ਬਰਨਾਲਾ- ਪੁਲੀਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਸ਼ਿਕੰਜਾ ਕਸੱਦਿਆਂ 2 ਕਾਰਾਂ ਸਮੇਤ ਚਾਰ ਵਿਅਕਤੀਆਂ ਤੋਂ 1 ਲੱਖ 65 ਹਜ਼ਾਰ ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਐੱਸਪੀ (ਡੀ) ਸੁਖਦੇਵ ਸਿੰਘ ਵਿਰਕ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਸੀਆਈਏ ਸਟਾਫ਼ ਵੱਲੋਂ ਪਿੰਡ ਵਜੀਦਕੇ ਦੀ ਲਿੰਕ ਸੜਕ ’ਤੇ ਲਾਏ ਨਾਕੇ ’ਤੇ ਆਰਟਿਗਾ ਸਿਲਵਰ ਰੰਗ ਦੀ ਕਾਰ (11ਸੀਸੀ0285) ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਕਾਰ ’ਚੋਂ ਕਲੋਵੀਡੋਲ 100 ਐੱਸਆਰ ਦੀਆਂ ਇਕ ਲੱਖ 65 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ।
ਐੱਸਪੀ ਡੀ ਨੇ ਦੱਸਿਆ ਕਿ ਨਸ਼ਾ ਤਸਕਰੀ ਕਰਨ ਲਈ ਚਾਰ ਵਿਅਕਤੀਆਂ ਸੁਖਵਿੰਦਰ ਸਿੰਘ ਉਰਫ਼ ਸੁੱਖ, ਰਵੀ ਸਿੰਘ, ਜਿੰਦਰ ਸਿੰਘ ਤੇ ਲਖਵਿੰਦਰ ਸਿੰਘ ਵਾਸੀ ਪਟਿਆਲਾ ਨੇ ਆਪਣਾ ਗਰੋਹ ਬਣਾਇਆ ਸੀ। ਇਸ ਗਰੋਹ ਕੋਲ ਦੋ ਕਾਰਾਂ (ਪੀਬੀ11ਸੀਈ3756) ਸਵਿੱਫਟ ਤੇ ਦੂਸਰੀ ਕਾਰ ਆਰਟਿਗਾ (ਪੀਬੀ11ਸੀਸੀ0285) ’ਤੇ ਬਾਹਰਲੇ ਸੂਬਿਆਂ ਤੋਂ ਨਸ਼ੇ ਦੀਆਂ ਗੋਲੀਆਂ ਤੇ ਸ਼ੀਸੀਆਂ ਲਿਆ ਕੇ ਬਰਨਾਲਾ, ਸੰਗਰੂਰ, ਮਾਨਸਾ ’ਤੇ ਪਟਿਆਲਾ ਵਿੱਚ ਸਪਲਾਈ ਕਰਦੇ ਸਨ।
ਸ੍ਰੀ ਵਿਰਕ ਨੇ ਦੱਸਿਆ ਕਿ ਇਲਾਕੇ ’ਚ ਵੱਡੇ ਪੱਧਰ ’ਤੇ ਨਸ਼ੀਲੀਆਂ ਗੋਲੀਆਂ, ਸ਼ੀਸ਼ੀਆਂ ਦੀ ਸਪਲਾਈ ਹੋਣ ਦੀ ਸੂਚਨਾ ਮਿਲਣ ’ਤੇ ਸੀਆਈਏ ਸਟਾਫ਼ ਦੇ ਇੰਚਾਰਜ ਬਲਜੀਤ ਸਿੰਘ ਨੇ ਟੀਮ ਸਮੇਤ ਪਿੰਡ ਵਜੀਦਕੇ ਦੀ ਲਿੰਕ ਰੋਡ ’ਤੇ ਲਾਏ ਨਾਕੇ ’ਤੇ ਜਦੋਂ ਕਾਰ ਦੀ ਰੋਕ ਕੇ ਤਲਾਸ਼ੀ ਲਈ ਤਾਂ ਕਾਰ ’ਚੋਂ 1 ਲੱਖ 65 ਹਜ਼ਾਰ ਗੋਲੀਆਂ ਏਐੱਸਪੀ ਪ੍ਰੱਗਿਆ ਜੈਨ ਦੀ ਹਾਜ਼ਰੀ ’ਚ ਬਰਾਮਦ ਕਰਕੇ ਦੋ ਕਾਰ ਸਵਾਰਾਂ ਸੁਖਵਿੰਦਰ ਸਿੰਘ ਤੇ ਲਖਵਿੰਦਰ ਸਿੰਘ ਨੂੰ ਕਾਬੂ ਕਰ ਲਿਆ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।
INDIA ਚਾਰ ਮੈਂਬਰੀ ਗਰੋਹ ਕੋਲੋਂ 1.65 ਲੱਖ ਨਸ਼ੀਲੀਆਂ ਗੋਲੀਆਂ ਬਰਾਮਦ