵਾਹਨ ਨਜ਼ਰ ਨਹੀਂ ਆਏ। ਵਾਦੀ ਦੇ ਕਈ ਹਿੱਸਿਆਂ ਵਿੱਚ ਲੈਂਡਲਾਈਨ ਸੇਵਾਵਾਂ ਚੱਲਦੀਆਂ ਰਹੀਆਂ। ਇਸ ਦੌਰਾਨ ਕਸ਼ਮੀਰ ਵਾਦੀ ਦੇ ਕੁਪਵਾੜਾ ਜ਼ਿਲ੍ਹੇ ਵਿੱਚ ਪੋਸਟ-ਪੇਡ ਮੋਬਾਈਲ ਖਪਤਕਾਰਾਂ ਲਈ ਇਨਕਮਿੰਗ ਮੋਬਾਈਲ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿੱਚ ਬੀਐੱਸਐਨਐਲ, ਜੀਓ ਤੇ ਵੋਡਾਫੋਨ ਦੇ ਖਪਤਕਾਰ ਸ਼ਾਮਲ ਹਨ। ਤਕਨੀਕੀ ਨੁਕਸ ਕਰਕੇ ਆਊਟਗੋਇੰਗ ਸੇਵਾ ਦੀ ਬਹਾਲੀ ਨੂੰ ਅਜੇ ਸਮਾਂ ਲੱਗੇਗਾ।

Previous articleਚਿਦੰਬਰਮ ਦੇ ਰਿਮਾਂਡ ’ਚ ਤਿੰਨ ਦਿਨ ਦਾ ਵਾਧਾ
Next articleਗੰਭੀਰ ਬਿਮਾਰੀਆਂ ਦੇ ਇਲਾਜ ਲਈ ਪੁਰਾਤਨ ਗਿਆਨ ਨੂੰ ਆਧੁਨਿਕਤਾ ਨਾਲ ਜੋੜਨ ਦੀ ਲੋੜ: ਮੋਦੀ