ਗ੍ਰਿਫ਼ਤਾਰ ਕਰਨ ਗਈ ਪੁਲੀਸ ’ਤੇ ਨਸ਼ਾ ਤਸਕਰਾਂ ਵੱਲੋਂ ਹਮਲਾ

ਤਰਨਤਾਰਨ ਦੀ ਥਾਣਾ ਵਲਟੋਹਾ ਪੁਲੀਸ ਵੱਲੋਂ ਨਸ਼ਾ ਵੇਚਣ ਵਾਲੇ ਲੋਕਾਂ ਖ਼ਿਲਾਫ਼ ਏਐੱਸਆਈ ਸਤਨਾਮ ਸਿੰਘ ਦੀ ਅਗਵਾਈ ’ਚ ਕਾਰਵਾਈ ਕਰਨ ਗਈ ਟੀਮ ਉੱਤੇ ਨਸ਼ਾ ਵੇਚਣ ਵਾਲਿਆਂ ਨੇ ਹਮਲਾ ਕਰ ਦਿੱਤਾ। ਹਮਲੇ ’ਚ ਸਿਪਾਹੀ ਵੀਰਾਜ ਸਿੰਘ ਜ਼ਖ਼ਮੀ ਹੋ ਗਿਆ। ਇਸ ਮਾਮਲੇ ਨੂੰ ਲੈ ਕੇ ਪੁਲੀਸ ਨੇ 5 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਵਲਟੋਹਾ ਦੇ ਐਸਐਚਓ ਹਰਚੰਦ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਵਲਟੋਹਾ ਦੇ ਗੁਰਸਾਹਿਬ ਸਿੰਘ ਉਰਫ ਗੋਰਾ ਪੁੱਤਰ ਜੰਗਾ ਸਿੰਘ ਜੋ ਨਸ਼ੇ ਦਾ ਕਾਰੋਬਾਰ ਕਰਦਾ ਹੈ। ਸਤਨਾਮ ਸਿੰਘ ਨੂੰ ਸਮੇਤ ਪੁਲੀਸ ਪਾਰਟੀ ਗੁਰਸਾਹਿਬ ਸਿੰਘ ਦੇ ਘਰ ਛਾਪਾ ਮਾਰਨ ਭੇਜਿਆ ਗਿਆ। ਗੁਰਸਾਹਿਬ ਸਿੰਘ ਘਰ ਦੇ ਪਿੱਛੋਂ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਪੁਲੀਸ ਨਾਲ ਉਸ ਦਾ ਤਕਰਾਰ ਹੋ ਗਿਆ ਤੇ ਉਸਨੇ ਤੇ ਉਸ ਦੇ ਕੁਝ ਵਿਅਕਤੀਆਂ ਨੇ ਕੈਂਚੀ ਤੇ ਚਾਕੂ ਨਾਲ ਪੁਲੀਸ ਮੁਲਾਜ਼ਮ ਵੀਰਾਜ ਸਿੰਘ ’ਤੇ ਵਾਰ ਕਰ ਦਿੱਤਾ, ਜਿਸ ਨਾਲ ਵੀਰਾਜ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਤੇ ਉਸਦੀ ਬਾਂਹ ਤੇ ਸਿਰ ’ਚ ਸੱਟ ਲੱਗੀ। ਉਸਨੂੰ ਪਹਿਲਾਂ ਖੇਮਕਰਨ ਸਰਕਾਰੀ ਹਸਪਤਾਲ ਦਾਖਲ ਕਰਾਇਆ ਗਿਆ ਤੇ ਬਾਅਦ ’ਚ ਅੰਮ੍ਰਿਤਸਰ ਭੇਜ ਦਿੱਤਾ। ਇਸ ਸਬੰਧੀ ਪੁਲੀਸ ਵੱਲੋਂ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਫੜੇ ਗਏ ਗੁਰਸਾਹਿਬ ਸਿੰਘ ਨਾਲ ਗੱਲ ਕੀਤੀ ਤਾਂ ਉਸ ਨੇ ਆਪਣੇ ’ਤੇ ਲਾਏ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਪੁਲੀਸ ਵਾਲੇ ਸਿਵਲ ਵਰਦੀ ’ਚ ਉਸਦੇ ਘਰ ਆਏ ਤੇ ਉਸ ਨਾਲ ਕੁੱਟਮਾਰ ਕਰਨ ਲੱਗੇ, ਜਿਸ ਕਾਰਨ ਪੁਲੀਸ ਤੇ ਉਸ ’ਚ ਤਕਰਾਰ ਹੋ ਗਿਆ। ਉਸਨੇ ਜਾਣ ਬੁੱਝ ਕੇ ਪੁਲੀਸ ਨਾਲ ਕੁੱਟਮਾਰ ਨਹੀਂ ਕੀਤੀ। ਉਸ ਨੇ ਦੱਸਿਆ ਕਿ ਉਹ ਨਸ਼ੇ ਦਾ ਕਾਰੋਬਾਰ ਨਹੀਂ ਕਰਦਾ ਤੇ ਨਾ ਹੀ ਉਸ ਕੋਲੋਂ ਨਸ਼ਾ ਬਰਾਮਦ ਹੋਇਆ ਹੈ, ਪਰ ਫਿਰ ਵੀ ਪੁਲੀਸ ਨੇ ਉਸ ’ਤੇ ਤੇ ਉਸਦੇ ਪਰਿਵਾਰ ’ਤੇ ਝੂਠਾ ਕੇਸ ਦਰਜ ਕੀਤਾ ਹੈ।
ਐੱਸਐਚਓ ਹਰਚੰਦ ਸਿੰਘ ਨੇ ਪੁਲੀਸ ਪਾਰਟੀ ’ਤੇ ਕੀਤੇ ਹਮਲੇ ਦੀ ਪੁਸ਼ਟੀ ਕਰਦੇ ਕਿਹਾ ਕਿ ਇਸ ਮਾਮਲੇ ’ਚ ਪੰਜ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਦੋਸ਼ੀ ਗੁਰਸਾਹਿਬ ਸਿੰਘ ਨੂੰ 20 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ ਤੇ ਬਾਕੀਆਂ ਦੀ ਭਾਲ ਜਾਰੀ ਹੈ।

Previous articleਧਾਰਾ 370 ਹਟਾਏ ਜਾਣ ਦੀ ਲੰਬੇ ਸਮੇਂ ਤੋਂ ਹੋ ਰਹੀ ਸੀ ਉਡੀਕ: ਜੈਸ਼ੰਕਰ
Next articleਕੈਪਟਨ ਨੇ ਮੋਦੀ ਕੋਲ ਦਰਿਆਵਾਂ ਦੇ ਨਹਿਰੀਕਰਨ ਦਾ ਮੁੱਦਾ ਉਠਾਇਆ