ਦਿੱਲੀ ’ਚ ਮੁਫ਼ਤ ਵਾਈ-ਫ਼ਾਈ 16 ਤੋਂ: ਕੇਜਰੀਵਾਲ

ਦਿੱਲੀ ਵਿਧਾਨ ਸਭਾ ਦੀਆਂ 2015 ਨੂੰ ਹੋਈਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਵਾਅਦੇ ਮੁਤਾਬਕ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਰਾਜਧਾਨੀ ਵਿੱਚ 11 ਹਜ਼ਾਰ ਥਾਵਾਂ ਉਪਰ ਮੁਫ਼ਤ ਵਾਈ-ਫ਼ਾਈ ਯੋਜਨਾ ਤਹਿਤ ਹਾਟਸਪੌਟ ਲਾਉਣ ਦਾ ਐਲਾਨ ਕੀਤਾ ਜੋ ਪੜਾਅ ਵਾਰ ਲਾਏ ਜਾਣਗੇ। 2015 ਦੀਆਂ ਚੋਣਾਂ ਦੌਰਾਨ ਨੌਜਵਾਨਾਂ ਨੂੰ ਰਿਝਾਉਣ ਲਈ ‘ਆਪ’ ਨੇ ਇਹ ਵੱਡਾ ਵਾਅਦਾ ਨਵੇਂ ਵੋਟਰਾਂ ਨਾਲ ਕੀਤਾ ਸੀ। ਸ੍ਰੀ ਕੇਜਰੀਵਾਲ ਨੇ ਐਲਾਨ ਕੀਤਾ ਕਿ ਇਹ ਯੋਜਨਾ 16 ਦਸੰਬਰ ਨੂੰ ਸ਼ੁਰੂ ਕੀਤੀ ਜਾਵੇਗੀ ਜਿਸ ਤਹਿਤ ਪਹਿਲੇ ਹਫ਼ਤੇ 100 ਥਾਂਵਾਂ ਉਪਰ ਇਹ ਸਹੂਲਤ ਮਿਲਣ ਲੱਗੇਗੀ। ਦੂਜੇ ਹਫ਼ਤੇ 500 ਥਾਵਾਂ ਉੱਪਰ ਇਹ ਮੁਫ਼ਤ ਵਾਈ-ਫ਼ਾਈ ਦਾ ਇਸਤੇਮਾਲ ਲੋਕ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦੇ ਸ਼ੁਰੂ ਹੋਣ ਨਾਲ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਲਾਭ ਹੋਵੇਗਾ ਕਿਉਂਕਿ ਇਹ ਹੌਟਸਪਾਟ ਹਰ ਅੱਧੇ ਕਿਲੋਮੀਟਰ ਬਾਅਦ ਮੁਹੱਈਆ ਹੋਣਗੇ। ਇੰਟਰਨੈੱਟ ਦੀ ਰਫ਼ਤਾਰ ਜ਼ਿਆਦਾ ਤੋਂ ਜ਼ਿਆਦਾ 200 ਤੇ ਘੱਟ-ਘੱਟ 100 ਐੱਮਬੀਪੀਐੱਸ ਹੋਵੇਗੀ ਤੇ ਇਕ ਥਾਂ ਉਪਰ 150-200 ਲੋਕਾਂ ਵੱਲੋਂ ਇਹ ਸਹੂਲਤ ਲੈਣ ਦਾ ਪ੍ਰਬੰਧ ਹੋਵੇਗਾ। ਇਸ ਲਈ ਇਕ ਐਪਸ ਤਿਆਰ ਕੀਤਾ ਗਿਆ ਹੈ , ਜਿਸ ਨੂੰ ਡਾਊਨਲੋਡ ਕਰਕੇ ਉਕਤ ਸਹੂਲਤ ਲਈ ਜਾ ਸਕੇਗੀ। ਦੱਸਿਆ ਗਿਆ ਹੈ ਕਿ ਵਾਈ-ਫ਼ਾਈ ਰਾਹੀਂ ਆਪਣੀ ਪਛਾਣ ਕਰਵਾ ਕੇ ਫੋਨ ਉਪਰ ਆਈ ਓਟੀਪੀ ਨਾਲ ਨੈੱਟ ਜੋੜਿਆ ਜਾ ਸਕੇਗਾ ਤੇ ਖ਼ੁਦ ਮੋਬਾਈਲ ਉਪਰ ਵਾਈ-ਫ਼ਾਈ ਚੱਲ ਪਵੇਗਾ। ਹਰ ਮਹੀਨੇ ਖਪਤਕਾਰ 15 ਜੀਬੀ ਜਾਂ ਰੋਜ਼ਾਨਾ 1.5 ਜੀਬੀ ਡਾਟਾ ਇਸਤੇਮਾਲ ਕਰ ਸਕਣਗੇ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ‘ਆਪ’ ਵੱਲੋਂ ਚੋਣਾਂ ਦੌਰਾਨ ਕੀਤੇ ਗਏ ਸਾਰੇ ਵਾਅਦੇ ਪੂਰੇ ਕਰ ਦਿੱਤੇ ਗਏ ਹਨ ਤੇ ਆਖ਼ਰੀ ਇਹ ਵਾਅਦਾ ਵੀ ਪੂਰਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 4000 ਹੌਟਸਪਾਟ ਬੱਸ ਅੱਡਿਆਂ ਉਪਰ ਤੇ 7000 ਬਾਜ਼ਾਰਾਂ ਸਮੇਤ ਹੋਰ ਜਨਤਕ ਥਾਵਾਂ ’ਤੇ ਲਾਏ ਜਾਣਗੇ। ਰੈਜੀਡੈਂਟਸ ਐਸੋਸੀਏਸ਼ਨਾਂ ਨਾਲ ਵੀ ਤਾਲਮੇਲ ਕਰਕੇ ਵੀ ਥਾਵਾਂ ਤੈਅ ਕੀਤੀਆਂ ਜਾਣਗੀਆਂ। ਇਕੋ ਸਮੇਂ ਕਰੀਬ 22 ਲੱਖ ਲੋਕਾਂ ਦੇ ਇਸਤੇਮਾਲ ਕਰ ਸਕਣ ਦੀ ਸਮਰੱਥਾ ਇਸ ਤਹਿਤ ਹੋਵੇਗੀ ਤੇ ਇਸ ਯੋਜਨਾ ਨੂੰ ਪ੍ਰਤੀ ਹੌਟਸਪਾਟ ਮਹੀਨਾਵਾਰ ਕਿਰਾਏ ’ਤੇ ਦਿੱਤਾ ਜਾਵੇਗਾ। 100 ਮੀਟਰ ਤਕ ਲੋਕਾਂ ਦੇ ਮੋਬਾਈਲ ਇਕ ਥਾਂ ਦੇ ਇੰਟਰਨੈੱਟ ਦੇ ਸਿਗਨਲ ਫੜ ਸਕਣਗੇ। ਮੁਫ਼ਤ ਵਾਈਫਾਈ ਸੰਬੰਧੀ ਕੈਬਨਿਟ ਦੀ ਮਨਜ਼ੂਰੀ ਅਤੇ ਟੈਂਡਰ ਪ੍ਰਕਿਰਿਆ ਪੂਰੀ ਹੋ ਗਈ ਹੈ। 8 ਅਗਸਤ ਨੂੰ ਮੰਤਰੀ ਮੰਡਲ ਨੇ ਹਰੇਕ ਅਸੈਂਬਲੀ ਵਿੱਚ ਹੌਟਸਪੋਟ ਸਥਾਪਤ ਕਰਨ ਨੂੰ ਮਨਜ਼ੂਰੀ ਦਿੱਤੀ ਸੀ। ਇਸ ਦੇ ਲਈ ਸਰਕਾਰ ਸਾਲਾਨਾ 100 ਕਰੋੜ ਰੁਪਏ ਖਰਚ ਕਰੇਗੀ।

Previous article‘ਚੋਣਾਂ ’ਚ ਲਾਹੇ ਲਈ ਰਾਸ਼ਟਰਪਤੀ ਟਰੰਪ ਨੇ ਸੱਤਾ ਦੀ ਦੁਰਵਰਤੋਂ ਕੀਤੀ’
Next article‘ਗੂਗਲ’ ਮਗਰੋਂ ਹੁਣ ‘ਅਲਫ਼ਾਬੈੱਟ’ ਦੇ ਵੀ ਮੁਖੀ ਬਣੇ ਸੁੰਦਰ ਪਿਚਈ