ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਪੁੱਤਰ ਰਾਹੁਲ ਅਤੇ ਧੀ ਪ੍ਰਿਯੰਕਾ ਨੂੰ ਦਿੱਤੀ ਗਈ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐੱਸਪੀਜੀ) ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ। ਗਾਂਧੀ ਪਰਿਵਾਰ ਦੀ ਸੁਰੱਖਿਆ ’ਚ ਸੀਆਰਪੀਐੱਫ ਦੀ ਜ਼ੈੱਡ-ਪਲੱਸ ਸੁਰੱਖਿਆ ਤਾਇਨਾਤ ਕੀਤੀ ਗਈ ਹੈ। ਇਸ ਤਹਿਤ ਨੀਮ ਫ਼ੌਜੀ ਬਲ ਦੇ ਕਮਾਂਡੋ ਉਨ੍ਹਾਂ ਨਾਲ ਰਹਿਣਗੇ। ਇਸ ਤੋਂ ਇਲਾਵਾ ਉਨ੍ਹਾਂ ਦੇ ਘਰਾਂ ਅਤੇ ਮੁਲਕ ਦੇ ਹੋਰ ਹਿੱਸਿਆਂ ’ਚ ਸਫ਼ਰ ਦੌਰਾਨ ਵੀ ਉਹ ਸੁਰੱਖਿਆ ਕਰਦੇ ਰਹਿਣਗੇ। ਪਿਛਲੇ 28 ਵਰ੍ਹਿਆਂ ’ਚ ਪਹਿਲੀ ਵਾਰ ਹੈ ਕਿ ਗਾਂਧੀ ਪਰਿਵਾਰ ਤੋਂ ਐੱਸਪੀਜੀ ਦੀ ਸੁਰੱਖਿਆ ਵਾਪਸ ਲਈ ਗਈ ਹੈ। ਅਗਸਤ ’ਚ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਐੱਸਪੀਜੀ ਸੁਰੱਖਿਆ ਨੂੰ ਵਾਪਸ ਲੈ ਲਿਆ ਸੀ। ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਗਾਂਧੀ ਪਰਿਵਾਰ ਤੋਂ ਐੱਸਪੀਜੀ ਸੁਰੱਖਿਆ ਵਾਪਸ ਲਏ ਜਾਣ ਦਾ ਫ਼ੈਸਲਾ ਵਿਆਪਕ ਮੁਲਾਂਕਣ ਮਗਰੋਂ ਲਿਆ ਗਿਆ ਹੈ। ਅਧਿਕਾਰੀਆਂ ਮੁਤਾਬਕ ਗਾਂਧੀ ਪਰਿਵਾਰ ਨੇ ਪਿਛਲੇ ਕਈ ਸਾਲਾਂ ਤੋਂ ਸੈਂਕੜੇ ਮੌਕਿਆਂ ’ਤੇ ਬੁਲੇਟ ਪਰੂਫ ਵਾਹਨਾਂ ਦੀ ਵਰਤੋਂ ਨਹੀਂ ਕੀਤੀ ਅਤੇ ਜ਼ਿਆਦਾਤਰ ਵਿਦੇਸ਼ੀ ਦੌਰਿਆਂ ’ਤੇ ਉਹ ਐੱਸਪੀਜੀ ਕਮਾਂਡੋ ਵੀ ਨਾਲ ਲੈ ਕੇ ਨਹੀਂ ਗਏ। ਇਕ ਹੋਰ ਅਧਿਕਾਰੀ ਨੇ ਕਿਹਾ ਕਿ ਗਾਂਧੀ ਪਰਿਵਾਰ ਦੀ ਸੁਰੱਖਿਆ ਨੂੰ ਕੋਈ ਗੰਭੀਰ ਖ਼ਤਰਾ ਨਾ ਹੋਣ ਕਰਕੇ ਐੱਸਪੀਜੀ ਹਟਾਉਣ ਦਾ ਫ਼ੈਸਲਾ ਲਿਆ ਗਿਆ ਹੈ। ਅਧਿਕਾਰੀ ਮੁਤਾਬਕ ਸਾਰੀਆਂ ਮਹੱਤਵਪੂਰਨ ਹਸਤੀਆਂ ਦੀ ਸੁਰੱਖਿਆ ਦਾ ਸਮੇਂ ਸਮੇਂ ’ਤੇ ਜਾਇਜ਼ਾ ਲਿਆ ਜਾਂਦਾ ਹੈ ਅਤੇ ਵੱਖ ਵੱਖ ਸੁਰੱਖਿਆ ਏਜੰਸੀਆਂ ਵੱਲੋਂ ਉਨ੍ਹਾਂ ਨੂੰ ਮਿਲੀਆਂ ਧਮਕੀਆਂ ਦੇ ਆਧਾਰ ’ਤੇ ਸਿਫ਼ਾਰਸ਼ਾਂ ਕੀਤੀਆਂ ਜਾਂਦੀਆਂ ਹਨ।