ਮਹਾਰਾਸ਼ਟਰ: ਫੜਨਵੀਸ ਵੱਲੋਂ ਮੁੱਖ ਮੰਤਰੀ ਵਜੋਂ ਅਸਤੀਫ਼ਾ

ਸ਼ਿਵ ਸੈਨਾ ਨਾਲ ਗੱਠਜੋੜ ਸਰਕਾਰ ਕਾਇਮ ਕਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਹੋਣ ਤੋਂ ਬਾਅਦ ਅੱਜ ਦੇਵੇਂਦਰ ਫੜਨਵੀਸ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇ ਦਿੱਤਾ। ਪੰਜ ਸਾਲ ਤੇ ਇਕ ਹਫ਼ਤੇ ਤੱਕ ਅਹੁਦੇ ਉੱਤੇ ਰਹਿਣ ਤੋਂ ਬਾਅਦ ਫੜਨਵੀਸ (49) ਨੇ ਅੱਜ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੂੰ ਆਪਣਾ ਅਸਤੀਫ਼ਾ ਸੌਂਪਿਆ। ਰਾਜਪਾਲ ਨੇ ਅਸਤੀਫ਼ਾ ਪ੍ਰਵਾਨ ਕਰ ਲਿਆ ਹੈ ਤੇ ਬਦਲਵੇਂ ਪ੍ਰਬੰਧ ਹੋਣ ਤੱਕ ਉਨ੍ਹਾਂ ਨੂੰ ਆਰਜ਼ੀ ਤੌਰ ’ਤੇ ਅਹੁਦੇ ਉੱਤੇ ਬਣੇ ਰਹਿਣ ਲਈ ਕਿਹਾ ਹੈ। ਦੱਸਣਯੋਗ ਹੈ ਕਿ ਮਹਾਰਾਸ਼ਟਰ ਵਿਚ ਵਿਧਾਨ ਸਭਾ ਚੋਣਾਂ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਗਏ ਸਨ। ਫੜਨਵੀਸ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਦਲਵਾਂ ਪ੍ਰਬੰਧ ਕੁਝ ਵੀ ਹੋ ਸਕਦਾ ਹੈ, ਇਹ ਨਵੀਂ ਸਰਕਾਰ ਵੀ ਹੋ ਸਕਦੀ ਹੈ ਜਾਂ ਰਾਸ਼ਟਰਪਤੀ ਰਾਜ ਵੀ ਲੱਗ ਸਕਦਾ ਹੈ।
ਫੜਨਵੀਸ ਨੇ ਸਰਕਾਰ ਕਾਇਮ ਕਰਨ ਵਿਚ ਦੇਰੀ ਦਾ ਭਾਂਡਾ ਗੱਠਜੋੜ ਸਹਿਯੋਗੀ ਸ਼ਿਵ ਸੈਨਾ ਸਿਰ ਭੰਨ੍ਹਿਆ। ਸੈਨਾ ਦੇ ਦਾਅਵੇ ਨੂੰ ਖ਼ਾਰਜ ਕਰਦਿਆਂ ਫੜਨਵੀਸ ਨੇ ਕਿਹਾ ਕਿ ‘ਉਨ੍ਹਾਂ ਦੀ ਹਾਜ਼ਰੀ ਵਿਚ’ ਮੁੱਖ ਮੰਤਰੀ ਦਾ ਅਹੁਦਾ ਦੋਵਾਂ ਪਾਰਟੀਆਂ ਵੱਲੋਂ ਸਾਂਝਾ ਕਰਨ ਬਾਰੇ ਕੋਈ ਗੱਲਬਾਤ ਨਹੀਂ ਹੋਈ। ਇਸ ਮੁੱਦੇ ’ਤੇ ਕੋਈ ਫ਼ੈਸਲਾ ਨਹੀਂ ਹੋਇਆ ਸੀ ਤੇ ਪਾਰਟੀ ਆਗੂ ਤੇ ਮੰਤਰੀ ਅਮਿਤ ਸ਼ਾਹ ਤੇ ਨਿਤਿਨ ਗਡਕਰੀ ਵੀ ਇਹ ਸਪੱਸ਼ਟ ਕਰ ਚੁੱਕੇ ਹਨ। ਜ਼ਿਕਰਯੋਗ ਹੈ ਕਿ ਸ਼ਿਵ ਸੈਨਾ ਨੇ ਕਿਹਾ ਸੀ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੋਵਾਂ ਸਹਿਯੋਗੀਆਂ (ਭਾਜਪਾ ਤੇ ਸ਼ਿਵ ਸੈਨਾ) ਵਿਚਾਲੇ ਮੁੱਖ ਮੰਤਰੀ ਦਾ ਅਹੁਦਾ ਢਾਈ-ਢਾਈ ਸਾਲ ਰੱਖਣ ਬਾਰੇ ਸਹਿਮਤੀ ਬਣੀ ਸੀ। ਫੜਨਵੀਸ ਨੇ ਕਿਹਾ ਕਿ ਉਨ੍ਹਾਂ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨਾਲ ਗੱਲ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ‘ਉਨ੍ਹਾਂ ਫੋਨ ਨਹੀਂ ਚੁੱਕਿਆ।’ ਫੜਨਵੀਸ ਨੇ ਸ਼ਿਵ ਸੈਨਾ ਦੀ ਵਿਰੋਧੀ ਧਿਰਾਂ- ਕਾਂਗਰਸ ਤੇ ਐੱਨਸੀਪੀ ਨਾਲ ਰਾਬਤਾ ਕਰਨ ਦੀ ‘ਨੀਤੀ’ ਨੂੰ ਗਲਤ ਦੱਸਿਆ। ਦੇਵੇਂਦਰ ਫੜਨਵੀਸ ਨੇ ਕਿਹਾ ਕਿ ਜਿਸ ਦਿਨ ਨਤੀਜੇ ਆਏ ਤਾਂ ਊਧਵ ਠਾਕਰੇ ਨੇ ਕਿਹਾ ਕਿ ਸਰਕਾਰ ਕਾਇਮ ਕਰਨ ਲਈ ਸਾਰੇ ਬਦਲ ਖੁੱਲ੍ਹੇ ਹਨ ਜਦਕਿ ਲੋਕਾਂ ਨੇ ਫ਼ਤਵਾ ਗੱਠਜੋੜ ਦੇ ਹੱਕ ਵਿਚ ਦਿੱਤਾ ਸੀ।

Previous articleਵਿਤਕਰੇ ਤੇ ਹਿੰਸਾ ਵਾਲਾ ਨਿਜ਼ਾਮ ਰੱਦ ਕਰਨ ਦੀ ਲੋੜ: ਮਨਮੋਹਨ ਸਿੰਘ
Next articleਗਾਂਧੀ ਪਰਿਵਾਰ ਤੋਂ ਐੱਸਪੀਜੀ ਸੁਰੱਖਿਆ ਵਾਪਸ ਲਈ