ਬਿਹਾਰ: ਐੱਨਡੀਏ ਤੇ ਵਿਰੋਧੀ ਧੜਿਆਂ ’ਚ ਵਖ਼ਰੇਵੇਂ ਉੱਭਰਨ ਲੱਗੇ

ਨਵੀਂ ਦਿੱਲੀ (ਸਮਾਜਵੀਕਲੀ) :  ਸੱਤਾਧਾਰੀ ਐੱਨਡੀਏ ਵਿਚ ਸ਼ਾਮਲ ਜੇਡੀ (ਯੂ) ਤੇ ਐਲਜੇਪੀ ਵਿਚਾਲੇ ਸਬੰਧ ਵਿਗੜਨ ਅਤੇ ਵਿਰੋਧੀ ਕੈਂਪਾਂ ਵਿਚ ਵੀ ਪਾੜ ਪੈਣ ਦੇ ਮੱਦੇਨਜ਼ਰ ਬਿਹਾਰ ’ਚ ਸਿਆਸੀ ਗੱਠਜੋੜ ਨਵੇਂ ਸਿਰਿਓਂ ਕਾਇਮ ਹੋਣ ਦੇ ਆਸਾਰ ਬਣਦੇ ਜਾ ਰਹੇ ਹਨ। ਚੋਣ ਨੇੜੇ ਹਨ, ਪਰ ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਨਵੇਂ ਗੱਠਜੋੜ ਜੇ ਉੱਭਰਦੇ ਹਨ ਤਾਂ ਕਿਹੋ-ਜਿਹੇ ਹੋਣਗੇ। ਸੂਤਰਾਂ ਦੀ ਮੰਨੀਏ ਤਾਂ ਸੱਤਾਧਾਰੀ ਤੇ ਵਿਰੋਧੀ ਕੈਂਪਾਂ ’ਚ ਵਖ਼ਰੇਵੇਂ ਉੱਭਰ ਰਹੇ ਹਨ। ਇਸ ਲਈ ਪਾਰਟੀਆਂ ਨੇ ਬਦਲ ਤਲਾਸ਼ਣੇ ਆਰੰਭ ਦਿੱਤੇ ਹਨ।

ਲੋਕ ਜਨਸ਼ਕਤੀ ਪਾਰਟੀ (ਐਲਜੇਪੀ) ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੇ ਜਨਤਾ ਦਲ (ਯੂਨਾਈਟਿਡ) ਤੋਂ ਨਾਰਾਜ਼ ਹੈ। ਐਲਜੇਪੀ ਨੂੰ ਲੱਗਦਾ ਹੈ ਕਿ ਐਨਡੀਏ ਦੇ ਭਾਈਵਾਲਾਂ ਵਿਚਾਲੇ ਸੀਟਾਂ ਦੀ ਵੰਡ ਬਾਰੇ ਚੱਲ ਰਹੀ ਗੱਲਬਾਤ ਦੌਰਾਨ ਪਾਰਟੀ ਨੂੰ ਬਣਦੀ ਅਹਿਮੀਅਤ ਨਹੀਂ ਦਿੱਤੀ ਜਾ ਰਹੀ ਹੈ। ਹਾਲਾਂਕਿ ਭਾਜਪਾ ਤੇ ਐਲਜੇਪੀ ਦੇ ਰਿਸ਼ਤੇ ਠੀਕ ਹਨ ਜਦਕਿ ਨਿਤੀਸ਼ ਦੀ ਪਾਰਟੀ ਮੁੱਖ ਮੰਤਰੀ ਬਾਰੇ ਚਿਰਾਗ ਪਾਸਵਾਨ (ਐਲਜੇਪੀ) ਦੀਆਂ ਟਿੱਪਣੀਆਂ ਤੋਂ ਨਾਖ਼ੁਸ਼ ਹੈ। ਜੇਡੀ (ਯੂ) ਦਾ ਮੰਨਣਾ ਹੈ ਕਿ ਭਾਜਪਾ ਨੂੰ ਪਾਸਵਾਨ ਤੋਂ ਉੱਪਰ ਉੱਠ ਕੇ ਸੋਚਣਾ ਚਾਹੀਦਾ ਹੈ।

