ਇੰਡੀਆ ਓਪਨ: ਕਸ਼ਿਅਪ ਤੇ ਸ੍ਰੀਕਾਂਤ ਸੈਮੀ ਫਾਈਨਲ ’ਚ

ਭਾਰਤੀ ਸੀਨੀਅਰ ਸ਼ਟਲਰਾਂ ਕਿਦੰਬੀ ਸ੍ਰੀਕਾਂਤ ਅਤੇ ਪਾਰੂਪੱਲੀ ਕਸ਼ਿਅਪ ਅਤੇ ਪੀਵੀ ਸਿੰਧੂ ਨੇ ਆਪੋ-ਆਪਣੇ ਮੁਕਾਬਲੇ ਜਿੱਤ ਕੇ ਅੱਜ ਇੱਥੇ ਯੋਨੈਕਸ ਸਨਰਾਈਜ਼ ਇੰਡੀਆ ਓਪਨ ਦੇ ਸੈਮੀ ਫਾਈਨਲ ਵਿੱਚ ਥਾਂ ਬਣਾ ਲਈ ਹੈ। ਭਾਰਤ ਦੇ ਤੀਜਾ ਦਰਜਾ ਪ੍ਰਾਪਤ ਅਤੇ ਦੁਨੀਆ ਦੇ ਸੱਤਵੇਂ ਨੰਬਰ ਦੇ ਖਿਡਾਰੀ ਸ੍ਰੀਕਾਂਤ ਨੇ ਬਿਹਤਰੀਨ ਲੈਅ ਵਿੱਚ ਚੱਲ ਰਹੇ ਹਮਵਤਨ ਬੀ ਸਾਈ ਪ੍ਰਣੀਤ ਨੂੰ ਇੱਕ ਘੰਟਾ ਦੋ ਮਿੰਟ ਵਿੱਚ 21-23, 21-11, 21-19 ਨਾਲ ਹਰਾਇਆ। ਦੂਜੇ ਪਾਸੇ ਮਹਿਲਾ ਸਿੰਗਲਜ਼ ਵਿੱਚ ਪੀਵੀ ਸਿੰਧੂ ਨੇ ਡੈਨਮਾਰਕ ਦੀ ਖਿਡਾਰਨ ਨੂੰ 21-19, 22-20 ਨਾਲ ਸ਼ਿਕਸਤ ਦਿੱਤੀ। ਦੁਨੀਆ ਦੇ 55ਵੇਂ ਨੰਬਰ ਦੇ ਖਿਡਾਰੀ ਕਸ਼ਿਅਪ ਨੇ ਚਾਰ ਸਾਲ ਮਗਰੋਂ ਸਰਵੋਤਮ ਪ੍ਰਦਰਸ਼ਨ ਕਰਦਿਆਂ ਚੀਨੀ ਤਾਇਪੈ ਦੇ ਵੈਂਗ ਜ਼ੂ ਵੇਈ ਨੂੰ ਸਿੱਧੇ ਸੈੱਟਾਂ ਵਿੱਚ 21-16, 21-11 ਨਾਲ ਮਾਤ ਦਿੱਤੀ। ਕਸ਼ਿਅਪ ਨੇ 2015 ਵਿੱਚ ਇੰਡੋਨੇਸ਼ੀਆ ਓਪਨ ਮਗਰੋਂ ਸੁਪਰ ਸੀਰੀਜ਼ ਪੱਧਰ ਦੇ ਕਿਸੇ ਟੂਰਨਾਮੈਂਟ ਦੇ ਸੈਮੀ ਫਾਈਨਲ ਵਿੱਚ ਥਾਂ ਬਣਾਈ ਹੈ। ਸੈਮੀ ਫਾਈਨਲ ਵਿੱਚ ਸ੍ਰੀਕਾਂਤ ਦਾ ਸਾਹਮਣਾ ਚੀਨ ਦੇ ਹੁਆਂਗ ਯੁਸ਼ਿਆਂਗ ਨਾਲ ਅਤੇ ਕਸ਼ਿਅਪ ਦਾ ਭਾਰਤ ਦੇ ਸ਼ਟਲਰ ਐਚਐਸ ਪ੍ਰਣਯ ਜਾਂ ਵਿਕਟਰ ਐਕਸੇਲਸਨ ਨਾਲ ਹੋਵੇਗਾ। ਦੂਜੇ ਪਾਸੇ, ਪੁਰਸ਼ ਡਬਲਜ਼ ਵਿੱਚ ਮਨੂ ਅੱਤਰੀ ਅਤੇ ਬੀ ਸੁਮੀਤ ਰੈਡੀ ਦੀ ਭਾਰਤੀ ਜੋੜੀ ਨੂੰ ਕੁਆਰਟਰ ਫਾਈਨਲ ਵਿੱਚ ਪ੍ਰਣਵ ਜੈਰੀ ਚੋਪੜਾ ਅਤੇ ਸ਼ਿਵਮ ਸ਼ਰਮਾ ਦੀ ਹਮਵਤਨ ਜੋੜੀ ਤੋਂ ਹਾਰ ਝੱਲਣੀ ਪਈ, ਜਦਕਿ ਅਸ਼ਵਿਨੀ ਪੋਨੱਪਾ ਅਤੇ ਐਨ ਸਿੱਕੀ ਰੈਡੀ ਦੀ ਜੋੜੀ ਮਹਿਲਾ ਡਬਲਜ਼ ਤੋਂ ਬਾਹਰ ਹੋ ਗਈ। ਮਨੂ ਅਤੇ ਸੁਮੀਤ ਦੀ ਦੁਨੀਆ ਦੀ 28ਵੇਂ ਨੰਬਰ ਦੀ ਜੋੜੀ ਨੇ ਪ੍ਰਣਵ ਅਤੇ ਸ਼ਿਵਮ ਦੀ ਕੁਆਲੀਫਾਇਰ ਜੋੜੀ ਨੂੰ ਸਿਰਫ਼ 21 ਮਿੰਟ ਵਿੱਚ 21-10, 21-12 ਨਾਲ ਹਰਾ ਕੇ ਬਾਹਰ ਦਾ ਰਸਤਾ ਵਿਖਾਇਆ। ਅਸ਼ਵਿਨੀ ਅਤੇ ਸਿੱਕੀ ਨੂੰ ਮਹਿਲਾ ਡਬਲਜ਼ ਕੁਆਰਟਰ ਫਾਈਨਲ ਵਿੱਚ ਗ੍ਰੇਸੀਆ ਪੋਲੀ ਅਤੇ ਅਪ੍ਰਿਯਾਨੀ ਰਹਾਯੂ ਦੀ ਇੰਡੋਨੇਸ਼ਿਆਈ ਜੋੜੀ ਤੋਂ 21-10, 21-18 ਨਾਲ ਹਾਰ ਝੱਲਣੀ ਪਈ। ਅਸ਼ਵਿਨੀ-ਸਿੱਕੀ ਅਤੇ ਅਪਰਨਾ-ਸਰੁਤੀ ਦੀ ਹਾਰ ਨਾਲ ਮਹਿਲਾ ਡਬਲਜ਼ ਵਿੱਚ ਭਾਰਤੀ ਚੁਣੌਤੀ ਖ਼ਤਮ ਹੋ ਗਈ ਹੈ। ਇਸ ਤੋਂ ਪਹਿਲਾਂ ਕੱਲ੍ਹ ਮਿਕਸਡ ਡਬਲਜ਼ ਵਿੱਚ ਵੀ ਭਾਰਤ ਬਾਹਰ ਹੋ ਗਿਆ ਸੀ।

Previous articleSearch operation in Jammu and Kashmir village
Next articleਗੇਂਦ ਨੂੰ ਨੋ ਬਾਲ ਨਾ ਦੇਣ ਤੋਂ ਭੜਕਿਆ ਕੋਹਲੀ