ਤਸਲੀਮਾ ਦਾ ਰੈਜ਼ੀਡੈਂਸ ਪਰਮਿਟ ਇਕ ਸਾਲ ਲਈ ਵਧਾਇਆ

ਵਿਵਾਦਾਂ ਵਿਚ ਰਹੀ ਬੰਗਲਾਦੇਸ਼ੀ ਲੇਖਿਕਾ ਤਸਲੀਮਾ ਨਸਰੀਨ ਦੇ ਰੈਜ਼ੀਡੈਂਸ (ਰਿਹਾਇਸ਼ੀ) ਪਰਮਿਟ ਨੂੰ ਗ੍ਰਹਿ ਮੰਤਰਾਲੇ ਨੇ ਇਕ ਸਾਲ ਲਈ ਵਧਾ ਦਿੱਤਾ ਹੈ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੀਡਨ ਦੀ ਨਾਗਰਿਕ ਤਸਲੀਮਾ ਨੂੰ 2004 ਤੋਂ ਲਗਾਤਾਰ ਭਾਰਤ ਵਿਚ ਰਹਿਣ ਦੀ ਇਜਾਜ਼ਤ ਮਿਲ ਰਹੀ ਹੈ। ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਕਿ ਨਸਰੀਨ ਦੇ ਪਰਮਿਟ ਨੂੰ ਜੁਲਾਈ 2020 ਤੱਕ ਵਧਾ ਦਿੱਤਾ ਗਿਆ ਹੈ। 56 ਸਾਲਾ ਲੇਖਿਕਾ ਨੂੰ ਪਿਛਲੇ ਹਫ਼ਤੇ ਤਿੰਨ ਮਹੀਨੇ ਦਾ ਰੈਜ਼ੀਡੈਂਸ ਪਰਮਿਟ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਸ ਨੇ ਟਵਿੱਟਰ ’ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲੋਂ ਇਸ ਨੂੰ ਇਕ ਸਾਲ ਤੱਕ ਵਧਾਉਣ ਦੀ ਮੰਗ ਕੀਤੀ ਸੀ। ਤਸਲੀਮਾ ਨੇ 17 ਜੁਲਾਈ ਨੂੰ ਟਵੀਟ ਕੀਤਾ ਸੀ ਕਿ ਉਹ ਅਮਿਤ ਸ਼ਾਹ ਦਾ ਪਰਮਿਟ ਵਧਾਉਣ ਲਈ ਸ਼ੁਕਰੀਆ ਅਦਾ ਕਰਦੀ ਹੈ ਪਰ ਇਸ ਗੱਲ ਦੀ ਹੈਰਾਨੀ ਹੈ ਕਿ ਸਿਰਫ਼ ਤਿੰਨ ਮਹੀਨੇ ਲਈ ਹੀ ਪਰਮਿਟ ਵਧਾਇਆ ਗਿਆ ਹੈ। ਨਸਰੀਨ ਨੇ ਕਿਹਾ ਸੀ ਕਿ ਉਸ ਨੇ ਪੰਜ ਸਾਲ ਦਾ ਵਾਧਾ ਮੰਗਿਆ ਸੀ ਤੇ ਇਕ ਸਾਲ ਤੱਕ ਦਾ ਵਾਧਾ ਮਿਲਦਾ ਰਿਹਾ ਹੈ। ਤਸਲੀਮਾ ਨੇ ਕਿਹਾ ਸੀ ਕਿ ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ 50 ਵਰ੍ਹਿਆਂ ਤੱਕ ਦਾ ਵਿਸਤਾਰ ਦਿੰਦੇ ਰਹਿਣ ਦਾ ਭਰੋਸਾ ਦਿੱਤਾ ਸੀ। ਉਸ ਨੇ ਕਿਹਾ ਸੀ ਕਿ ਭਾਰਤ ਉਸ ਦਾ ਇਕੋ-ਇਕ ਘਰ ਹੈ ਤੇ ਆਸ ਹੈ ਕਿ ਮਦਦ ਕੀਤੀ ਜਾਵੇਗੀ। ਪਰਮਿਟ ਵਧਣ ’ਤੇ ਤਸਲੀਮਾ ਨੇ ਫੇਰ ਤੋਂ ਧੰਨਵਾਦ ਕੀਤਾ ਤੇ ਕਿਹਾ ਕਿ ‘ਟਵਿੱਟਰ ਬਹੁਤ ਤਾਕਤਵਰ ਹੈ’। ਟਵਿੱਟਰ ’ਤੇ ਕਈ ਲੋਕਾਂ ਨੇ ਪਰਮਿਟ ਵਧਾਉਣ ਲਈ ਤਸਲੀਮਾ ਦੇ ਹੱਕ ਵਿਚ ਟਵੀਟ ਕੀਤੇ ਸਨ। ਜ਼ਿਕਰਯੋਗ ਹੈ ਕਿ ਤਸਲੀਮਾ ਨੂੰ ਕਥਿਤ ਇਸਲਾਮ ਵਿਰੋਧੀ ਵਿਚਾਰਾਂ ਲਈ ਕੱਟੜਵਾਦੀਆਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਮਗਰੋਂ 1994 ਵਿਚ ਬੰਗਲਾਦੇਸ਼ ਛੱਡਣਾ ਪਿਆ ਸੀ। ਇਸ ਤੋਂ ਬਾਅਦ ਉਹ ਯੂਰੋਪ ਤੇ ਅਮਰੀਕਾ ਵਿਚ ਵੀ ਰਹੀ ਤੇ ਹੁਣ ਕਈ ਚਿਰ ਤੋਂ ਭਾਰਤ ਵਿਚ ਹੈ।

Previous articleਘੱਗਰ ਬੇਮੁਹਾਰਾ, ਪ੍ਰਸ਼ਾਸਨ ਬੇਵੱਸ
Next articleਘੱਗਰ ’ਚ ਪਾਣੀ ਵਧਣ ਕਾਰਨ 1100 ਏਕੜ ਝੋਨੇ ਦੀ ਫ਼ਸਲ ਬਰਬਾਦ