ਮੂਨਕ ਨੇੜੇ ਘੱਗਰ ਦਰਿਆ ਦੇ ਬੰਨ੍ਹ ’ਚ ਪਏ ਪਾੜ ਨੂੰ ਪੂਰਨ ਲਈ ਰਾਹਤ ਟੀਮਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਜੁਟੇ ਕਿਸਾਨਾਂ ਨੇ ਪੈਰ ਪਿਛਾਂਹ ਖਿੱਚ ਲਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਕਿਹੜੇ ਹੌਸਲੇ ਨਾਲ ਪਾੜ ਨੂੰ ਭਰਨ ਕਿਉਂਕਿ ਉਨ੍ਹਾਂ ਦੀ ਹਜ਼ਾਰਾਂ ਏਕੜ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ। ਘੱਗਰ ਦਾ ਪਾਣੀ ਕਰੀਬ ਚਾਰ ਪਿੰਡਾਂ ਤੱਕ ਪੁੱਜ ਗਿਆ ਹੈ ਜਦੋਂ ਕਿ ਕਈ ਪਿੰਡਾਂ ਦਾ ਮੂਨਕ ਸ਼ਹਿਰ ਨਾਲੋਂ ਸੜਕ ਸੰਪਰਕ ਟੁੱਟ ਗਿਆ ਹੈ। ਮੂਨਕ-ਚੰਡੀਗੜ੍ਹ ਮੁੱਖ ਸੜਕ ਨੂੰ ਵੀ ਪਾਣੀ ਨੇ ਲਪੇਟ ’ਚ ਲੈ ਲਿਆ ਹੈ। ਮੂਨਕ ਨਜ਼ਦੀਕ ਬਸਤੀ ’ਚ ਕਈ ਘਰਾਂ ਦੀਆਂ ਕੰਧਾਂ ’ਚ ਤਰੇੜਾਂ ਪੈ ਗਈਆਂ ਹਨ। ਲਗਾਤਾਰ ਚੌਥੇ ਦਿਨ ਵੀ ਇਲਾਕੇ ਦੇ ਲੋਕਾਂ ਨੂੰ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਚਾਰ ਦਿਨਾਂ ਤੋਂ ਪਾੜ ਨੂੰ ਪੂਰਨ ’ਚ ਜੁਟੀਆਂ ਟੀਮਾਂ ਨੂੰ ਅਜੇ ਵੀ ਮੁਕੰਮਲ ਸਫ਼ਲਤਾ ਨਹੀਂ ਮਿਲੀ। ਅੱਜ ਲਗਾਤਾਰ ਚੌਥੇ ਦਿਨ ਫੌਜ, ਐੱਨਡੀਆਰਐੱਫ, ਐੱਸਡੀਆਰਐੱਫ, ਮਨਰੇਗਾ ਮਜ਼ਦੂਰ ਪਾੜ ਨੂੰ ਭਰਨ ਵਿੱਚ ਜੁਟੇ ਹੋਏ ਹਨ। ਹੁਣ ਮਿੱਟੀ ਦੇ ਥੈਲਿਆਂ ਤੋਂ ਇਲਾਵਾ ਸੜਕ ਬਣਾਉਣ ਲਈ ਵਰਤੇ ਜਾਂਦੇ ਪੱਥਰਾਂ ਨੂੰ ਥੈਲਿਆਂ ਵਿੱਚ ਭਰ ਕੇ ਪਾਣੀ ਦੇ ਵਹਾਅ ਨੂੰ ਰੋਕਣ ਲਈ ਯਤਨ ਕੀਤੇ ਜਾ ਰਹੇ ਹਨ। ਪੱਥਰਾਂ ਨਾਲ ਭਰੇ ਥੈਲਿਆਂ ਨੂੰ ਘੱਗਰ ਦਰਿਆ ਦੇ ਪਰਲੇ ਕਿਨਾਰੇ ਤੋਂ ਫੌਜੀ ਕਿਸ਼ਤੀਆਂ ਰਾਹੀਂ ਪਾੜ ਤੱਕ ਪਹੁੰਚਾ ਰਹੇ ਹਨ। ਭਾਵੇਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਾਣੀ ਦਾ ਪੱਧਰ ਘੱਟਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰੰਤੂ ਤੇਜ਼ੀ ਨਾਲ ਫੈਲ ਰਿਹਾ ਪਾਣੀ ਮੂਨਕ-ਚੰਡੀਗੜ੍ਹ ਮੁੱਖ ਸੜਕ ਨੂੰ ਵੀ ਪਾਰ ਕਰ ਗਿਆ ਹੈ। ਮੂਨਕ ਤੋਂ ਵੱਖ-ਵੱਖ ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਪਾਣੀ ’ਚ ਡੁੱਬ ਚੁੱਕੀਆਂ ਹਨ ਅਤੇ ਪਿੰਡਾਂ ਦਾ ਮੂਨਕ ਸ਼ਹਿਰ ਨਾਲੋਂ ਸੜਕ ਸੰਪਰਕ ਟੁੱਟ ਚੁੱਕਾ ਹੈ। ਪਿੰਡ ਸੁਰਜਨ ਭੈਣੀ, ਭੂੰਦੜ ਭੈਣੀ, ਮਕੋਰੜ ਸਾਹਿਬ,ਫੂਲਦ, ਹਮੀਰਗੜ੍ਹ ਦੀ ਝੋਨੇ ਦੀ ਫਸਲ ਪਾਣੀ ਦੀ ਮਾਰ ਹੇਠ ਹੈ। ਘੱਗਰ ’ਚ ਪਾੜ ਪੈਣ ਵਾਲੇ ਦਿਨ ਤੋਂ ਰਾਹਤ ਕਾਰਜਾਂ ’ਚ ਜੁਟੇ ਕਿਸਾਨਾਂ ਨੇ ਵੀ ਪੈਰ ਪਿਛਾਂਹ ਖਿੱਚ ਲਏ ਹਨ। ਕਿਸਾਨਾਂ ਦੀਆਂ ਫਸਲਾਂ ਦੀ ਬਰਬਾਦੀ ਨੇ ਕਿਸਾਨਾਂ ਦੇ ਹੌਸਲੇ ਤੋੜ ਦਿੱਤੇ ਹਨ। ਕਿਸਾਨ ਨਸੀਬ ਸਿੰਘ, ਮਿੱਠੂ ਸਿੰਘ ਆਦਿ ਨੇ ਕਿਹਾ ਕਿ ਜਦੋਂ ਫਸਲਾਂ ਹੀ ਬਰਬਾਦ ਹੋ ਗਈਆਂ ਹਨ ਤਾਂ ਫਿਰ ਹੁਣ ਪਾੜ ਤੋਂ ਉਨ੍ਹਾਂ ਨੇ ਕੀ ਲੈਣਾ ਹੈ। ਪਾਣੀ ਉਨ੍ਹਾਂ ਦੇ ਪਿੰਡਾਂ ਤੱਕ ਪੁੱਜ ਚੁੱਕਿਆ ਹੈ, ਜਿਸ ਕਰਕੇ ਫਸਲਾਂ ਤਾਂ ਮਰ ਗਈਆਂ ਪਰ ਹੁਣ ਘਰ ਵੀ ਤਾਂ ਬਚਾਉਣੇ ਹਨ। ਉਧਰ ਪਿੰਡਾਂ ਦੇ ਲੋਕਾਂ ਵੱਲੋਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਉਪਰ ਲਗਾਤਾਰ ਸਵਾਲ ਉਠਾਏ ਜਾ ਰਹੇ ਹਨ। ਪਿੰਡ ਸਲੇਮਗੜ੍ਹ ਦੇ ਕਿਸਾਨਾਂ ਬਿੰਦਰ ਸਿੰਘ , ਸਤਨਾਮ ਸਿੰਘ, ਮਿੱਠੂ ਸਿੰਘ, ਨੈਬ ਸਿੰਘ, ਹਰਮੇਸ਼ ਸਿੰਘ ਤੇ ਪਾਲਾ ਸਿੰਘ ਭੂੰਦੜਭੈਣੀ, ਸੰਤ ਰਾਮ ਭੂੰਦੜਭੈਣੀ ਆਦਿ ਨੇ ਕਿਹਾ ਕਿ ਕਿਸਾਨਾਂ ਦੀਆਂ ਫਸਲਾਂ ਤਾਂ ਬਰਬਾਦ ਹੋ ਚੁੱਕੀਆਂ ਹਨ ਪਰ ਹੁਣ ਪ੍ਰਸ਼ਾਸ਼ਨ ਵਲੋਂ ਸਾਡੇ ਘਰਾਂ ਨੂੰ ਬਚਾਉਣ ਲਈ ਪ੍ਰਬੰਧ ਕਰਨੇ ਚਾਹੀਦੇ ਹਨ ਅਤੇ ਪਾੜ ਭਰਨ ਦੇ ਕਾਰਜ ਵਿੱਚ ਤੇਜੀ ਲਿਆ ਕੇ ਕੰਮ ਮੁਕੰਮਲ ਕਰਨਾ ਚਾਹੀਦਾ ਹੈੇ।
HOME ਘੱਗਰ ਬੇਮੁਹਾਰਾ, ਪ੍ਰਸ਼ਾਸਨ ਬੇਵੱਸ