ਜੈਪੁਰ (ਸਮਾਜ ਵੀਕਲੀ) : ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਅਗਵਾਈ ਹੇਠ ਪ੍ਰਦੇਸ਼ ਕੈਬਨਿਟ ਨੇ ਵਿਧਾਨ ਸਭਾ ਦਾ ਇਜਲਾਸ 31 ਜੁਲਾਈ ਨੂੰ ਸੱਦਣ ਦੀ ਨਵੀਂ ਤਜਵੀਜ਼ ਰਾਜਸਥਾਨ ਦੇ ਰਾਜਪਾਲ ਨੂੰ ਭੇਜੀ ਹੈ। ਰਾਜ ਭਵਨ ਦੇ ਸੂਤਰਾਂ ਨੇ ਕਿਹਾ ਕਿ ਗਹਿਲੋਤ ਕੈਬਨਿਟ ਨੇ ਸੂਬੇ ’ਚ ਕਰੋਨਾਵਾਇਰਸ ਦੇ ਹਾਲਾਤ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਵਿਧਾਨ ਸਭਾ ਇਜਲਾਸ ਸੱਦਣ ਦੀ ਬੇਨਤੀ ਕੀਤੀ ਹੈ। ਸੂਤਰਾਂ ਨੇ ਕਿਹਾ ਕਿ ਸਰਕਾਰ ਵਿਧਾਨ ਸਭਾ ’ਚ ਕੁਝ ਬਿੱਲ ਵੀ ਲਿਆਉਣਾ ਚਾਹੁੰਦੀ ਹੈ।
ਇਸ ਦੌਰਾਨ ਰਾਜਸਥਾਨ ਕਾਂਗਰਸ ਨੇ ਸੋਮਵਾਰ ਨੂੰ ਰਾਜ ਭਵਨ ਮੂਹਰੇ ਕੀਤੇ ਜਾਣ ਵਾਲੇ ਪ੍ਰਦਰਸ਼ਨ ਨੂੰ ਵਾਪਸ ਲੈ ਲਿਆ ਹੈ। ਉਂਜ ਪਾਰਟੀ ਵੱਲੋਂ ‘ਲੋਕਤੰਤਰ ਬਚਾਓ-ਸੰਵਿਧਾਨ ਬਚਾਓ’ ਮੁਹਿੰਮ ਤਹਿਤ ਕੱਲ ਦੇਸ਼ ਭਰ ਦੇ ਰਾਜ ਭਵਨਾਂ ਅੱਗੇ ਪ੍ਰਦਰਸ਼ਨ ਕੀਤੇ ਜਾਣਗੇ। ਰਾਜਸਥਾਨ ਕਾਂਗਰਸ ਦੇ ਪ੍ਰਧਾਨ ਗੋਵਿੰਦ ਸਿੰਘ ਦੋਤਸਾਰਾ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਰਾਜਸਥਾਨ ’ਚ ਰਾਜ ਭਵਨ ਅੱਗੇ ਕੋਈ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪ੍ਰਦੇਸ਼ ਕੈਬਨਿਟ ਨੇ ਰਾਜਪਾਲ ਨੂੰ ਸੋਧਿਆ ਹੋਇਆ ਨੋਟ ਭੇਜ ਦਿੱਤਾ ਹੈ ਅਤੇ ਆਸ ਹੈ ਕਿ ਉਹ ਵਿਧਾਨ ਸਭਾ ਇਜਲਾਸ ਛੇਤੀ ਸੱਦਣ ਨੂੰ ਪ੍ਰਵਾਨਗੀ ਦੇਣਗੇ।
ਇਸੇ ਦੌਰਾਨ ਕਾਂਗਰਸ ਨੇ ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰਾ ’ਤੇ ਦੋਸ਼ ਲਾਇਆ ਹੈ ਕਿ ਉਹ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਵਿਧਾਨ ਸਭਾ ਦਾ ਇਜਲਾਸ ਨਹੀਂ ਸੱਦ ਰਹੇ ਹਨ। ਕਾਂਗਰਸ ਤਰਜਮਾਨ ਅਭਿਸ਼ੇਕ ਸਿੰਘਵੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਿਧਾਨ ਸਭਾ ’ਚ ਬਹੁਮੱਤ ਸਾਬਿਤ ਕਰਨਾ ਚਾਹੁੰਦੀ ਹੈ ਪਰ ਰਾਜਪਾਲ ਕੇਂਦਰ ਦੀ ਸ਼ਹਿ ’ਤੇ ਇਜਲਾਸ ਨਾ ਸੱਦ ਕੇ ਭਰੋਸਗੀ ਦੇ ਵੋਟ ’ਚ ਦੇਰੀ ਕਰ ਰਿਹਾ ਹੈ। ਉਨ੍ਹਾਂ ਵਰਚੁਅਲ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਖਿਆਲੀ ਅਤੇ ਮਨਘੜਤ ਸਵਾਲ ਦਾਗ ਕੇ ਰਾਜਪਾਲ ‘ਲੋਕਤੰਤਰ ਦੀ ਤਬਾਹੀ’ ਦਾ ਮੁੱਢ ਬੰਨ੍ਹ ਰਹੇ ਹਨ।
ਰਾਜਸਥਾਨ ਹਾਈ ਕੋਰਟ ਵੱਲੋਂ ਸੁਣਾਏ ਗਏ ਫ਼ੈਸਲੇ ਨੂੰ ਕਾਂਗਰਸ ਵੱਲੋਂ ਚੁਣੌਤੀ ਦੇਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਇਹ ਜੰਗ ਅਦਾਲਤ ਦੇ ਕਮਰੇ ਦੀ ਨਹੀਂ ਹੈ ਸਗੋਂ ਵਿਧਾਨ ਸਭਾ ਦੀ ਹੈ ਜਿਥੇ ਸਾਬਿਤ ਹੋਣਾ ਹੈ ਕਿ ਕਿਸ ਕੋਲ ਸਭ ਤੋਂ ਜ਼ਿਆਦਾ ਵਿਧਾਇਕ ਹਨ। ਪ੍ਰਧਾਨ ਮੰਤਰੀ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਜਿਹੜੇ ਹੋਰਾਂ ਲਈ ‘ਮੌਨੀ ਬਾਬਾ’ ਦੇ ਸ਼ਬਦ ਵਰਤਦੇ ਸਨ, ਉਹ ਹੁਣ ਖੁਦ ਖਾਮੋਸ਼ ਕਿਉਂ ਬੈਠੇ ਹਨ।