ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਦੇ ਇਲਾਜ ਦੇ ਨੁਸਖ਼ੇ ਦੇਸ਼ ਦੇ ਹਜ਼ਾਰਾਂ ਸਾਲ ਪੁਰਾਣੇ ਗ੍ਰੰਥਾਂ ’ਚੋਂ ਮਿਲਦੇ ਹਨ ਪਰ ਹੁਣ ਤੱਕ ਇਸ ਪੁਰਾਤਨ ਗਿਆਨ ਨੂੰ ਆਧੁਨਿਕਤਾ ਨਾਲ ਜੋੜਨ ਵਿੱਚ ਬਹੁਤ ਘੱਟ ਸਫ਼ਲਤਾ ਮਿਲੀ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਆਯੂਸ਼ ਮੰਤਰਾਲੇ ਰਾਹੀਂ ਪਿਛਲੇ ਪੰਜ ਸਾਲਾਂ ਤੋਂ ਇਸ ਪਹੁੰਚ ਨੂੰ ਬਦਲਣ ਲਈ ਕੰਮ ਕੀਤਾ ਜਾ ਰਿਹਾ ਹੈ। ਲੈਬਾਰਟਰੀਆਂ ਵਿਚ ਪੁਰਾਤਨ ਖੋਜਾਂ ਨੂੰ ਮਾਨਤਾ ਦਿੱਤੀ ਜਾ ਰਹੀ ਹੈ ਅਤੇ ਇਸ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ ਕਿ ਮੈਡੀਕਲ ਸਾਇੰਸ ਵੀ ਸਮਝ ਸਕੇ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਮੁਲਕ ਦੀ ਸਿਹਤ-ਸੰਭਾਲ ਪ੍ਰਣਾਲੀ ਵਿੱਚ ਤਬਦੀਲੀ ਚਾਹੀਦੀ ਹੈ ਤਾਂ ਰਵਾਇਤੀ ਅਤੇ ਆਧੁਨਿਕ ਦਵਾਈਆਂ ਦੀ ਸਾਂਝੀ ਤਾਕਤ ਨੂੰ ਮਜ਼ਬੂਤ ਕਰਕੇ ਸੰਪੂਰਨਤਾ ਵਾਲੀ ਪਹੁੰਚ ਅਪਣਾਉਣੀ ਪਵੇਗੀ। ਸ੍ਰੀ ਮੋਦੀ ਇੱਥੇ ਯੋਗ ਪੁਰਸਕਾਰ ਸਮਾਗਮ ਮੌਕੇ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਆਯੂਸ਼ ਨੂੰ ਦੇਸ਼ ਦੀ ਸਿਹਤ-ਸੰਭਾਲ ਪ੍ਰਣਾਲੀ ਦਾ ਅਹਿਮ ਹਿੱਸਾ ਬਣਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਦੇਸ਼ ਭਰ ਵਿੱਚ ਡੇਢ ਲੱਖ ਸਿਹਤ-ਸੰਭਾਲ ਕੇਂਦਰ ਖੋਲ੍ਹੇ ਗਏ ਸਨ, ਜਿਨ੍ਹਾਂ ਵਿੱਚ ਆਯੂਸ਼ ਨੂੰ ਵੀ ਅਹਿਮੀਅਤ ਦਿੱਤੀ ਗਈ ਹੈ। ਉਨ੍ਹਾਂ ਕਿਹਾ, ‘‘ਸਾਡਾ ਇਹ ਵੀ ਟੀਚਾ ਹੈ ਕਿ ਦੇਸ਼ ਭਰ ਵਿੱਚ 12 ਹਜ਼ਾਰ ਆਯੂਸ਼ ਕੇਂਦਰ ਸਥਾਪਤ ਕੀਤੇ ਜਾਣ, ਜਿਨ੍ਹਾਂ ਵਿੱਚੋਂ 10 ਕੇਂਦਰਾਂ ਦਾ ਅੱਜ ਹਰਿਆਣਾ ਵਿੱਚ ਉਦਘਾਟਨ ਕੀਤਾ ਗਿਆ ਹੈ। ਸਾਡੀ ਕੋਸ਼ਿਸ਼ ਹੈ ਕਿ ਇਸ ਸਾਲ ਵਿੱਚ ਅਜਿਹੇ ਚਾਰ ਹਜ਼ਾਰ ਕੇਂਦਰ ਸਥਾਪਤ ਕੀਤੇ ਜਾਣ।’’ਪ੍ਰਧਾਨ ਮੰਤਰੀ ਵਲੋਂ ਵੀਡੀਓ ਕਾਨਫਰੰਸਿੰਗ ਜ਼ਰੀਏ ਪੰਚਕੂਲਾ, ਅੰਬਾਲਾ, ਕੈਥਲ, ਕਰਨਾਲ, ਜੀਂਦ, ਹਿਸਾਰ, ਸੋਨੀਪਤ, ਗੁਰੂਗ੍ਰਾਮ, ਫ਼ਰੀਦਾਬਾਦ ਅਤੇ ਨੂਹ ਵਿੱਚ ਆਯੂਸ਼ ਕੇਂਦਰਾਂ ਦਾ ਉਦਘਾਟਨ ਕੀਤਾ ਗਿਆ।
HOME ਗੰਭੀਰ ਬਿਮਾਰੀਆਂ ਦੇ ਇਲਾਜ ਲਈ ਪੁਰਾਤਨ ਗਿਆਨ ਨੂੰ ਆਧੁਨਿਕਤਾ ਨਾਲ ਜੋੜਨ ਦੀ...