ਘਰ ਦੀ ਛੱਤ ਡਿੱਗਣ ਕਾਰਨ ਪਤੀ ਦੀ ਮੌਤ; ਪਤਨੀ ਜ਼ਖ਼ਮੀ

ਨਥਾਣਾ- ਲੰਘੀ ਰਾਤ ਇਸ ਖੇਤਰ ਵਿੱਚ ਹੋਈ ਭਰਵੀਂ ਬਾਰਸ਼ ਨੇ ਜਿਥੇ ਕਿਸਾਨਾਂ ਨੂੰ ਸਾਉਣੀ ਫ਼ਸਲਾਂ ਅਤੇ ਆਮ ਲੋਕਾਂ ਨੂੰ ਗਰਮੀਂ ਤੋਂ ਰਾਹਤ ਦੇਣ ਦਾ ਕੰਮ ਕੀਤਾ ਉਥੇ ਇਹ ਵਰਖਾ ਪਿੰਡ ਢੇਲਵਾਂ ਦੇ ਇੱਕ ਗ਼ਰੀਬ ਦਲਿਤ ਪਰਿਵਾਰ ਉਪਰ ਆਫ਼ਤ ਬਣ ਕੇ ਆਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਢੇਲਵਾਂ ਦਾ ਅਜਮੇਰ ਸਿੰਘ (70) ਆਪਣੀ ਪਤਨੀ ਮਨਜੀਤ ਕੌਰ (68) ਨਾਲ ਗ਼ਰੀਬੀ ਰੇਖਾ ਤੋਂ ਹੇਠਾਂ ਜ਼ਿੰਦਗੀ ਬਸਰ ਕਰ ਰਿਹਾ ਸੀ। ਦੋ ਦਹਾਕੇ ਪਹਿਲਾਂ ਉਸ ਦੇ ਇਕਲੌਤੇ ਪੁੱਤਰ ਦੀ ਮੌਤ ਹੋ ਗਈ ਸੀ। ਇਹ ਬਜ਼ੁਰਗ ਜੋੜਾ ਇਕੋ ਕਮਰੇ ਨੁਮਾ ਘਰ ਅੰਦਰ ਪਿਆ ਸੀ ਕਿ ਜ਼ੋਰਦਾਰ ਬਾਰਸ਼ ਨਾਲ ਇਸ ਕਮਰੇ ਦੀ ਛੱਡ ਡਿੱਗ ਗਈ। ਪਤੀ-ਪਤਨੀ ਛੱਤ ਦੇ ਮਲਬੇ ਹੇਠ ਦਬ ਕੇ ਗੰਭੀਰ ਜ਼ਖ਼ਮੀ ਹੋ ਗਏ। ਪਤਾ ਲੱਗਦਿਆਂ ਹੀ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਉਣ ਦਾ ਪ੍ਰਬੰਧ ਕੀਤਾ। ਬਜ਼ੁਰਗ ਅਜਮੇਰ ਸਿੰਘ ਸੱਟਾਂ ਦੀ ਤਾਬ ਨਾ ਝੱਲਦਾ ਹੋਇਆ ਹਸਪਤਾਲ ਵਿੱਚ ਦਮ ਤੋੜ ਗਿਆ ਜਦੋਂਕਿ ਉਸ ਦੀ ਪਤਨੀ ਮਨਜੀਤ ਕੌਰ ਜ਼ੇਰੇ ਇਲਾਜ ਹੈ। ਪੋਸਟ ਮਾਰਟਮ ਉਪਰੰਤ ਅਜਮੇਰ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪਿੰਡ ਵਾਸੀਆਂ ਨੇ ਆਪਣੇ ਤੌਰ ’ਤੇ ਮਨਜੀਤ ਕੌਰ ਦੇ ਇਲਾਜ ਲਈ ਆਰਥਿਕ ਸਹਾਇਤਾ ਭੇਜੀ। ਲੋਕਾਂ ਨੇ ਮੰਗ ਕੀਤੀ ਹੈ ਕਿ ਗ਼ਰੀਬ ਮਹਿਲਾ ਦਾ ਸਰਕਾਰੀ ਖਰਚੇ ’ਤੇ ਇਲਾਜ ਕਰਵਾਇਆ ਜਾਵੇ ਤੇ ਇਸ ਦਲਿਤ ਮਹਿਲਾ ਦੇ ਜੀਵਨ ਨਿਰਵਾਹ ਅਤੇ ਕਮਰੇ ਦੀ ਉਸਾਰੀ ਲਈ ਆਰਥਿਕ ਸਹਾਇਤਾ ਦਿੱਤੀ ਜਾਵੇ।

Previous articleਸਨਅਤਕਾਰ ਬੀ ਕੇ ਬਿਰਲਾ ਦਾ ਦੇਹਾਂਤ
Next articleਲੁਧਿਆਣਾ ਜੇਲ੍ਹ ਕਾਂਡ: ਅਪਰੇਸ਼ਨ ਕਰਕੇ ਕੈਦੀ ਦੇ ਪੱਟ ’ਚੋਂ ਗੋਲੀ ਕੱਢੀ