ਗੇਂਦ ਨੂੰ ਨੋ ਬਾਲ ਨਾ ਦੇਣ ਤੋਂ ਭੜਕਿਆ ਕੋਹਲੀ

ਮੁੰਬਈ ਇੰਡੀਅਨਜ਼ ਖ਼ਿਲਾਫ਼ ਆਖ਼ਰੀ ਗੇਂਦ ਨੋਬਾਲ ਨਾ ਦੇਣ ਤੋਂ ਨਿਰਾਸ਼ ਰੌਇਲ ਚੈਲੰਜਰਜ਼ ਬੰਗਲੌਰ ਦੇ ਕਪਤਾਨ ਵਿਰਾਟ ਕੋਹਲੀ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਅੰਪਾਇਰਾਂ ਨੂੰ ‘ਅੱਖਾਂ ਖੁੱਲ੍ਹੀਆਂ’ ਰੱਖਣ ਦੀ ਸਲਾਹ ਦਿੱਤੀ। ਵਿਰੋਧੀ ਕਪਤਾਨ ਰੋਹਿਤ ਸ਼ਰਮਾ ਨੇ ਵੀ ਉਸ ਦਾ ਸਮਰਥਨ ਕੀਤਾ ਹੈ।
ਮੁੰਬਈ ਇੰਡੀਅਨਜ਼ ਨੇ ਕੱਲ੍ਹ ਖੇਡਿਆ ਗਿਆ ਮੈਚ ਛੇ ਦੌੜਾਂ ਨਾਲ ਜਿੱਤਿਆ, ਪਰ ਕੋਹਲੀ ਅਤੇ ਰੋਹਿਤ ਦੋਵਾਂ ਨੇ ਮੈਚ ਦੌਰਾਨ ਅੰਪਾਈਰਿੰਗ ਦੀ ਆਲੋਚਨਾ ਕੀਤੀ। ਰੌਇਲ ਚੈਲੰਜਰਜ਼ ਬੰਗਲੌਰ ਨੂੰ ਆਖ਼ਰੀ ਗੇਂਦਾਂ ’ਤੇ ਸੱਤ ਦੌੜਾਂ ਦੀ ਲੋੜ ਸੀ। ਮੁੰਬਈ ਇੰਡੀਅਨਜ਼ ਦੇ ਲਸਿਥ ਮਲਿੰਗਾ ਦੀ ਗੇਂਦ ’ਤੇ ਸ਼ਿਵਮ ਦੂਬੇ ਨੇ ਸ਼ਾਟ ਖੇਡਿਆ। ਰੀਪਲੇਅ ਵਿੱਚ ਸਾਫ਼ ਝਲਕ ਰਿਹਾ ਸੀ ਕਿ ਮਲਿੰਗਾ ਦਾ ਪੈਰ ਕ੍ਰੀਜ਼ ਤੋਂ ਬਾਹਰ ਸੀ। ਇਹ ਨੋਬਾਲ ਸੀ, ਪਰ ਅੰਪਾਇਰ ਐਸ. ਰਵੀ ਨੇ ਇਸ ’ਤੇ ਧਿਆਨ ਨਹੀਂ ਦਿੱਤਾ। ਜੇਕਰ ਅੰਪਾਇਰ ਇਸ ਨੂੰ ਨੋਬਾਲ ਦਿੰਦਾ ਤਾਂ ਬੰਗਲੌਰ ਦੀ ਟੀਮ ਨੂੰ ਫਰੀ ਹਿੱਟ ਮਿਲਦੀ ਅਤੇ ਉਹ ਮੈਚ ਜਿੱਤ ਸਕਦੀ ਸੀ।
ਕੋਹਲੀ ਨੇ ਮੈਚ ਮਗਰੋਂ ਕਿਹਾ, ‘‘ਅਸੀਂ ਆਈਪੀਐਲ ਖੇਡ ਰਹੇ ਹਾਂ। ਇਹ ਕੋਈ ਕਲੱਬ ਕ੍ਰਿਕਟ ਨਹੀਂ ਹੈ। ਅੰਪਾਇਰਾਂ ਦੀਆਂ ਅੱਖਾਂ ਖੁੱਲ੍ਹੀਆਂ ਹੋਣੀਆਂ ਚਾਹੀਦੀਆਂ ਹਨ, ਇਹ ਸਾਫ਼ ਨੋਬਾਲ ਸੀ। ਆਖ਼ਰੀ ਗੇਂਦ ’ਤੇ ਇਹ ਨਮੋਸ਼ੀਜਨਕ ਫ਼ੈਸਲਾ ਸੀ। ਜੇਕਰ ਇਸ ਤਰ੍ਹਾਂ ਦੇ ਫ਼ੈਸਲੇ ਹੁੰਦੇ ਹਨ ਤਾਂ ਮੈਨੂੰ ਨਹੀਂ ਪਤਾ ਕਿ ਕੀ ਹੋ ਰਿਹਾ ਹੈ। ਅੰਪਾਇਰਾਂ ਨੂੰ ਵੱਧ ਚੌਕੰਨਾ ਅਤੇ ਚੇਤਨ ਰਹਿਣਾ ਚਾਹੀਦਾ ਸੀ।’’ ਖ਼ਾਸ ਗੱਲ ਇਹ ਹੈ ਕਿ ਰਵੀ ਕਈ ਸਾਲਾਂ ਤੋਂ ਆਈਸੀਸੀ ਦੇ ਇਲੀਟ ਪੈਨਲ ਵਿੱਚ ਇੱਕੋ-ਇੱਕ ਭਾਰਤੀ ਅੰਪਾਇਰ ਹੈ। ਰੋਹਿਤ ਨੇ ਵੀ ਮੈਚ ਦੌਰਾਨ ਅੰਪਾਈਰਿੰਗ ਦੀ ਆਲੋਚਨਾ ਕੀਤਾ। ਰੋਹਿਤ ਨੇ ਕਿਹਾ, ‘‘ਮੈਨੂੰ ਮੈਦਾਨ ਤੋਂ ਬਾਹਰ ਜਾ ਕੇ ਪਤਾ ਚੱਲਿਆ ਕਿ ਇਹ ਨੋਬਾਲ ਸੀ। ਅਜਿਹੀਆਂ ਗ਼ਲਤੀਆਂ ਖੇਡ ਲਈ ਚੰਗੀਆਂ ਨਹੀਂ ਹਨ। ਜਿੱਤਣਾ ਜਾਂ ਹਾਰਨਾ ਅਹਿਮ ਨਹੀਂ ਹੈ। ਇਹ ਗ਼ਲਤੀ ਕ੍ਰਿਕਟ ਲਈ ਠੀਕ ਨਹੀਂ।’’ ਰੋਹਿਤ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਗ਼ਲਤ ਫ਼ੈਸਲਾ ਦਿੱਤਾ ਗਿਆ ਸੀ। ਉਸ ਨੇ ਕਿਹਾ, ‘‘ਇਸ ਤੋਂ ਪਹਿਲਾਂ 19ਵੇਂ ਓਵਰ ਵਿੱਚ ਜਦੋਂ ਜਸਪ੍ਰੀਤ ਬੁਮਰਾਹ ਗੇਂਦਬਾਜ਼ੀ ਕਰ ਰਿਹਾ ਸੀ, ਉਦੋਂ ਇੱਕ ਗੇਂਦ ਨੂੰ ਵਾਈਡ ਦਿੱਤਾ ਗਿਆ, ਜੋ ਵਾਈਡ ਨਹੀਂ ਸੀ।’’
ਹਾਲਾਂਕਿ ਆਈਪੀਐਲ ਮੈਚ ਵਿੱਚ ਗ਼ਲਤ ਅੰਪਾਈਰਿੰਗ ਮਗਰੋਂ ਵੀ ਇਸ ਗੱਲ ਦੀ ਸੰਭਾਵਨਾ ਘੱਟ ਹੈ ਕਿ ਸੁੰਦਰਮ ਰਵੀ ਅਤੇ ਨੰਦਨ ’ਤੇ ਕੋਈ ਪਾਬੰਦੀ ਲੱਗੇ ਕਿਉਂਕਿ ਟੂਰਨਾਮੈਂਟ ਵਿੱਚ ਕੌਮਾਂਤਰੀ ਤਜਰਬੇ ਵਾਲੇ ਅੰਪਾਇਰਾਂ ਦੀ ਗਿਣਤੀ ਕਾਫੀ ਘੱਟ ਹੈ।

Previous articleਇੰਡੀਆ ਓਪਨ: ਕਸ਼ਿਅਪ ਤੇ ਸ੍ਰੀਕਾਂਤ ਸੈਮੀ ਫਾਈਨਲ ’ਚ
Next articleਕਿੰਗਜ਼ ਇਲੈਵਨ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਟੱਕਰ ਅੱਜ