ਵਾਸ਼ਿੰਗਟਨ– ‘ਗੂਗਲ’ ਦੇ ਸੀਈਓ ਸੁੰਦਰ ਪਿਚਈ ਇਸ ਇੰਟਰਨੈੱਟ ਸਰਚ ਇੰਜਨ ਦਾ ਮਾਲਕਾਨਾ ਹੱਕ ਰੱਖਦੀ ਕੰਪਨੀ ਅਲਫ਼ਾਬੈੱਟ ਦੇ ਵੀ ਮੁਖੀ ਬਣਾ ਦਿੱਤੇ ਗਏ ਹਨ। ਸੰਸਾਰ ਦੀ ਇਸ ਵੱਡੀ ਕੰਪਨੀ ਦੇ ਸਹਿ-ਸੰਸਥਾਪਕਾਂ ਲੈਰੀ ਪੇਜ ਤੇ ਸਰਗੀ ਬਰਿਨ ਨੇ ਆਪੋ-ਆਪਣੀ ਐਗਜ਼ੈਕਟਿਵ ਭੂਮਿਕਾ ਤੋਂ ਅਸਤੀਫ਼ਾ ਦੇ ਦਿੱਤਾ ਹੈ। ‘ਨਿਊਯਾਰਕ ਟਾਈਮਜ਼’ ਮੁਤਾਬਕ ਪਿਚਈ ਹੁਣ ਦੁਨੀਆ ਦੇ ਸਭ ਤੋਂ ਤਾਕਤਵਰ ਕਾਰਪੋਰੇਟ ਆਗੂਆਂ ਵਿਚ ਗਿਣੇ ਜਾਣ ਲੱਗੇ ਹਨ। ਪੇਜ ਤੇ ਬਰਿਨ ਨੇ ਅਲਫ਼ਾਬੈੱਟ ਦੇ ਸੀਈਓ ਤੇ ਪ੍ਰਧਾਨ ਵਜੋਂ ਅਸਤੀਫ਼ਾ ਦਿੱਤਾ ਹੈ। ਪਿਚਈ (47) ਇਸ ਵੇਲੇ ਗੂਗਲ ਦੇ ਸੀਈਓ ਹਨ ਤੇ ਲੰਮੇ ਸਮੇਂ ਤੋਂ ਕੰਪਨੀ ਨਾਲ ਕਾਜਕਾਰੀ ਅਧਿਕਾਰੀ ਵਜੋਂ ਜੁੜੇ ਹੋਏ ਹਨ। ਮੌਜੂਦਾ ਰੋਲ ਦੇ ਨਾਲ ਉਹ ਹੁਣ ਅਲਫ਼ਾਬੈੱਟ ਦੀ ਜ਼ਿੰਮੇਵਾਰੀ ਵੀ ਸੰਭਾਲਣਗੇ। ਪਿਚਈ ਨੇ ਤਰੱਕੀ ਮਿਲਣ ਮੌਕੇ ਕਿਹਾ ਕਿ ਉਹ ਉਤਸ਼ਾਹਿਤ ਹਨ ਤੇ ਤਕਨੀਕ ਰਾਹੀਂ ਭਵਿੱਖੀ ਚੁਣੌਤੀਆਂ ਨਾਲ ਨਜਿੱਠਣ ਦੇ ਕੰਪਨੀ ਦੇ ਮੰਤਵਾਂ ’ਤੇ ਧਿਆਨ ਕੇਂਦਰਿਤ ਕਰਨਗੇ। ਉਨ੍ਹਾਂ ਲੈਰੀ ਤੇ ਸਰਗੀ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਮੰਤਵਾਂ, ਕਦਰਾਂ-ਕੀਮਤਾਂ ਤੇ ਭਾਈਵਾਲੀ ਦੀ ਸਿਹਤਮੰਦ ਵਿਰਾਸਤ ਹੈ ਤੇ ਅਗਾਂਹ ਵੀ ਇਸ ’ਤੇ ਅੱਗੇ ਵਧਿਆ ਜਾਵੇਗਾ। ਪਿਚਈ ਹੁਣ ਕੰਪਨੀ ਦੇ ਇਕੋ-ਇਕ ਕਾਰਜਕਾਰੀ ਅਧਿਕਾਰੀ ਹਨ। ਅਲਫ਼ਾਬੈੱਟ ਦਾ ਇੰਟਰਨੈੱਟ ਸਰਚ, ਇਸ਼ਤਿਹਾਰਬਾਜ਼ੀ, ਮੈਪਿੰਗ, ਸਮਾਰਟਫੋਨ ਸਾਫ਼ਟਵੇਅਰ ਤੇ ਆਨਲਾਈਨ ਵੀਡੀਓਜ਼ ਵਿਚ ਵੱਡਾ ਕਾਰੋਬਾਰ ਹੈ। ਸਿਲੀਕੌਨ ਵੈਲੀ ਵਿਚ ਇਸ ਬਦਲਾਅ ਨੂੰ ਬੇਹੱਦ ਅਹਿਮੀਅਤ ਦਿੱਤੀ ਜਾ ਰਹੀ ਹੈ ਕਿਉਂਕਿ ਇਹ ਉਸ ਵੇਲੇ ਹੋਈ ਹੈ ਜਦ ਗੂਗਲ ਦੀ ਇਸ ਦੇ ਦਾਇਰੇ, ਡੇਟਾ ਸੁਰੱਖਿਆ ਤੇ ਸਮਾਜਿਕ ਪ੍ਰਭਾਵ ਦੇ ਨੁਕਤਿਆਂ ਤੋਂ ਨਿਗਰਾਨੀ ਕੀਤੀ ਜਾ ਰਹੀ ਹੈ। ਸੁੰਦਰ ਹੁਣ ਗੂਗਲ ਤੇ ਅਲਫ਼ਾਬੈੱਟ ਦੋਵਾਂ ਦੇ ਸੀਈਓ ਹੋਣਗੇ। ਸਹਿ-ਸੰਸਥਾਪਕ ਕੰਪਨੀ ਦੇ ਬੋਰਡ ਆਫ਼ ਡਾਇਰੈਕਟਰਜ਼ ਵਿਚ ਬਣੇ ਰਹਿਣਗੇ। ਕੰਪਨੀ ਦੀ ਸਥਾਪਨਾ ਦੋ ਦਹਾਕੇ ਪਹਿਲਾਂ ਹੋਈ ਸੀ।
World ‘ਗੂਗਲ’ ਮਗਰੋਂ ਹੁਣ ‘ਅਲਫ਼ਾਬੈੱਟ’ ਦੇ ਵੀ ਮੁਖੀ ਬਣੇ ਸੁੰਦਰ ਪਿਚਈ