ਹਾਲਾਂਕਿ ਭਾਜਪਾ ਆਪਣੇ ਗੱਠਜੋੜ ਸਹਿਯੋਗੀਆਂ ਨੂੰ ਨਾਲ ਰੱਖਣ ਲਈ ਪੂਰਾ ਜ਼ੋਰ ਲਾ ਰਹੀ ਹੈ ਤੇ ਨਿਤੀਸ਼ ਨੂੰ ਹੀ ਹਰ ਵਾਰ ਐਨਡੀਏ ਦਾ ਮੁੱਖ ਮੰਤਰੀ ਉਮੀਦਵਾਰ ਦੱਸਿਆ ਗਿਆ ਹੈ। ਇਸ ਲਈ ਐਲਜੇਪੀ ਲਈ ਭਾਜਪਾ ਹੱਦੋਂ ਬਾਹਰ ਜਾ ਕੇ ਕੋਈ ਕਦਮ ਨਹੀਂ ਚੁੱਕ ਸਕਦੀ। ਇਕ ਸੀਨੀਅਰ ਭਾਜਪਾ ਆਗੂ ਨੇ ਐਲਜੇਪੀ ਵੱਲੋਂ ਸੀਟਾਂ ’ਚ ਵੱਧ ਹਿੱਸਾ ਮੰਗੇ ਜਾਣ ਉਤੇ ਇਤਰਾਜ਼ ਜ਼ਾਹਿਰ ਕੀਤਾ ਹੈ। ਬਿਹਾਰ ਦੇ ਕਾਂਗਰਸ ਆਗੂ ਅਖਿਲੇਸ਼ ਪ੍ਰਸਾਦ ਸਿੰਘ ਵੱਲੋਂ ਐਲਜੇਪੀ ਦੇ ਸੰਪਰਕ ’ਚ ਹੋਣ ਦੇ ਕੀਤੇ ਦਾਅਵਿਆਂ ਨੇ ਵੀ ਨਵੀਆਂ ਕਿਆਸਅਰਾਈਆਂ ਨੂੰ ਜਨਮ ਦਿੱਤਾ ਹੈ।

ਸਾਬਕਾ ਕਾਂਗਰਸੀ ਸੰਸਦ ਮੈਂਬਰ ਪੱਪੂ ਯਾਦਵ ਵੀ ਚਿਰਾਗ ਪਾਸਵਾਨ ਨੂੰ ਸੰਭਾਵੀ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਉਭਾਰ ਰਹੇ ਹਨ। ਆਰਜੇਡੀ ਦੀ ਅਗਵਾਈ ਵਾਲੀ ਧਿਰ ’ਚ ਕੁਝ ਪਾਰਟੀਆਂ ਤੇਜਸਵੀ ਯਾਦਵ ਨੂੰ ਉਮੀਦਵਾਰ ਵਜੋਂ ਨਹੀਂ ਉਭਾਰਨਾ ਚਾਹੁੰਦੀਆਂ। ਸਾਬਕਾ ਮੁੱਖ ਮੰਤਰੀ ਤੇ ਹਿੰਦੁਸਤਾਨੀ ਅਵਾਮ ਮੋਰਚਾ ਦੇ ਆਗੂ ਜੀਤਨ ਰਾਮ ਮਾਂਝੀ ਨਿਤੀਸ਼ ਦੇ ਨੇੜੇ ਹੋ ਗਏ ਹਨ। ਰਾਸ਼ਟਰੀ ਲੋਕ ਸਮਤਾ ਪਾਰਟੀ ਤੇ ਵਿਕਾਸਸ਼ੀਲ ਇਨਸਾਨ ਪਾਰਟੀ ਵਿਚਾਲੇ ਲੀਡਰਸ਼ਿਪ ਬਾਰੇ ਅਜੇ ਕੋਈ ਸਹਿਮਤੀ ਨਹੀਂ ਬਣੀ ਹੈ।

Previous articleਸੰਸਦ ’ਚ ਸਰਕਾਰ ਨੂੰ ਘੇਰਨ ਲਈ ਸੋਨੀਆ ਦੀ ਆਪਣੇ ਐੱਮਪੀਜ਼ ਨਾਲ ਮੀਟਿੰਗ
Next articleUS records highest daily COVID-19 cases