ਆਧੁਨਿਕ ਸਮਾਜ ਵਿੱਚ ‘ਘੂੰਗਟ’ ਤੇ ‘ਬੁਰਕੇ’ ਲਈ ਕੋਈ ਥਾਂ ਨਹੀਂ: ਗਹਿਲੋਤ

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅੱਜ ਦੇ ਅਗਾਂਹਵਧੂ ਸਮਾਜ ਵਿੱਚ ਔਰਤਾਂ ਵੱਲੋਂ ‘ਘੂੰਗਟ’ ਕੱਢਣ ਦੀ ਪਿਰਤ ਪਿਛਲੇ ਤਰਕ ’ਤੇ ਉਜਰ ਜਤਾਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਪ੍ਰਥਾ ਨੂੰ ਖ਼ਤਮ ਕਰਨ ਲਈ ਇਕ ਮੁਹਿੰਮ ਚਲਾਉਣ ਦੀ ਲੋੜ ਹੈ, ਜਿਸ ਵਿੱਚ ਔਰਤਾਂ ਨਾਲੋਂ ਪੁਰਸ਼ਾਂ ਦੀ ਵੱਧ ਸ਼ਮੂਲੀਅਤ ਹੋਵੇ।
ਇਥੇ ਆਪਣੀ ਰਿਹਾਇਸ਼ ’ਤੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੱਖੇ ‘ਕੀਰਤਨ ਦਰਬਾਰ’ ਮੌਕੇ ਬੋਲਦਿਆਂ ਸ੍ਰੀ ਗਹਿਲੋਤ ਨੇ ਕਿਹਾ ਕਿ ਪੁਰਸ਼ ਪ੍ਰਧਾਨ ਸਮਾਜ ਵਿੱਚ ਅਜਿਹੇ ਰੀਤੀ ਰਿਵਾਜਾਂ, ਜਿਨ੍ਹਾਂ ਦਾ ਅੱਜ ਦੇ ਸਮੇਂ ਵਿੱਚ ਕੋਈ ਤਾਰਕਿਕ ਅਧਾਰ ਨਹੀਂ ਹੈ, ਨੂੰ ਖ਼ਤਮ ਕਰਨ ਵਿੱਚ ਪੁਰਸ਼ਾਂ ਦੀ ਭੂਮਿਕਾ ਅਹਿਮ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅੱਜ ਦੇ ਸਮੇਂ ’ਚ ਪੂਰੀ ਤਰ੍ਹਾਂ ਪ੍ਰਸੰਗਿਕ ਹਨ। ਮੁੱਖ ਮੰਤਰੀ ਨੇ ਕਿਹਾ ਕਿ ਆਧੁਨਿਕ ਸਮੇਂ ਵਿੱਚ ‘ਘੂੰਘਟ’ ਜਾਂ ‘ਬੁਰਕੇ’ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ, ‘ਔਰਤਾਂ ਨੂੰ ਅੱਗੇ ਆਉਣਾ ਚਾਹੀਦਾ ਹੈ, ਪਰ ਔਰਤਾਂ ਦੇ ਮੁਕਾਬਲੇ ਪੁਰਸ਼ ਵੱਡੀ ਗਿਣਤੀ ਵਿੱਚ ਅੱਗੇ ਆਉਣ ਕਿਉਂਕਿ ਔਰਤਾਂ ਨੂੰ ਪੁਰਸ਼ ਪ੍ਰਧਾਨ ਸਮਾਜ ਵਿੱਚ ਪੁਰਸ਼ਾਂ ਵੱਲੋਂ ਪਾਏ ਦਬਾਅ ਕਰਕੇ ਹੀ ਅਜਿਹਾ ਕਰਨਾ ਪੈਂਦਾ ਹੈ।’ ਇਸ ਮੌਕੇ ਸਿੱਖ ਭਾਈਚਾਰੇ ਦੇ ਵੱਡੀ ਗਿਣਤੀ ਮੈਂਬਰ ਮੌਜੂਦ ਸਨ।

Previous article‘ਗੂਗਲ’ ਮਗਰੋਂ ਹੁਣ ‘ਅਲਫ਼ਾਬੈੱਟ’ ਦੇ ਵੀ ਮੁਖੀ ਬਣੇ ਸੁੰਦਰ ਪਿਚਈ
Next articleਚੋਣ ਬਾਂਡ ਯੋਜਨਾ ’ਤੇ ਪਾਬੰਦੀ ਸਬੰਧੀ ਪਟੀਸ਼ਨ ’ਤੇ ਸੁਣਵਾਈ ਜਨਵਰੀ ’ਚ