(ਸਮਾਜ ਵੀਕਲੀ)
ਦੇਸ ਮੇਰੇ ਦੇ ਜੰਤਰ ਤੰਤਰ, ਜਨਤਾ ਕੁੱਟ ਮਧੋਲ ਰਹੇ
ਟੀ ਵੀ ਤੇ ਅਖਬਾਰ ਘਨੇੜੇ, ਹਾਕਿਮ ਦੇ ਚੜੵ ਬੋਲ ਰਹੇ
ੳੁੱਲੂ ਕਰਨ ਨਿਅਾਂ ਘੋਗੜ ੲਿੱਲ ਗਵਾਹ ਰੋਦਾਂ ਹੈ ਅਾਦਮ
ਕੁਰਸੀ ੳੁੱਤੇ ਭੌਕਣ ਕੁੱਤੇ , ਮੌਤ- ਬੁਢਾਪੇ ਰੋਲ਼ ਰਹੇ
ਮਰਦੀ ਜਨਤਾ ਤਾਂ ਮਰਨ ਦਿਓ, ਚੀਕੇ ਜੋ ਗਲ ਨੱਪ ਦਿਓ
ਸ਼ਾਹੀ ਦਾਵਤ ਨਾਲ਼ ਰਖੇਲ਼ਾਂ, ਜਾਮਾਂ ਨਾਲ਼ ਚੰਡੋਲ ਰਹੇ
ਸੱਚ ਚੜਾਵੋ ਫਾਂਸੀ ਜੋ ਵੀ, ਹੁਕਮ ਅਦੂਲੀ ਕਰਦਾ ੲੇ
ਸੀਸ ਸਿਰਾਂ ਦੀ ਪਹਿਚਾਣ ਲੲੀ , ਜਾਬਰ ਪਿੰਡ ਫਰੋਲ ਰਹੇ
ਸ਼ੇਰ ਸਲਾਖਾਂ ਅੰਦਰ ਤਾੜੇ, ਜੰਗਲ ਦੇ ਰਖਵਾਲੇ ਨੇ
ਨੰਗੇ ਹੋ ਹੋ ਬੂਕ ਰਹੇ, ਕਰ ਗਿੱਦੜ ਝੁੰਡ ਕਲੋਲ ਰਹੇ
ਕੌਣ ਬਗ਼ਾਵਤ ਹੱਕਾਂ ਖਾਤਿਰ, ਕੌਣ ਕਰੂ ਅਗਵਾਈ ਹੁਣ
ਕਾਵਾਂ ਦੇ ਟੋਲੇ ਗਿਰਝਾਂ ਦੇ, ਉਡ ਦਸਤਾਰਾਂ ਟੋਲ ਰਹੇ
ਧੱਕੇਸ਼ਾਹੀ ਕੁੱਟ-ਕੁਟਾਪਾ, ਹੜਦੰਬ ਮਚਾੳੁਂਦੇ ਨੇਤਾ
ਮਜੵਬਾਂ ਦੇ ਨਾਂ ਮਾਸੂਮਾਂ ਦੀ, ਕਾਫਿਰ ਰੱਤ ਨੂੰ ਡੋਲ ਰਹੇ
ਹੁਣ ਵੈਦ ਨਹੀਂ ਆਖ ਕਸਾਈ, ਪੋਟਾ ਪੋਟਾ ਕੱਢ ਲੈਂਦੇ
ਕਾਤਲ ਨੇ ਪ੍ਰਮਾਣਿਤ ਬਚਿਓ, ਮਾਸ ਮਰੇ ਦਾ ਤੋਲ ਰਹੇ
ਖੀਸੇ ਕਰਦੇ ਖਾਲ਼ੀ ਲਾ ਕੇ, ਦੋ ਟੀਕੇ ਬਸ ਡਾਕਟਰ ਵੀ
ਲਾਸ਼ ਬਣਾ ਕੇ ਤੋਰਨ ਘਰ ਨੂੰ, ਜਾਂਦੇ ਜੇਬ ਟਟੋਲ ਰਹੇ
ਤਲਵਾਰ ਉਠਾਈ ਤਖਤਾਂ ਨੇ, ਆਵਾਜ਼ ਦਬਾਉਣ ਲਈ ਜਦ
ਜੂਝ ਗਏ ਸੂਰੇ ਰਣ ਤੱਤੇ , ਲੜਦੇ ਚਿੱਤ ਅਡੋਲ ਰਹੇ
ਗੀਤ ਲਿਖੇ ਇਸ਼ਕ ਹੁਸਨ ਤੇ, ਦਿਲ ਦੇ ਦਰਦ ਬਿਆਨੇ ਨੇ
ਕਰਜ ਉਤਾਰੀਂ ਸਿਰ ਤੋਂ ਬਾਲੀ, ਹੁਣ ਨਾ ਕੋਈ ਓਹਲ ਰਹੇ
ਬਲਜਿੰਦਰ ਸਿੰਘ “ਬਾਲੀ ਰੇਤਗੜੵ “
9465129168